ਜਲੰਧਰ, (ਦਾ ਮਿਰਰ ਪੰਜਾਬ) – ਗੁਰਦੁਆਰਾ ਸ਼੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹੀ ਤੀਸਰੀ ਏਕਤਾ ਵਿਹਾਰ (ਕੁੱਕੀ ਢਾਬ) ਇਲਾਕੇ ਦੀ ਸੰਗਤ ਨੇ ਇਕ ਪੱਤਰਕਾਰ ਸੰਮੇਲਨ ਕਰਕੇ, ਜੱਥੇਦਾਰ ਜਗਜੀਤ ਸਿੰਘ ਗਾਬਾ ਦੀ ਪ੍ਰਧਾਨਗੀ ‘ਚ ਪੂਰਨ ਭਰੋਸਾ ਪ੍ਰਗਟ ਕੀਤਾ ਹੈ | ਸੰਗਤ ‘ਚ ਸ਼ਾਮਲ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਪ੍ਰੀਤ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਸਿਮਰਜੀਤ ਕੌਰ, ਨਰਿੰਦਰ ਕੌਰ, ਪਰਮਿੰਦਰ ਕੌਰ, ਸੁਰਿੰਦਰ ਸਿੰਘ, ਜੋਗਿੰਦਰ ਸਿੰਘ, ਗੁਰਬਚਨ ਸਿੰਘ, ਜਸਪਾਲ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਆਪਣੇ-ਆਪ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਦੱਸ ਰਹੇ ਹਰਜਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ‘ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਸਨ, ਜਿਸ ਤੋਂ ਬਾਅਦ ਮਾਮਲਾ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਪਹੁੰਚਾਇਆ ਗਿਆ ਸੀ | ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਮਾਮਲੇ ਦੇ ਸੁਲਝਣ ਤੱਕ ਜੱਥੇਦਾਰ ਗਾਬਾ ਨੂੰ ਪ੍ਰਧਾਨ ਬਣਾਇਆ ਗਿਆ ਹੈ, ਪਰ ਇਸ ਤੋਂ ਬਾਅਦ ਹਰਜਿੰਦਰ ਸਿੰਘ ਵਲੋਂ ਕਈ ਤਰ੍ਹਾਂ ਦੀਆਂ ਵੀਡੀਓਜ਼ ਬਣਾ ਕੇ ਵਾਇਰਲ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ‘ਚ ਸੰਗਤ ਦੇ ਖ਼ਿਲਾਫ਼ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ | ਇਲਾਕੇ ਦੀ ਸੰਗਤ ਨੇ ਇਸ ਸਬੰਧੀ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਉਹ ਸਾਰੇ ਮਾਮਲੇ ਦੀ ਜਾਂਚ ਕਰਕੇ, ਝੂਠਾ ਪ੍ਰਚਾਰ ਕਰਕੇ ਸੰਗਤ ਨੂੰ ਬਦਨਾਮ ਕਰਨ ਵਾਲੇ ਅਤੇ ਵੀਡੀਓ ਵਾਇਰਲ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਵਰਨਣਯੋਗ ਹੈ ਕਿ ਹਰਜਿੰਦਰ ਸਿੰਘ ਵਲੋਂ ਕੁਝ ਦਿਨ ਪਹਿਲਾਂ ਸਿੱਖ ਜੱਥੇਬੰਦੀਆਂ ਨਾਲ ਮਿਲ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ‘ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਸੀ, ਜਿਸ ਕਰਕੇ ਅੱਜ ਗੁਰਦੁਆਰਾ ਸਾਹਿਬ ਦੀ ਸੰਗਤ ਵਲੋਂ ਆਪਣਾ ਪੱਖ ਰੱਖਿਆ ਗਿਆ ਹੈ |ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਸਬੰਧੀ ਚੱਲ ਰਹੇ ਵਿਵਾਦ ਨੂੰ ਸ਼ਾਂਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਨੌਵੀਂ ਪਾਤਸ਼ਾਹੀ, ਗੁਰੂ ਤੇਗ ਬਹਾਦੁਰ ਨਗਰ, ਜਲੰਧਰ ਦੇ ਪ੍ਰਧਾਨ ਜੱਥੇਦਾਰ ਜਗਜੀਤ ਸਿੰਘ ਗਾਬਾ ਨੂੰ ਅਗਲੀ ਪ੍ਰਬੰਧਕ ਕਮੇਟੀ ਦੀ ਚੋਣ ਤੱਕ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ |





