ਦੀਪਕ ਠਾਕੁਰ
ਤਲਵਾਡ਼ਾ, 22 ਜੁਲਾਈ-ਕੰਢੀ ਖ਼ੇਤਰ ’ਚ ਪਏ ਮੋਹਲੇਧਾਰ ਮੀਂਹ ਕਾਰਨ ਨੀਮ ਪਹਾਡ਼ੀ ਇਲਾਕਾ ਜਲ ਥਲ ਹੋ ਗਿਆ, ਖੱਡਾਂ ’ਚ ਹਡ਼੍ਹ ਆਉਣ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੂੰ ਦਫ਼ਤਰ ਤੇ ਸਕੂਲ ਕਾਲਜ ਜਾਣ ਅਤੇ ਆਉਣ ਵੇਲ਼ੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਿੰਡ ਸਧਾਣੀ ਦਾ ਇੱਕ ਮਾਤਰ ਸੰਪਰਕ ਮਾਰਗ ਪਾਣੀ ’ਚ ਰੁਡ਼੍ਹ ਗਿਆ ਹੈ।
ਖ਼ੇਤਰ ’ਚ ਅੱਜ ਸਵੇਰ ਤੋਂ ਪਏ ਲਗਾਤਾਰ ਤੇਜ਼ ਮੀਂਹ ਕਾਰਨ ਹੇਠਲਿਆਂ ਇਲਾਕਿਆਂ ’ਚ ਪਾਣੀ ਭਰ ਗਿਆ। ਨੀਮ ਪਹਾਡ਼ੀ ਪਿੰਡਾਂ ਦੀਆਂਜ਼ਿਆਦਾਤਰ ਖੱਡਾਂ ਚਡ਼੍ਹੀਆਂ ਰਹੀਆਂ। ਤਲਵਾਡ਼ਾ – ਦੌਲਤਪੁਰ ਮੁਖ ਸਡ਼ਕ ਮਾਰਗ ’ਤੇ ਪੈਂਦੇ ਬਰਿੰਗਲੀ, ਅਮਰੋਹ, ਨੰਗਲ ਖਨੌਡ਼ਾ, ਰਾਮਗਡ਼੍ਹ ਸੀਕਰੀ, ਸਧਾਣੀ ਆਦਿ ਪਿੰਡਾਂ ਦੀਆਂ ਖੱਡਾਂ ’ਚ ਹਡ਼੍ਹ ਆਏ। ਨੀਮ ਪਹਾਡ਼ੀ ਕਸਬਾ ਕਮਾਹੀ ਦੇਵੀ ਦੀਆਂ ਖੱਡਾਂ ਵੀ ਊਫ਼ਾਨ ’ਤੇ ਸਨ। ਕਮਾਹੀ ਦੇਵੀ – ਸੰਸਾਰਪੁਰ ਮਾਰਗ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਿਆ ਹੈ। ਲੋਕ ਨਿਰਮਾਣ ਵਿਭਾਗ ਸਰਕਲ ਦਸੂਹਾ ਦੇ ਜੇਈ ਯਾਦਵਿੰਦਰ ਸਿੰਘ ਨੇ ਦਸਿਆ ਲਗਾਤਾਰ ਮੀਂਹ ਪੈਣ ਕਾਰਨ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ, ਨਾ ਹੀ ਸਬੰਧਤ ਪਿੰਡ ਦੀ ਪੰਚਾਇਤ ਨੇ ਉਨ੍ਹਾਂ ਨਾਲ ਕੋਈ ਰਾਬਤਾ ਕੀਤਾ ਹੈ, ਮੀਂਹ ਬੰਦ ਹੋਣ ਉਪਰੰਤ ਮੁਲਾਜ਼ਮਾਂ ਨੂੰ ਭੇਜਿਆ ਗਿਆ ਹੈ, ਬੰਦ ਹੋਣ ਦੀ ਸੂਰਤ ’ਚ ਤੁਰੰਤ ਰਸਤਾ ਖੋਲ੍ਹਣ ਦੇ ਯਤਨ ਕੀਤੇ ਜਾਣਗੇ।
ਉਧਰ ਬਲਾਕ ਤਲਵਾਡ਼ਾ ਦੇ ਸਰਹੱਦੀ ਪਿੰਡ ਸਧਾਣੀ ਦਾ ਇੱਕ ਮਾਤਰ ਸੰਪਰਕ ਮਾਰਗ ਹਡ਼੍ਹ ’ਚ ਰੁਡ਼੍ਹ ਗਿਆ ਹੈ। ਪਿੰਡ ਦੀ ਮਹਿਲਾ ਸਰਪੰਚ ਮਹਿਮਾ ਦੇਵੀ ਨੇ ਦੱਸਿਆ ਕਿ ਅੱਜ ਪਏ ਮੋਹਲੇਧਾਰ ਮੀਂਹ ਕਾਰਨ ਆਏ ਹਡ਼੍ਹ ’ਚ ਪਿੰਡ ਨੂੰ ਪੰਜਾਬ ਨਾਲ ਜੋਡ਼ਨ ਵਾਲਾ ਇੱਕ ਮਾਤਰ ਸੰਪਰਕ ਮਾਰਗ ਰੁਡ਼੍ਹ ਗਿਆ ਹੈ।
ਸਵਾਂ ਦਰਿਆ ’ਚ ਕਈ ਸਾਲਾਂ ਮਗਰੋਂ ਆਏ ਭਾਰੀ ਮਾਤਰਾ ’ਚ ਪਾਣੀ ਕਾਰਨ ਕਈ ਅਵਾਰਾ ਪਸ਼ੂ ਹਡ਼੍ਹ ’ਚ ਫਸ ਗਏ ਸਨ, ਜਿੰਨ੍ਹਾਂ ਨੂੰ ਸਥਾਨਕ ਬੀਬੀਐਮਬੀ ਫਾਈਰ ਸਰਵਿਸ ਨੇ ਹਿਮਾਚਲ ਪ੍ਰਦੇਸ਼ ਦੀ ਵਾਟਰ ਸਪੋਰਟਸ ਟੀਮ ਨਾਲ ਸੰਯੁਕਤ ਰੂਪ ’ਚ ਰੈਸਕੂ ਆਪ੍ਰੇਸ਼ਨ ਚਲਾ ਕੇ ਬਾਹਰ ਕੱਢਿਆ।





