*ਬਿਕਰਮ ਸਿੰਘ ਮਜੀਠੀਆ ਨੇ ਬਰਖ਼ਾਸਤ ਇੰਸਪੈਕਟਰ ਨਵਦੀਪ ਸਿੰਘ ’ਤੇ ਏ ਸੀ ਪੀ ਨਿਰਮਲ ਸਿੰਘ ਤੇ ਆਪ ਵਿਧਾਇਕ ਰਮਨ ਅਰੋੜਾ ਨਾਲ ਰਲ ਕੇ ਮਾਨਵਜੀਤ ਦੀ ਮ੍ਰਿਤਕ ਦੇਹ ਦਾ ਨਿਪਟਾਰਾ ਕਰਨ ਸਮੇਤ ਸਬੂਤ ਤਬਾਹ ਕਰਨ ਦੇ ਲਾਏ ਦੋਸ਼*

देश पंजाब
Spread the love

ਜਲੰਧਰ, 11 ਸਤੰਬਰ (ਦਾ ਮਿਰਰ ਪੰਜਾਬ):- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੁ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਬਰਖ਼ਾਸਤ ਇੰਸਪੈਕਟਰ ਨਵਦੀਪ ਸਿੰਘ ’ਤੇ ਦੋਸ਼ ਲਾਇਆ ਕਿ ਉਸਨੇ ਏ ਸੀ ਪੀ (ਕੇਂਦਰੀ) ਨਿਰਮਲ ਸਿੰਘ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨਾਲ ਰਲ ਕੇ ਮਾਨਵਜੀਤ ਸਿੰਘ ਢਿੱਲੋਂ ਦੀ ਲਾਸ਼ ਦਾ ਨਿਪਟਾਰਾ ਕਰਨ ਸਮੇਤ ਸਬੂਤ ਤਬਾਹ ਕਰ ਦਿੱਤੇ ਹਨ।

ਅੱਜ ਇਥੇ ਦੋਵੇਂ ਢਿੱਲੋਂ ਭਰਾਵਾਂ ਮਾਨਵ ਤੇ ਜਸ਼ਨ ਦੇ ਪਿਤਾ ਸਰਦਾਰ ਜਤਿੰਦਰਪਾਲ ਸਿੰਘ ਢਿੱਲੋਂ ਦੇ ਨਾਲ ਮਿਲ ਕੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵਦੀਪ ਗੋਇੰਦਵਾਲ ਸਾਹਿਬ ਵਿਚ ਬਿਆਸ ਦਰਿਆ ਦੇ ਕੰਢੇ ਗਏ ਗਿਆ ਸੀ ਜਿਥੇ ਮਾਨਵ ਦੀ ‌ਮ੍ਰਿਤਕ ਦੇਹ ਕੱਢੀ ਗਈ ਤੇ ਫਿਰ ਕੇਸ ਦੇ ਸਬੂਤ ਮਿਟਾਉਣ ਵਾਸਤੇ ਉਸਨੂੰ ਠਿਕਾਣੇ ਲਗਾ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਦੌਰਾਨ ਮਾਨਵ ਦਾ ਮੋਬਾਈਲ ਫੋਨ 6 ਤੋਂ 9 ਸੈਕਿੰਡ ਤੱਕ ਆਨ ਹੋਇਆ ਤੇ ਫਿਰ ਉਸਨੂੰ ਵੀ ਪੱਕੇ ਤੌਰ ’ਤੇ ਤਬਾਹ ਕਰ ਦਿੱਤਾ ਗਿਆ।

ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਭ ਕੁਝ ਏ ਸੀ ਪੀ ਨਿਰਮਲ ਸਿੰਘ ਜੋ ਅਪਰਾਧ ਵਿਚ ਨਵਦੀਪ ਦਾ ਭਾਈਵਾਲ ਸੀ ਤੇ ਜਿਸਨੂੰ ਉਸਦੀ ਸਿਫਾਰਸ਼ ’ਤੇ ਏ ਸੀ ਪੀ ਕੇਂਦਰੀ ਨਿਯੁਕਤ ਕੀਤਾ ਗਿਆ, ਨਾਲ ਰਲ ਕੇ ਕੀਤਾ ਗਿਆ। ਉਹਨਾਂ ਕਿਹਾ ਕਿ ਆਪ ਵਿਧਾਇਕ ਰਮਨ ਅਰੋੜਾ ਤੇ ਉਹਨਾਂ ਦਾ ਪੀ ਏ ਰੋਹਿਤ ਕਪੂਰ ਕੇਸ ਵਿਚ ਡੂੰਘਾਈ ਨਾਲ ਸ਼ਾਮਲ ਹਨ ਕਿਉਂਕਿ ਉਹ ਬਰਖ਼ਾਸਤ ਇੰਸਪੈਕਟਰ ਦੇ ਬਿਜ਼ਨਸ ਪਾਰਟਨਰ ਹਨ ਤੇ ਉਸਦੀਆਂ ਸਾਰੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੋਂ ਲਾਭ ਲੈਂਦੇ ਹਨ।

