ਜਲੰਧਰ, 6 ਮਈ (ਦਾ ਮਿਰਰ ਪੰਜਾਬ) -ਬਹੁਜਨ ਸਮਾਜ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸਰਦਾਰ ਜਸਬੀਰ ਸਿੰਘ ਗੜ੍ਹੀ ਨੇ ਅੱਜ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਮਨਸੂਬਿਆਂ ਤੋਂ ਚੌਕਸ ਰਹੇ ਜੋ ਬਹੁਜਨ ਕਮੇਟੀਆਂ ਬਣਾਉਣ ਦੇ ਨਾਂ ’ਤੇ ਉਹਨਾਂ ਨੂੰ ਵੰਡਣਾ ਚਾਹੁੰਦੀ ਹੈ ਜਦੋਂ ਕਿ ਇਸਨੇ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਤੇ ਬਾਬੂ ਕਾਂਸ਼ੀ ਰਾਮ ਦਾ ਹਮੇਸ਼ਾ ਵਿਰੋਧ ਕੀਤਾ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਡਾ. ਅੰਬੇਡਕਰ ਦਾ ਲਗਾਤਾਰ ਵਿਰੋਧ ਕੀਤਾ ਤੇ ਇਸਨੇ ਅਨੁਸੂਚਿਤ ਜਾਤੀਆਂ ਨੂੰ ਕੋਈ ਵੀ ਵਿਸ਼ੇਸ਼ ਸਹੂਲਤਾਂ ਦੇਣ ਦਾ ਵਿਰੋਧ ਕੀਤਾ ਜਿਸ ਵਾਸਤੇ ਡਾ. ਅੰਬੇਡਕਰ ਸਾਰੀ ਉਮਰ ਲੜਦੇ ਰਹੇ। ਸਰਦਾਰ ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ 1946 ਵਿਚ ਖੁੱਲ੍ਹੇਆਮ ਕਿਹਾ ਸੀ ਕਿ ਉਹ ਬਾਬਾ ਸਾਹਿਬ ਨੂੰ ਭਾਰਤ ਵਿਚ ਕਿਤੋਂ ਵੀ ਜਿੱਤਣ ਨਹੀਂ ਦੇਵੇਗੀ ਜਿਸ ਕਾਰਨ ਬਾਬਾ ਸਾਹਿਬ ਨੂੰ ਬੰਗਾਲ ਤੋਂ ਚੋਣ ਲੜਨੀ ਪਈ ਜੋ ਉਹ ਜਿੱਤੇ ਵੀ। ਉਹਨਾਂ ਕਿਹਾ ਕਿ ਇਸ ਮਗਰੋਂ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਦੇ ਨਿੱਜੀ ਸਹਾਇਕ ਨੂੰ ਉਹਨਾਂ ਖਿਲਾਫ ਲੜਵਾ ਦਿੱਤਾ ਤੇ ਮਹਾਨ ਆਗੂ ਦੀ ਹਾਰ ਯਕੀਨੀ ਬਣਾਈ।
ਸਰਦਾਰ ਗੜ੍ਹੀ ਨੇ ਕਿਹਾ ਕਿ ਇਸੇ ਤਰੀਕੇ ਜਦੋਂ ਬਾਬੂ ਕਾਂਸ਼ੀ ਰਾਮ ਦਾ 2006 ਵਿਚ ਦਿਹਾਂਤ ਹੋਇਆ ਤਾਂ ਉਸ ਵੇਲੇ ਕੇਂਦਰ ਤੇ ਰਾਜ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸੀ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਕਾਂਗਰਸ ਪਾਰਟੀ ਨੇ ਮਹਾਨ ਆਤਮਾ ਵਾਸਤੇ ਇਕ ਦਿਨ ਦੇ ਸੋਗ ਦਾ ਵੀ ਐਲਾਨ ਨਹੀਂ ਕੀਤਾ।
