*ਰੇਲਵੇ ਲਈ ਜ਼ਮੀਨ ਗ੍ਰਹਿਣ ਮਾਮਲਾ : ਘੱਟ ਭਾਅ ਦੇਣ ਤੋਂ ਖਫ਼ਾ ਜ਼ਮੀਨ ਮਾਲਕਾਂ ਨੇ ਇਕੱਤਰਤਾ ਕੀਤੀ*

देश पंजाब
Spread the love

ਦੀਪਕ ਠਾਕੁਰ

ਬਰਿੰਗਲੀ (ਤਲਵਾਡ਼ਾ), 31 ਦਸੰਬਰ-ਇੱਥੇ ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਦੇ ਬੈਨਰ ਹੇਠਾਂ ਹੱਡ ਚੀਰਵੀਂ ਠੰਡ ’ਚ ਭਰਵੀਂ ਇਕੱਤਰਤ ਕੀਤੀ ਗਈ। ਸਰਪੰਚ ਅਸ਼ਵਨੀ ਕੁਮਾਰ, ਲੰਬਡ਼ਦਾਰ ਸੰਜੀਵ ਬੱਲੂ ਅਤੇ ਸਰਪੰਚ ਸੁਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਏ ਇਕੱਠ ‘ਚ ਵੱਖ ਵੱਖ ਪਿੰਡਾਂ ਦੇ ਇਕੱਤਰ ਹੋਏ ਜ਼ਮੀਨ ਮਾਲਕਾਂ ਨੇ ਤਜਵੀਜ਼ਤ ਰੇਲਵੇ ਲਾਈਨ ਨੰਗਲ ਡੈਮ ਤਲਵਾਡ਼ਾ ਵਾਇਆ ਊਨਾ ਲਈ ਖ਼ੇਤਰ ’ਚ ਘੱਟ ਰੇਟਾਂ ’ਤੇ ਗ੍ਰਹਿਣ ਕੀਤੀ ਜਾ ਰਹੀ ਜ਼ਮੀਨ ਦਾ ਸਖ਼ਤ ਸ਼ਬਦਾਂ ’ਚ ਵਿਰੋਧ ਕੀਤਾ। ਸੇਵਾਮੁਕਤ ਕੈਪਟਨ ਸੁਨੀਲ ਕੁਮਾਰ ਕਰਟੌਲੀ ਨੇ ਦਸਿਆ ਕਿ ਸਰਕਾਰ ਵੱਲੋਂ ਸਰਹੱਦੀ ਪਿੰਡ ਭਟੋਲੀ, ਭਵਨੌਰ, ਰਾਮਗਡ਼੍ਹ ਸੀਕਰੀ, ਨੰਗਲ ਖਨੌਡ਼ਾ ਅਤੇ ਕਰਟੌਲੀ ਵਿਚ ਵਾਧੂ ਜ਼ਮੀਨ ਗ੍ਰਹਿਣ ਲਈ ਜੋ ਨੋਟੀਫਿਕੇਸ਼ਨ ਜ਼ਾਰੀ ਕੀਤਾ ਗਿਆ ਹੈ, ਉਸ ਨਾਲ ਉਹ ਸਹਿਮਤ ਨਹੀਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੇ ਦਿਨੀਂ ਸੰਘਰਸ਼ ਕਮੇਟੀ ਦੇ ਵਫ਼ਦ ਨਾਲ ਹੋਈਆਂ ਮੀਟਿੰਗਾਂ ਦੌਰਾਨ ਨਵੇਂ ਅਵਾਰਡ ’ਚ ਮੌਜ਼ੂਦਾ ਕੁਲੈਕਟਰ ਰੇਟ ’ਤੇ ਜ਼ਮੀਨ ਦੇ ਭਾਅ ਦੇਣ ਦਾ ਭਰੋਸਾ ਦਿੱਤਾ ਸੀ। ਪਰ ਪ੍ਰਸ਼ਾਸਨ ਨੇ ਜੋ ਨੋਟੀਫਿਕੇਸ਼ਨ ਦਾ ਇਸ਼ਤਿਹਾਰ ਕੰਢੀ ਖ਼ੇਤਰ ’ਚ ਨਾਮਾਤਰ ਪਡ਼੍ਹੀ ਜਾਣ ਵਾਲੀ ਅਖਬਾਰ੍ਹ ਵਿਚ ਦਿੱਤਾ ਹੈ, ਉਸ ਤਹਿਤ ਪਹਿਲਾਂ ਹੋਏ ਅਵਾਰਡ ਤੋਂ ਮਹਿਜ਼ 20 ਫੀਸਦੀ ਵਾਧਾ ਕੀਤਾ ਗਿਆ ਹੈ। ਜਿਸ ਨੂੰ ਜ਼ਮੀਨ ਮਾਲਕਾਂ ਨੇ ਮੁੱਢੋਂ ਹੀ ਖਾਰਜ ਕਰ ਦਿੱਤਾ ਹੈ। ਬੁਲਾਰਿਆਂ ਨੇ ਦਸਿਆ ਕਿ ਸਰਕਾਰ ਉਨ੍ਹਾਂ ਤੋਂ 66 ਇੰਚ ਦੀ ਕਰਮ ਦੇ ਹਿਸਾਬ ਨਾਲ ਹੈਕਟੇਅਰਾਂ ’ਚ ਜ਼ਮੀਨ ਗ੍ਰਹਿਣ ਕਰ ਰਹੀ ਹੈ, ਜਦਕਿ ਮਹਿਕਮਾ ਮਾਲ ਵੱਲੋਂ ਕੰਢੀ ਖ਼ੇਤਰ ’ਚ ਸਾਢੇ 57 ਇੰਚ ਦੀ ਕਰਮ ਨਾਲ ਪੈਮਾਇਸ਼ ਕੀਤੀ ਜਾਂਦੀ ਹੈ। ਇਸ ਮੌਕੇ ਹਾਜ਼ਰ ਜ਼ਮੀਨ ਮਾਲਕਾਂ ਨੇ ਸਰਕਾਰ ਤੋਂ ਮੌਜ਼ੂਦਾ ਕੁਲੈਕਟਰ ਰੇਟਾਂ ’ਤੇ ਜ਼ਮੀਨ ਦਾ ਭਾਅ ਨਿਰਧਾਰਿਤ ਕਰਨ, ਸਟੇਟ ਹਾਈਵੇ ਤੋਂ ਦੋ ਕਿਲੇ ਅੰਦਰ ਪੈਂਦੀ ਜ਼ਮੀਨ ਦਾ ਕਮਰਸ਼ਿਅਲ ਰੇਟ ਦੇਣ, ਜ਼ਮੀਨ ਗ੍ਰਹਿਣ ਤੋਂ ਪਹਿਲਾਂ ਸਬੰਧਤ ਜ਼ਮੀਨ ਦੀ ਮੌਜ਼ੂਦਾ ਕਿਸਮ ਦਰਜ ਕਰਨ ਆਦਿ ਦੀ ਮੰਗ ਕੀਤੀ। ਇਸ ਮੌਕੇ ’ਤੇ ਹਾਜ਼ਰ ਲੋਕਾਂ ਨੇ ਮੌਜ਼ੂਦਾ ਕੁਲੈਕਟਰ ਰੇਟਾਂ ਤੋਂ ਘੱਟ ਭਾਅ ’ਤੇ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਮੰਗਾਂ ਨਾ ਮੰਨੇ ਜਾਣ ‘ਤੇ ਜਥੇਬੰਦਕ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮਾਸਟਰ ਕੁੰਦਨ ਲਾਲ ਟੋਹਲੂ, ਰਣਬੀਰ ਸਿੰਘ ਹਲੇਡ਼੍ਹ, ਜਸਵੰਤ ਸਿੰਘ, ਯਸ਼ਪਾਲ ਸਿੰਘ ਤੇ ਜੀਤ ਸਿੰਘ ਭੋਂਬੋਤਾਡ਼, ਬਖਸ਼ਿਸ਼ ਸਿੰਘ ਰਜਵਾਲ, ਗੁਰਦਾਸ ਰਾਮ ਨੰਗਲ ਖਨੌਡ਼ਾ, ਰਿਤੇਸ਼ ਸ਼ਰਮਾ ਭਟੇਡ਼, ਬਲਦੇਵ ਸਿੰਘ ਤਲਵਾਡ਼ਾ ਆਦਿ ਨੇ ਵੀ ਸੰਬੋਧਨ ਕੀਤਾ

Leave a Reply

Your email address will not be published. Required fields are marked *