ਸਰਦਾਰ ਮਜੀਠੀਆ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਤਿੰਨ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਨਵਦੀਪ ਦੀ ਗੋਇੰਦਵਾਲ ਸਾਹਿਬ ਪੁਲਿਸ ਥਾਣੇ ਵਿਚ ਹਾਜ਼ਰੀ ਦੀ ਪੁਸ਼ਟੀ ਲੋੜੀਂਦੇ ਕਾਲ ਰਿਕਾਰਡ ਕੱਢਵਾ ਕੇ ਕੀਤੀ ਜਾ ਸਕਦੀ ਹੈ। ਉਹਨਾਂ ਨੇ ਬਰਖ਼ਾਸਤ ਇੰਸਪੈਕਟਰ ’ਤੇ ਉਥੇ ਸਰਕਾਰੀ ਗੱਡੀ ਵਿਚ ਨਾਲ ਕੁਝ ਪ੍ਰਾਈਵੇਟ ਵਾਹਨ ਲੈ ਕੇ ਬਿਆਸ ਦੁਆਲੇ ਗੇੜੇ ਮਾਰਨ ਦਾ ਦੋਸ਼ ਲਾਇਆ।

ਸਰਦਾਰ ਮਜੀਠੀਆ ਨੇ ਸਬੰਧਤ ਦਸਤਾਵੇਜ਼ ਵਿਖਾ ਕੇ ਦੱਸਿਆ ਕਿ ਕਿਵੇਂ ਨਵਦੀਪ, ਏ ਸੀ ਪੀ ਨਿਰਮਲ ਸਿੰਘ ਤੇ ਵਿਧਾਇਕ ਅਮਨ ਅਰੋੜਾ ਰਲੇ ਹੋਏ ਹਨ ਤੇ ਅਨੈਤਿਕ ਗਤੀਵਿਧੀਆਂ ਸਮੇਤ ਭ੍ਰਿਸ਼ਟ ਕੰਮਾਂ ਵਿਚ ਲੱਗੇ ਹਨ। ਉਹਨਾਂ ਕਿਹਾ ਕਿ ਇਹਨਾਂ ਤਿੰਨਾਂ ਵੱਲੋਂ ਹਮੇਸ਼ਾ ਇਹ ਤਰਕੀਬ ਲਗਾਈ ਜਾਂਦੀ ਹੈ ਕਿ ਸ਼ਿਕਾਇਤਕਰਤਾ ਖਿਲਾਫ 107/51 ਤਹਿਤ ਕੇਸ ਦਰਜ ਕਰ ਦਿੱਤਾ ਜਾਂਦਾ ਹੈ ਤਾਂ ਜੋ ਸ਼ਿਕਾਇਤਕਰਤਾ ਪਿੱਛੇ ਹਟਣ ਲਈ ਮਜਬੂਰ ਹੋ ਸਕੇ। ਉਹਨਾਂ ਨੇ ਇਕ ਪੱਤਰਕਾਰ ਐਸੋਸੀਏਸ਼ਨ ਵੱਲੋਂ ਇੰਸਪੈਕਟਰ ਖਿਲਾਫ ਕੀਤੀ ਸ਼ਿਕਾਇਤ ਵੀ ਵਿਖਾਈ ਤੇ ਨਵਦੀਪ ਦਾ ਪਿਛਲਾ ਰਿਕਾਰਡ ਵੀ ਦੱਸਿਆ ਤੇ ਇਹ ਵੀ ਦੱਸਿਆ ਕਿ ਉਸਨੂੰ ਇਕ ਲੇਡੀ ਪੁਲਿਸ ਅਫਸਰ ਨਾਲ ਬਦਸਲੂਕੀ ਲਈ ਸਸਪੈਂਡ ਵੀ ਕੀਤਾ ਗਿਆ, ਨੌਕਰੀ ਤੋਂ ਬਰਖ਼ਾਸਤ ਵੀ ਕੀਤਾ ਗਿਆ ਜਿਸ ਮਗਰੋਂ ਉਹ ਆਸਟਰੇਲੀਆ ਭੱਜ ਗਿਆ ਪਰ ਉਥੋਂ ਵੀ ਉਸਨੂੰ ਡਿਪੋਰਟ ਕਰ ਦਿੱਤਾ ਗਿਆ ਜਿਸ ਮਗਰੋਂ ਉਸਨੇ ਅਦਾਲਤਾਂ ਰਾਹੀਂ ਦੁਬਾਰਾ ਪੁਲਿਸ ਵਿਚ ਸ਼ਮੂਲੀਅਤ ਕਰ ਲਈ।

