ਜਲੰਧਰ (ਦਾ ਮਿਰਰ ਪੰਜਾਬ )-ਬਹੁਜਨ ਸਮਾਜ ਪਾਰਟੀ (ਬਸਪਾ) ਨੇ ਇੱਕ ਨਵੰਬਰ ਨੂੰ ਪੰਜਾਬ ਦਿਵਸ ਮੌਕੇ ਸੂਬੇ ਦੀ ਆਪ ਸਰਕਾਰ ਦੇ ਸਮਾਨਾਂਤਰ ਜਲੰਧਰ ’ਚ ਮੰਚ ਲਗਾਉਣ ਤੇ ਉਸਦੀਆਂ ਦਮਨਕਾਰੀ ਨੀਤੀਆਂ ਖਿਲਾਫ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਅੱਜ ਇੱਥੇ ਪੰਜਾਬ ਪ੍ਰੈਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਸਪਾ ਦੇ ਸੂਬਾ ਪ੍ਰਧਾਨ ਸ. ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਜਦੋਂ ਦੀ ਸੂਬੇ ’ਚ ਆਪ ਸਰਕਾਰ ਬਣੀ ਹੈ, ਉਦੋਂ ਤੋਂ ਪੰਜਾਬ ਦੇ ਹਿੱਤਾਂ ਖਿਲਾਫ ਕੰਮ ਕੀਤਾ ਜਾ ਰਿਹਾ ਹੈ। ਇਸ ’ਚ ਖਾਸਕਰ ਦਲਿਤ-ਪੱਛੜੇ ਵਰਗਾਂ ਖਿਲਾਫ ਦਮਨਕਾਰੀ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ ਤੇ ਉਨ੍ਹਾਂ ਦੇ ਹਿੱਤਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਨਵੰਬਰ ਨੂੰ ਪੰਜਾਬ ਦੇ ਪਾਣੀਆਂ ਦੇ ਮੁੁੱਦੇ ’ਤੇ ਲੁਧਿਆਣਾ ’ਚ ਕੁਰਸੀਆਂ ਲਗਾ ਰਹੇ ਹਨ, ਪਰ ਇਨ੍ਹਾਂ ’ਚ ਦਲਿਤ-ਪੱਛੜੇ ਵਰਗਾਂ ਦੇ ਨੁਮਾਇੰਦਿਆਂ ਦੀ ਬਿਲਕੁਲ ਅਣਦੇਖੀ ਕੀਤੀ ਗਈ ਹੈ, ਜਦਕਿ ਦਲਿਤ-ਪੱਛੜੇ ਵਰਗ ਪੰਜਾਬ ਦੀ ਕਰੀਬ 75 ਫੀਸਦੀ ਆਬਾਦੀ ਬਣਾਉਂਦੇ ਹਨ ਤੇ ਉਨ੍ਹਾਂ ਸਾਰਿਆਂ ਦੇ ਵੀ ਪੰਜਾਬ ਦੇ ਪਾਣੀਆਂ ਨਾਲ ਹਿੱਤ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਆਪ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਦਲਿਤ-ਪੱਛੜੇ ਵਰਗਾਂ ਦੀ ਅਣਦੇਖੀ ਅਤੇ ਉਨ੍ਹਾਂ ਦਾ ਦਮਨ ਕਰਨ ਦੇ ਵਿਰੋਧ ’ਚ ਬਸਪਾ ਇੱਕ ਨਵੰਬਰ ਨੂੰ ਜਲੰਧਰ ’ਚ ਮੰਚ ਲਗਾਏਗੀ ਤੇ ਸਰਕਾਰ ਦੀਆਂ ਦਲਿਤ-ਪੱਛੜੇ ਵਰਗਾਂ ਖਿਲਾਫ ਦਮਨਕਾਰੀ ਨੀਤੀਆਂ ਦੇ ਵਿਰੋਧ ’ਚ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਦਲਿਤ-ਪੱਛੜੇ ਵਰਗਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਹੈ ਤੇ ਬਸਪਾ ਵਰਕਰਾਂ ’ਤੇ ਝੂਠੇ ਪਰਚੇ ਪਾਏ ਜਾ ਰਹੇ ਹਨ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਨਾਂ ’ਤੇ ਬਣੀ ਪਾਰਕ ਨੂੰ ਤੋੜਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਲੰਧਰ ’ਚ ਖਾਸਕਰ ਬਸਪਾ ਆਗੂਆਂ ਤੇ ਵਰਕਰਾਂ ਖਿਲਾਫ ਆਪ ਸਰਕਾਰ ਵੱਲੋਂ ਬਦਲਾਖੋਰੀ ਨੀਤੀ ਤਹਿਤ ਕੰਮ ਕੀਤਾ ਜਾ ਰਿਹਾ ਹੈ। ਆਪ ਸਰਕਾਰ ਦੇ ਪ੍ਰਭਾਵ ਹੇਠ ਜਲੰਧਰ ਦਿਹਾਤੀ ਪੁਲਿਸ ਵੱਲੋਂ 23 ਜੁਲਾਈ, 2023 ਨੂੰ ਥਾਣਾ ਮਕਸੂਦਾਂ ਵਿਖੇ ਬਸਪਾ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਸਮੇਤ 13 ਆਗੂਆਂ ਤੇ 150 ਅਣਪਛਾਤੇ ਲੋਕਾਂ ’ਤੇ ਨਸ਼ੇ ਖਿਲਾਫ ਪ੍ਰਦਰਸ਼ਨ ਕਰਨ ’ਤੇ ਝੂਠਾ ਹਾਈਵੇ ਐਕਟ ਦਾ ਪਰਚਾ (ਐਫਆਈਆਰ 85/2023) ਦਰਜ ਕੀਤਾ ਗਿਆ। ਇਸ ਸਬੰਧੀ ਬਸਪਾ ਵੱਲੋਂ 25 ਜੁਲਾਈ ਨੂੰ ਡੀਆਈਜੀ ਜਲੰਧਰ ਰੇਂਜ ਕੋਲ ਇਨਕੁਆਰੀ ਲਗਵਾਈ ਗਈ ਸੀ, ਜੋ ਕਿ ਉਨ੍ਹਾਂ ਹੁਸ਼ਿਆਰਪੁਰ ਮਾਰਕ ਕੀਤੀ ਸੀ। ਪਰ ਇਸਦੇ ਬਾਵਜੂਦ ਜਲੰਧਰ ਦਿਹਾਤੀ ਪੁਲਿਸ ਨੇ ਹੁਸ਼ਿਆਰਪੁਰ ਪੁਲਿਸ ਦੇ ਇਨਕੁਆਰੀ ਅਫਸਰ ਕੋਲ ਰਿਕਾਰਡ ਨਹੀਂ ਭੇਜਿਆ ਅਤੇ ਇਨਕੁਆਰੀ ਲੱਗਣ ਦੇ ਬਾਵਜੂਦ 34 ਹੋਰ ਬਸਪਾ ਵਰਕਰਾਂ ਨੂੰ ਨਾਮਜ਼ਦ ਕਰ ਦਿੱਤਾ। ਇਸ ਤਰ੍ਹਾਂ ਇਸ ਕੇਸ ’ਚ ਪੁਲਿਸ ਨੇ 47 ਬਸਪਾ ਆਗੂਆਂ ਤੇ ਵਰਕਰਾਂ ਖਿਲਾਫ ਬਾਈਨੇਮ ਪਰਚਾ ਦਰਜ ਕੀਤਾ ਹੈ। ਇਹ ਸਭ ਹਲਕਾ ਕਰਤਾਰਪੁਰ ’ਚ ਬਸਪਾ ਆਗੂਆਂ ਤੇ ਵਰਕਰਾਂ ਨੂੰ ਦਬਾਉਣ ਲਈ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਸਈਪੁਰ ਵਿਖੇ ਅਕਤੂਬਰ 2015 ਤੋਂ ਹੀ ਪਿੰਡ ਦੀ ਆਬਾਦੀ ਦੇਹ ’ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਨਾਂ ’ਤੇ ਪਾਰਕ ਬਣੀ ਹੋਈ ਹੈ, ਪਰ ਸੱਤ੍ਹਾਧਾਰੀ ਪਾਰਟੀ ਨੇ ਨਗਰ ਨਿਗਮ ਜਲੰਧਰ ਰਾਹੀਂ ਬਿਨਾਂ ਕੋਈ ਪਬਲਿਕ ਸੂਚਨਾ ਦਿੱਤੇ 13 ਜੂਨ ਨੂੰ ਇਸ ’ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬਡਕਰ ਦੇ ਨਾਂ ’ਤੇ ਬਣੇ ਮੰਚ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਬਸਪਾ ਆਗੂਆਂ ਤੇ ਵਰਕਰਾਂ ਦੇ ਵਿਰੋਧ ਨੂੰ ਦਬਾਉਣ ਲਈ ਸਰਕਾਰ ਵੱਲੋਂ ਕਮਿਸ਼ਨਰੇਟ ਪੁਲਿਸ ਰਾਹੀਂ ਉਨ੍ਹਾਂ ’ਤੇ ਵੱਡੇ ਪੱਧਰ ’ਤੇ ਅੱਤਿਆਚਾਰ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਸਈਪੁਰ ਵਿਖੇ ਲੋਕਾਂ ਵੱਲੋਂ ਸਾਲ 2015 ਤੋਂ ਹੀ ਬਾਬਾ ਸਾਹਿਬ ਡਾ. ਅੰਬੇਡਕਰ ਦੇ ਨਾਂ ’ਤੇ ਪਾਰਕ ਅਤੇ ਇਸਦੀ ਚਾਰਦੀਵਾਰੀ ਕੀਤੀ ਹੋਈ ਹੈ ਤੇ ਇਸ ਚਾਰਦੀਵਾਰੀ ਦੇ ਅੰਦਰ ਬਾਬਾ ਸਾਹਿਬ ਦੇ ਬੁੱਤ ਬਿਲਕੁਲ ਕਾਨੂੰਨੀ ਰੂਪ ’ਚ ਲਗਾਏ ਹੋਏ ਹਨ। ਇਸ ਸਬੰਧ ’ਚ ਦੇਸਰਾਜ ਬਨਾਮ ਜਗਦੀਸ਼ ਭਟਾਰਾ ਕੇਸ ਵੀ ਚੱਲ ਰਿਹਾ ਹੈ ਤੇ ਇਸ ਕੇਸ ’ਚ ਨਿਗਮ ਆਪਣੀ ਗਵਾਹੀ ਦੇ ਤੌਰ ’ਤੇ 2015 ’ਚ ਨਕਸ਼ਾ ਦੇ ਕੇ ਇਹ ਦੱਸ ਚੁੱਕਾ ਹੈ ਕਿ ਇਸ ਪਾਰਕ ’ਚ ਉਸਦੀ ਕੋਈ ਜ਼ਮੀਨ ਨਹੀਂ ਹੈ। ਇਸ ਲਈ ਪਾਰਕ ’ਚ ਨਗਰ ਨਿਗਮ ਵੱਲੋਂ ਕੀਤੀ ਕਾਰਵਾਈ ਬਿਲਕੁਲ ਨਜਾਇਜ਼, ਗੈਰ ਕਾਨੂੰਨੀ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਹੈ, ਜਿਸਨੂੰ ਲੈ ਕੇ ਲੋਕਾਂ ’ਚ ਕਾਫੀ ਗੁੱਸਾ ਹੈ ਤੇ ਇਸ ਤਰ੍ਹਾਂ ਦੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਤੇ ਇਸਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਗੁਰਲਾਲ ਸੈਲਾ, ਐਡਵੋਕੇਟ ਬਲਵਿੰਦਰ ਕੁਮਾਰ, ਪਰਮਜੀਤ ਮੱਲ, ਜਗਦੀਸ਼ ਦੀਸ਼ਾ, ਬਲਵਿੰਦਰ ਰੱਲ, ਸਲਵਿੰਦਰ ਕੁਮਾਰ, ਹਰਮੇਸ਼ ਖੁਰਲਾ ਕਿੰਗਰਾ, ਦਵਿੰਦਰ ਗੋਗਾ ਆਦਿ ਵੀ ਮੌਜ਼ੂਦ ਸਨ।