ਕਾਂਗਰਸ ਪਾਰਟੀ ਦੇ ਦੋਗਲੇਪਣ ਦੀ ਗੱਲ ਕਰਦਿਆਂ ਸਰਦਾਰ ਗੜ੍ਹੀ ਨੇ ਕਿਹਾ ਕਿ 2022 ਵਿਚ ਪਾਰਟੀ ਦੀ ਹਾਰ ਤੋਂ ਬਾਅਦ ਇਸਦੇ ਸਾਬਕਾ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਇਹ ਕਹਿ ਕੇ ਦਲਿਤਾਂ ਦਾ ਅਪਮਾਨ ਕੀਤਾ ਕਿ ਇਸ ਭਾਈਚਾਰੇ ਦੇ ਮੈਂਬਰ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਬੈਠਣ ਦੇ ਲਾਇਕ ਨਹੀਂ ਹਨ। ਉਹਨਾਂ ਕਿਹਾ ਕਿ ਇਸੇ ਕਾਂਗਰਸ ਪਾਰਟੀ ਵੱਲੋਂ ਦਲਿਤਾਂ ਨੂੰ ਆਕਰਸ਼ਤ ਕਰਨ ਲਈ ਨਾ ਸਿਰਫ ਬਹੁਜਨ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਬਲਕਿ ਇਹ ਦਲਿਤਾਂ ਦੇ ਵਿਰੋਧ ਤੋਂ ਡਰ ਰਹੀ ਹੈ। ਉਹਨਾਂ ਕਿਹਾ ਕਿ ਉਹ ਦਲਿਤਾਂ ਨੂੰ ਚੌਕਸ ਕਰਨਾ ਚਾਹੁੰਦੇ ਹਨ ਕਿ ਉਹ ਇਸ ਜਾਲ ਵਿਚ ਨਾ ਫਸਣ। ਉਹਨਾਂ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਇਹ ਆਖ ਰਹੀ ਹੈ ਕਿ ਇਹ ਚੋਣ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਲੜੀ ਜਾ ਰਹੀ ਹੈ ਤੇ ਬਸਪਾ ਦੇ ਚੋਣ ਨਿਸ਼ਾਨ ’ਤੇ ਨਹੀਂ ਲੜੀ ਜਾ ਰਹੀ। ਉਹਨਾਂ ਕਿਹਾ ਕਿ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਅਕਾਲੀ ਦਲ ਤੇ ਬਸਪਾ ਦਾ ਗਠਜੋੜ ਸਿਰਫ ਇਸ ਚੋਣ ਵਾਸਤੇ ਹੀ ਨਹੀਂ ਬਲਕਿ ਭਵਿੱਖ ਵਾਸਤੇ ਵੀ ਹੈ।
ਬਸਪਾ ਪੰਜਾਬ ਦੇ ਆਗੂ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਦਲਿਤ ਵਿਰੋਧੀ ਰਵੱਈਏ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਆਪ ਸਰਕਾਰ ਨੇ 178 ਲਾਅ ਅਫਸਰਾਂ ਦੀ ਨਿਯੁਕਤੀ ਵੇਲੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਅਣਡਿੱਠ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਆਪ ਅਦਾਲਤ ਵਿਚ ਮੰਨਿਆ ਹੈ ਕਿ ਇਸਨੇ ਐਸ ਸੀ ਉਮੀਦਵਾਰਾਂ ਲਈ ਰਾਖਵਾਂਕਰਨ ਇਯ ਕਰ ਕੇ ਨਹੀਂ ਦਿੱਤਾ ਕਿਉਂਕਿ ਇਸ ਵਰਗ ਦੇ ਉਮੀਦਵਾਰਾਂ ਵਿਚ ਇਸ ਕੰਮ ਦੀ ਮਾਨਸਿਕ ਯੋਗਤਾ ਨਹੀਂ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਵੀ ਅੱਧੀ ਕਰ ਦਿੱਤੀ ਤੇ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮਾਮਲੇ ਵਿਚ ਐਸ ਸੀ ਬੱਚਿਆਂ ਨਾਲ ਵੀ ਵਿਤਕਰਾ ਕਰ ਰਹੀ ਹੈ।