ਅਕਾਲੀ ਆਗੂ ਨੇ ਸ਼ਹਿਰ ਦੇ ਸੂਰਿਆ ਐਨਕਲੇਵ ਵਿਚ ਬਣੇ ਨਵਦੀਪ ਦੇ ਆਲੀਸ਼ਾਨ ਬੰਗਲੇ ਦੀਆਂ ਤਸਵੀਰਾਂ ਵੀ ਵਿਖਾਈਆਂ ਤੇ ਦੱਸਿਆ ਕਿ ਇਹ ਬੰਗਲਾ 3 ਕਰੋੜ ਰੁਪਏ ਤੋਂ ਵੱਧ ਮੁੱਲ ਦਾ ਹੈ। ਪ੍ਰੈਸ ਕਾਨਫਰੰਸ ਵਿਚ ਪੀੜਤਾਂ ਦੇ ਪਿਤਾ ਜਤਿੰਦਰਪਾਲ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹਨਾਂ ਨੂੰ ਢਿੱਲੋਂ ਪਰਿਵਾਰ ਦੀ ਤਕਲੀਫ ਮਹਿਸੂਸ ਕਿਉਂ ਨਹੀਂ ਹੁੰਦੀ ਤੇ ਉਹ ਦੁੱਖ ਸਾਂਝਾ ਕਰਨ ਵੀ ਨਹੀਂ ਪੁੱਜੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਬੀਤੇ ਕੱਲ੍ਹ ਜਲੰਧਰ ਵੀ ਆਏ ਪਰ ਸਾਡੇ ਪਰਿਵਾਰ ਨੂੰ ਨਜ਼ਰਅੰਦਾਜ਼ ਕੀਤਾ। ਉਹਨਾਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਨਵਦੀਪ ਨੂੰ ਫੜਿਆ ਕਿਉਂ ਨਹੀਂ ਜਾ ਰਿਹਾ ਤੇ ਕਿਹਾ ਕਿ ਮੁੱਖ ਮੰਤਰੀ ਨੇ ਬਿਆਸ ਦਰਿਆ ਨਾਲ ਲੱਗਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਵੀ ਨਹੀਂ ਦਿੱਤੇ ਕਿ ਉਹ ਉਹਨਾਂ ਦੇ ਪੁੱਤਰਾਂ ਨੂੰ ਲੱਭਣ ਦੇ ਯਤਨ ਆਰੰਭ ਕਰ ਦਿੰਦੇ।

ਉਹਨਾਂ ਨੇ ਅਫਸੋਸ ਪ੍ਰਗਟ ਕੀਤਾ ਕਿ ਬਰਖ਼ਾਸਤ ਇੰਸਪੈਕਟਰ ਆਮ ਆਦਮੀ ਪਾਰਟੀ ਸਰਕਾਰ ਨੂੰ ਗੁੰਮਰਾਹ ਕਰ ਰਿਹਾ ਹੈ ਤੇ ਹੁਣ ਵੀ ਸਬੂਤ ਮਿਟਾਉਣ ਵਾਸਤੇ ਸ਼ਰ੍ਹੇਆਮ ਘੁੰਮ ਰਿਹਾ ਹੈ।

ਸਰਦਾਰ ਢਿੱਲੋਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਹੁਣ ਬਹੁਤ ਹੋ ਗਿਆ। ਜੇਕਰ ਪੁਲਿਸ ਨੇ ਉਹਨਾਂ ਦੇ ਪੁੱਤਰਾਂ ਦੀ ਮੌਤ ਲਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਫਿਰ ਉਹ ਨਿਆਂ ਲੈਣ ਲਈ ਸਰਕਾਰ ਨੂੰ ਮਜਬੂਰ ਕਰਨ ਵਾਸਤੇ ਕੋਈ ਵੱਡੀ ਕਾਰਵਾਈ ਕਰਨ ਲਈ ਮਜਬੂਰ ਹੋਣਗੇ।

Leave a Reply

Your email address will not be published. Required fields are marked *