ਪੈਰਿਸ / ਚੰਡੀਗੜ੍ਹ ( ਭੱਟੀ ਫਰਾਂਸ ) ਭਾਜਪਾ ਦੇ ਚੰਡੀਗੜ੍ਹ ਸਥਿਤ ਪਾਰਟੀ ਦਫਤਰ ਤੋਂ ਮਿਲੀਆਂ ਕਨਸੋਆਂ ਮੁਤਾਬਿਕ ਚੰਡੀਗੜ੍ਹ ( ਭਾਜਪਾ) ਦੇ ਸਾਬਕਾ ਪ੍ਰਧਾਨ ਅਰੁਣ ਸੂਦ ਨੇ ਚੰਡੀਗੜ ਤੇ ਅਪਣਾ ਹੱਕ ਜਿਤਾਉਣ ਵਾਸਤੇ ਆਪਣਾ ਸ਼ਕਤੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ , ਜਿਸ ਨੂੰ ਦੇਖ ਕੇ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ ਕਿ ਚੰਡੀਗੜ੍ਹ ਤੋਂ ਕਿਸੇ ਬਾਹਰੀ ਵਿਅਕਤੀ ਨੂੰ ਐੱਮ.ਪੀ. ਦੀ ਟਿਕਟ ਦਿੱਤੀ ਜਾ ਸਕਦੀ ਹੈ । ਇਸ ਸੀਰੀਜ਼ ਵਿਚ ਸਭ ਤੋਂ ਪਹਿਲਾ ਨਾਮ ਆ ਰਿਹਾ ਹੈ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ। ਕੁਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਅਤੇ ਕੰਗਣਾ ਰਣੌਤ ਦੀ ਦੋਵੱਲੀ ਗੱਲਬਾਤ ਵੀ ਹੋਈ ਸੀ। ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਭਾਜਪਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਕੰਗਨਾ ਰਣੌਤ ਨੂੰ ਟਿਕਟ ਦੇਣ ਦੀ ਤਿਆਰੀ ਕਰ ਰਹੀ ਹੈ।
ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕੰਗਣਾ ਰਣੌਤ ਦੇ ਪਿਤਾ ਅਮਰਦੀਪ ਰਣੌਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੇਰੀ ਪੁੱਤਰੀ ਦੋ ਹਜਾਰ ਚੌਵੀ ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਵਲੋਂ ਉਮੀਦਵਾਰ ਹੋਵੇਗੀ। ਬੇਸ਼ੱਕ ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਕੰਗਣਾ ਨੂੰ ਕਿਸ ਸੀਟ ਤੋਂ ਟਿਕਟ ਮਿਲੇਗੀ ਦੇ ਬਾਵਜੂਦ ਕੇਂਦਰ ਦੇ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਇਹ ਚਰਚਾ ਤੇਜ਼ ਹੋ ਗਈ ਹੈ ਕਿ ਕੀ ਭਾਜਪਾ ਇਕ ਵਾਰ ਫਿਰ ਪੈਰਾਸ਼ੂਟ ਉਮੀਦਵਾਰ ‘ਤੇ ਦਾਅ ਲਗਾਵੇਗੀ | ਇਸ ਦੇ ਨਾਲ ਹੀ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਚੰਡੀਗੜ੍ਹ ਵਿਚ ਟਿਕਟ ਨੂੰ ਲੈ ਕੇ ਖਿੱਚੋਤਾਣ ਸ਼ੁਰੂ ਹੋ ਗਈ ਹੈ, ਉਸ ਨੂੰ ਦੇਖਦਿਆਂ ਭਾਜਪਾ ਲਈ ਬਾਹਰੀ ਉਮੀਦਵਾਰ ਖੜ੍ਹਾ ਕਰਨਾ ਮਜ਼ਬੂਰੀ ਬਣ ਚੁੱਕੀ ਹੈ, ਦੂਸਰਾ ਕੰਗਨਾ ਰਣੌਤ ਦਾ ਚੰਡੀਗੜ੍ਹ ਨਾਲ ਬਹੁਤ ਪੁਰਾਣਾ ਸਬੰਧ ਹੈ, ਕਿਉਂਕਿ ਕੰਗਣਾ ਰਣੌਤ ਡੀ.ਏ.ਵੀ.ਸਕੂਲ ( ਸੈਕਟਰ ਪੰਦਰਾਂ ) ਦੀ ਵਿਦਿਆਰਥਣ ਵੀ ਰਹੀ ਹੈ