ਪੈਰਿਸ 26 ਦਸੰਬਰ ( ਦੀ ਮਿਰਰ ਪੰਜਾਬ ) ਫਰਾਂਸ ਵਿਖ਼ੇ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ ਲਾ -ਕੋਰਨਵ ਵਿਖ਼ੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦੋਵੇਂ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ, ਜਿਹੜੇ ਕਿ ਜੰਗ ਦੇ ਮੈਦਾਨ ਵਿੱਚ, ਜਿਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਜੀ ਨੇ ਖੁੱਦ ਆਪਣੇ ਹੱਥੀਂ ਤਿਆਰ ਕਰਕੇ ਲੜਾਈ ਦੇ ਮੈਦਾਨ ਵਿੱਚ ਸਿੱਖੀ ਅਤੇ ਧਰਮ ਦੀ ਰੱਖਿਆ ਖਾਤਿਰ ਭੇਜਿਆ ਸੀ, ਉਹ ਬਹੁਤ ਹੀ ਬਹਾਦਰੀ ਨਾਲ ਲੜੇ ਅਤੇ ਹਜਾਰਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਣ ਉਪਰੰਤ ਸ਼ਹੀਦੀ ਪਾ ਗਏ ਸਨ | ਬੀਤੇ ਕੱਲ ਉਨ੍ਹਾਂ ਮਹਾਂਪੁਰਸ਼ਾਂ ਅਤੇ ਲਾਸਾਨੀ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਉਪਰੋਕਤ ਗੁਰਦੁਆਰਾ ਸਾਹਿਬ ਬਹੁਤ ਹੀ ਸ਼ਰਧਾ ਸਾਹਿਤ ਮਨਾਇਆ ਗਿਆ | ਇਸਦੇ ਸਬੰਧ ਵਿੱਚ ਲੰਘੇ ਐਤਵਾਰ ਨੂੰ ਸਵੇਰੇ ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਨਿਰਵਿਘਨਤਾ ਸਾਹਿਤ ਭੋਗ ਪਾਏ ਗਏ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਅਤੇ ਹੁਕਮਨਾਮਾ ਲਿਆ ਗਿਆ | ਗੁਰੂ ਘਰ ਦੇ ਹਜੂਰੀ ਰਾਗੀ ਗਿਆਨੀ ਕੀਰਤ ਸਿੰਘ ਦੇਹਰਾਦੂਨ ਵਾਲਿਆਂ ਨੇ ਇਲਾਹੀ ਬਾਣੀ ਦਾ ਨਿਰੋਲ ਕੀਰਤਨ ਵਿਆਖਿਆ ਸਾਹਿਤ ਕੀਤਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਿਰਤਾਂਤ ਵੀ ਵਰਨਣ ਕੀਤਾ | ਗੁਰੂ ਘਰ ਦੇ ਪ੍ਰੀਤਵਾਨ ਸੋਢੀ ਸਿੰਘ ਸ਼ੀਮਾਰ ਨੇ ਵੀ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਚਾਰੇ ਸਾਹਿਬਜਾਦਿਆਂ ਦੀ ਸ਼ਹੀਦੀ ਬਾਰੇ ਅਤੇ ਦਸਵੇਂ ਗੁਰੂ ਜੀ ਦੇ ਸਮੁੱਚੇ ਪਰਿਵਾਰ ਦੀ ਕੁਰਬਾਨੀ ਬਾਰੇ ਵੀ ਦੱਸਿਆ | ਸ਼੍ਰੀ ਅਖੰਡਿਪਾਠਿ ਸਾਹਿਬ ਜੀ ਅਤੇ ਲੰਗਰ ਦੀ ਸੇਵਾ ਕਿਸੇ ਗੁਪਤ ਪਰਿਵਾਰ ਵੱਲੋਂ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿੱਚੋਂ ਕੀਤੀ ਗਈ | ਇਸ ਮੌਕੇ ਸ਼ਹੀਦੀ ਸਮਾਗਮਾਂ ਵਿੱਚ ਹਾਜ਼ਰੀ ਭਰਨ ਵਾਸਤੇ ਮੋਹਨ ਲਾਲ, ਬਲਵੰਤ ਸਿੰਘ, ਲਾਲ ਸਿੰਘ ਲਾਲੀ, ਹਰਮੇਸ਼ ਲਾਲ, ਮੇਜਰ ਸਿੰਘ ਹਮਾਉਂਪੁਰ, ਸਹਿਗਲ ਸਾਹਿਬ, ਦੇਵਿੰਦਰ ਰੱਲ, ਜਸਪਾਲ ਸਿੰਘ, ਮਲਕੀਅਤ ਬੰਗਾ, ਮਨੋਹਰ ਸੰਧੂ, ਸੋਨੂੰ ਬੰਗੜ, ਪਰਮਜੀਤ ਸਿੰਘ, ਮੱਖਣ ਸਿੰਘ ਅਤੇ ਹੋਰ ਬਹੁਤ ਸਾਰੀਆਂ ਜਾਣੀਆਂ ਪਹਿਚਾਨੀਆਂ ਸ਼ਖਸ਼ੀਅਤਾਂ ਵੀ ਉਚੇ ਤੌਰ ਤੇ ਪਹੁੰਚੀਆਂ ਹੋਈਆਂ ਸਨ, ਜਿਨ੍ਹਾਂ ਦੇ ਨਾਮ ਪਤਾ ਨਾ ਹੋਣ ਦੀ ਵਜ੍ਹਾ ਕਾਰਨ ਨਹੀਂ ਲਿਖੇ ਜਾ ਸਕੇ | ਸਟੇਜ ਦੀ ਸੇਵਾ ਪਰਮਿੰਦਰ ਸਿੰਘ ਪਰਮਾਰ ਨੇ ਬਾਖੂਬੀ ਨਿਭਾਈ |