*ਸੱਜਣ ਕੁਮਾਰ ਵਿਰੁੱਧ ਜਨਕਪੁਰੀ ਤੇ ਵਿਕਾਸਪੁਰੀ ਮਾਮਲੇ ‘ਚ ਚੱਲ ਰਹੇ ਕੇਸ ‘ਚੋਂ ਧਾਰਾ 302 ਨੂੰ ਹਟਾਉਣਾ ਮੰਦਭਾਗਾ—– ਭੱਟੀ ਫਰਾਂਸ*

Uncategorized
Spread the love

ਪੈਰਿਸ 28 ਅਗਸਤ ( ਪੱਤਰ ਪ੍ਰੇਰਕ ) ਫਰਾਂਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ –ਡਾਨ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੌਮੀ ਰਾਜਧਾਨੀ ਦਿੱਲੀ ਅੰਦਰ 1984 ਦੌਰਾਨ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਵਿਰੁੱਧ ਜਨਕਪੁਰੀ ਤੇ ਵਿਕਾਸਪੁਰੀ ਮਾਮਲੇ ਵਿਚ ਚੱਲ ਰਹੇ ਕੇਸ ‘ਚੋਂ 302 ਧਾਰਾ ਹਟਾਉਣੀ ਮੰਦਭਾਗੀ ਗੱਲ ਹੈ ।ਉਨ੍ਹਾਂ ਕਿਹਾ ਕਿ ਪਿਛਲੇ 38 ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਹੇ ਕਤਲੇਆਮ ਪੀੜਤਾਂ ਨੂੰ ਇਸ ਨਾਲ ਮਾਨਸਿਕ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ 1984 ਦਾ ਸਿੱਖ ਕਤਲੇਆਮ ਮਨੁੱਖੀ ਇਤਿਹਾਸ ਵਿੱਚ ਮਾਨਵ ਵਿਰੋਧੀ ਕਰੂਰ ਕਾਰੇ ਦੀ ਸਿਖਰ ਵਜੋਂ ਅੰਕਿਤ ਹੈ, ਜਿਸ ਦੇ ਪੀੜਤ ਕਰੀਬ 4 ਦਹਾਕਿਆਂ ਤੋਂ ਇਨਸਾਫ਼ ਲਈ ਸੰਘਰਸ਼ ਕਰ ਰਹੇ ਹਨ, ਪਰੰਤੂ ਦੁੱਖ ਦੀ ਗੱਲ ਹੈ ਕਿ ਪੀੜਤਾਂ ਨੂੰ ਨਿਆ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਸੱਜਣ ਕੁਮਾਰ ਸਾਫ਼ ਤੌਰ ‘ਤੇ ਦਿੱਲੀ ਸਿੱਖ ਕਤੇਲਆਮ ਦਾ ਦੋਸ਼ੀ ਹੈ, ਜੋ ਪਹਿਲਾਂ ਹੀ ਇੱਕ ਕੇਸ ਵਿਚ ਕੈਦ ਕੱਟ ਰਿਹਾ ਹੈ। ਭਾਵੇਂ ਕਿ ਜਨਕਪੁਰੀ ਤੇ ਵਿਕਾਸਪੁਰੀ ਮਾਮਲੇ ਵਿੱਚ ਕਈ ਧਾਰਾਵਾਂ ਤਹਿਤ ਅਦਾਲਤ ਵੱਲੋਂ ਦੋਸ਼ ਆਇਦ ਕਰਨਾ ਸਵਾਗਤਯੋਗ ਹੈ, ਪਰ ਧਾਰਾ 302 ਹਟਾਉਣੀ ਠੀਕ ਨਹੀਂ ਹੈ, ਕਿਉਂਕਿ ਇਹ ਮਾਮਲਾ ਸਿੱਖਾਂ ਦੇ ਕਤਲੇਆਮ ਨਾਲ ਜੁੜਿਆ ਹੋਇਆ ਹੈ। ਸਰਦਾਰ ਇਕਬਾਲ ਸਿੰਘ ਭੱਟੀ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਹਰ ਕੇਸ ਵਿਚ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਮਿਲ ਸਕੇ ਉਨ੍ਹਾਂ ਕਿਹਾ ਕਿਹਾ ਕਿ ਸਰਕਾਰ ਵਿਸ਼ੇਸ਼ ਜਾਂਚ ਟੀਮ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਇਸ ਦੋਸ਼ੀ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਯਤਨ ਕਰੇ ਅਤੇ ਜਨਕਪੁਰੀ ਤੇ ਵਿਕਾਸਪੁਰੀ ਕੇਸ ਦੇ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵੱਲੋਂ ਹਟਾਈ ਗਈ ਧਾਰਾ 302 ਨੂੰ ਮੁੜ ਸ਼ਾਮਲ ਕਰਵਾਉਣ ਲਈ ਕਾਰਵਾਈ ਕਰੇ।

 

Leave a Reply

Your email address will not be published. Required fields are marked *