ਪੈਰਿਸ 11 ਅਗਸਤ (ਪੱਤਰ ਪ੍ਰੇਰਕ) ਫਰਾਂਸ ਤੋਂ ਮੀਡੀਆ ਨੂੰ ਜਾਣਕਾਰੀ ਭੇਜਦੇ ਹੋਏ ਸ਼ਮਸ਼ੇਰ ਸਿੰਘ ਅਮ੍ਰਿਤਸਰ ਨੇ ਦੱਸਿਆ ਕਿ ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਵੱਲੋਂ ਜਥੇਦਾਰ ਗੁਰਦਿਆਲ ਸਿੰਘ ਖਾਲਸਾ ਅਤੇ ਉਸਦੀ ਟੀਮ ਦੇ ਸਾਥੀਆਂ ਵੱਲੋਂ 86 Rue de etoil bobigny ਵਿਖ਼ੇ ਹਰੇਕ ਸਾਲ ਲੱਗਣ ਵਾਲਾ ਇੰਟਰਨੈਸ਼ਨਲ ਗੁਰਮਤਿ ਕੈਪ ਜਿਹੜਾ ਕਿ ਬਾਰਵੇ ਦਿਨ ਵਿੱਚ ਦਾਖਲ ਹੋਣ ਉਪਰੰਤ ਸਮਾਪਤੀ ਵੱਲ ਵੱਧ ਰਿਹਾਂ ਹੈ, ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ 140 ਤੋਂ ਵੱਧ ਬੱਚੇ ਭਾਗ ਲੈ ਰਹੇ ਹਨ | ਇਸ ਗੁਰਮਤਿ ਕੈਪ ਵਿੱਚ ਬਚਿਆਂ ਨੂੰ ਸਹਿਜ ਪਾਠ, ਗੁਰਬਾਣੀ ਕੰਠ ਮੁਕਾਬਲੇ, ਦੁਮਾਲਾ ਬੰਨਣਾ, ਕੀਰਤਨ ਕਰਨਾ, ਤਬਲਾ ਅਤੇ ਹਰਮੋਨੀਅਮ ਵਜਾਉਣਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਅਤੇ ਸੁੱਖ ਆਸਨ ਕਿਵੇਂ ਕਰਨਾ ਹੈ ਦੇ ਨਾਲ ਨਾਲ ਪੰਜਾਬੀ ਲਿਖਣੀ ਪੜਨੀ ਅਤੇ ਬੋਲਣੀ ਆਦਿ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਹਨ | ਇਸ ਗੁਰਮਤਿ ਕੈਪ ਵਿੱਚ ਬਚਿਆਂ ਨੂੰ ਇਨ੍ਹਾਂ ਸਿੱਖਿਆਵਾਂ ਦੇ ਨਾਲ ਨਾਲ ਵਕਤ ਮੁਤਾਬਿਕ ਪਾਰਕਾਂ ਆਦਿ ‘ਚ ਘੁੰਮਾਇਆ ਵੀ ਜਾਂਦਾ ਹੈ ਤਾਂ ਕਿ ਬੱਚੇ ਬੋਰੀਅਤ ਮਹਿਸੂਸ ਨਾ ਕਰਨ |
ਗੁਰਮਤਿ ਕੈਪ ਦੇ ਬਾਰਵੇ ਦਿਨ ਦੀ ਖਾਸੀਅਤ ਇਹ ਰਹੀ ਕਿ ਇਸ ਏਰੀਏ ਦੀ ਮਿਊਨਿਸਪਲ ਕਮੇਟੀ ਦੇ ਮੇਅਰ ਅਬਦੁਲ ਸਾਦੀ ਅਤੇ ਉਸਦੇ ਸਹਾਇਕ ਡਿਪਟੀ ਮੇਅਰ ਸਰਦਾਰ ਰਣਜੀਤ ਸਿੰਘ ਗੋਰਾਇਆ ਉਚੇਚੇ ਤੌਰ ਤੇ ਗੁਰਮਤਿ ਕੈਪ ਵਿੱਚ ਹਾਜ਼ਰੀ ਲਗਵਾਉਣ ਅਤੇ ਕੀਰਤਨ ਸੁਣਨ ਵਾਸਤੇ ਪਹੁੰਚੇ ਹੋਏ ਸਨ | ਪ੍ਰਬੰਧਕਾਂ ਨੇ ਇਨ੍ਹਾਂ ਦੋਹਾਂ ਮਹਿਮਾਨਾ ਦਾ ਸ਼੍ਰੀ ਸਿਰੋਪਾਏ ਅਤੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਅਤੇ ਜੀਅ ਆਇਆਂ ਨੂੰ ਕਿਹਾ |





