*ਬਾਦਲਕਿਆਂ ਨੇ ਪਹਿਲਾਂ ਅਕਾਲੀ ਦਲ ਦੀ ਹੱਤਿਆ ਕੀਤੀ,ਹੁਣ ਨਿਸ਼ਾਨਾ ਅਕਾਲ ਤਖਤ ਹੈ-ਸਿੱਖ ਚਿੰਤਕ*

Uncategorized
Spread the love

ਜਲੰਧਰ (ਜਸਪਾਲ ਕੈਂਥ)-ਸਿਖ ਪੰਥ ਦੇ ਚਿੰਤਕਾਂ ਸਰਦਾਰ ਗੁਰਤੇਜ ਸਿੰਘ ਆਈਏਐਸ,ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਭਾਈ ਹਰਸਿਮਰਨ ਸਿੰਘ ਅਨੰਦਪੁਰ ਸਾਹਿਬ, ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਡਾਕਟਰ ਪਰਮਜੀਤ ਸਿੰਘ ਮਾਨਸਾ,ਭਾਈ ਮਨਜੀਤ ਸਿੰਘ ਗਤਕਾ ਮਾਸਟਰ ਨੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਮੁਖ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸਿੰਘ ਸਾਹਿਬਾਨਾਂ ਉਪਰ ਸੰਘ ਪਰਿਵਾਰ ਤੇ ਭਾਜਪਾ ਨੇ ਮਿਲੇ ਹੋਣ ਤੇ ਸੁਖਬੀਰ ਬਾਦਲ ਨੂੰ ਗੁਨਾਹਗਾਰ ਬਾਰੇ ਫੈਸਲੇ ਬਾਰੇ ਦੇਰੀ ਦਾ ਇਸ ਪ੍ਰਭਾਵ ਅਧੀਨ ਦੋਸ਼ ਲਗਾਏ ਜਾਣ ਨੂੰ ਅਕਾਲ ਤਖਤ ਸਾਹਿਬ ਤੇ ਖਾਲਸਾ ਪੰਥ ਦੀ ਤੌਹੀਨ ਦਸਿਆ। 

ਸਿਖ ਚਿੰਤਕਾਂ ਨੇ ਕਿਹਾ ਕਿ ਬਾਦਲ ਪਰਿਵਾਰ ਤੇ ਉਸਦੇ ਲਾਣੇ ਨੇ ਬੰਦ ਬੰਦ ਕਟਕੇ ਪੰਥਕ ਰਾਜਸੀ ਜਮਾਤ ਸ੍ਰੋਮਣੀ ਅਕਾਲੀ ਦਲ ਦੀ ਹੱਤਿਆ ਕੀਤੀ ਤੇ ਆਪਣੇ ਰਾਜ ਦੌਰਾਨ ਬੇਅਦਬੀਆਂ ਹੋਣ ਦਿਤੀਆਂ ਤੇ ਦੋਸ਼ੀ ਸੌਦਾ ਸਾਧ ਨੂੰ ਖੁਸ਼ ਕਰਨ ਲਈ ਬੇਅਦਬੀ ਸਬੰਧੀ ਰੋਸ ਪ੍ਰਗਟ ਕਰਨ ਵਾਲੀ ਸੰਗਤ ਉਪਰ ਗੋਲੀ ਚਲਾਈ ਤੇ ਭਾਰੀ ਤਸ਼ਤਦ ਕੀਤਾ। ਹੁਣ ਸਿਖ ਪੰਥ ਦੀ ਇਸ ਮਹਾਨ ਸੰਸਥਾ ਨੂੰ ਸੁਖਬੀਰ ਸਿੰਘ ਬਾਦਲ ਆਪਣੇ ਹੁਕਮਾਂ ਮੁਤਾਬਕ ਚਲਾਉਣ ਲਈ ਸਿੰਘ ਸਾਹਿਬਾਨਾਂ ਉਪਰ ਭਾਜਪਾ ਦੇ ਇਸ਼ਾਰੇ ਉਪਰ ਚਲਣ ਦੇ ਝੂਠੇ ਦੋਸ਼ ਲਗਾ ਰਹੇ ਹਨ ਤੇ ਇਹ ਦੋਸ਼ ਲਗਾਕੇ ਸ੍ਰੋਮਣੀ ਕਮੇਟੀ ਰਾਹੀਂ ਸਿੰਘ ਸਾਹਿਬਾਨ ਨੂੰ ਬਦਲਕੇ ਅਕਾਲ ਤਖਤ ਦੀ ਸਚੀ ਨਿਆਂ ਪਰੰਪਰਾ ਨੂੰ ਤਬਾਹ ਕਰਨਾ ਚਾਹੁੰਦੇ ਹਨ ਜਾਂ ਆਪਣੇ ਦਾਬੇ ਹੇਠ ਰਖਣਾ ਚਾਹੁੰਦੇ ਹਨ।ਇਹ ਵਰਤਾਰਾ ਉਸੇ ਲੜੀ ਦਾ ਹਿੱਸਾ ਹੈ ਜੋ ਸੁਖਬੀਰ ਬਾਦਲ ਦਾ ਪਿਤਾ ਪ੍ਰਕਾਸ਼ ਸਿੰਘ ਬਾਦਲ ਨਿਭਾਉਂਦਾ ਰਿਹਾ ਸੀ।ਉਸੇ ਪੰਥ ਵਿਰੋਧੀ ,ਮਸੰਦੀ ਮਨਮੁਖੀ ਰਾਹ ਨੂੰ ਸੁਖਬੀਰ ਸਿੰਘ ਬਾਦਲ ਨੇ ਵਿਰਸਾ ਸਿੰਘ ਵਲਟੋਹਾ ਰਾਹੀਂ ਅਪਣਾ ਲਿਆ।ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਜਿਹੜੇ ਵਲਵਲੇ ਵਿਰਸਾ ਸਿੰਘ ਵਲਟੋਹਾ ਨੇ ਸਾਂਝੇ ਕੀਤੇ ਸਨ, ਉਹ ਸੁਖਬੀਰ ਬਾਦਲ ਤੇ ਉਸਦੀ ਜੁੰਡਲੀ ਦਾ ਨੈਰਟਿਵ ਤੇ ਸਿਆਸੀ ਉਤੇਜਨਾ ,ਖਸਿਆਣੀ ਬਿਲੀ ਪੰਜਾ ਨੋਚੇ ਵਾਲੀ ਘਟੀਆ ਕਾਰਵਾਈ ਹੈ। ਇਹ ਸੁਖਬੀਰ ਬਾਦਲ ਦੇ ਸਾਰੇ ਗੁਨਾਹਾਂ ਨੂੰ ਛੁਪਾਉਣ ਲਈ ਸਾਜ਼ਿਸ਼ ਤਹਿਤ ਸਿੰਘ ਸਾਹਿਬਾਨ ਉਪਰ ਘਟੀਆ ਝੂਠੇ ਦੋਸ਼ ਲਾ ਰਹੇ ਹਨ। 

 

 ਉਨ੍ਹਾਂ ਕਿਹਾ ਕਿ ਤਨਖਾਹੀਆ ਤੇ ਗੁਨਾਹਗਾਰ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਦੇ ਪੰਥਕ ਪ੍ਰਵਾਨਿਤ ਹੁਕਮ ਨੂੰ ਮੰਨਣ ਤੋਂ ਇਨਕਾਰੀ ਸ਼ਰੇਆਮ ਅਕਾਲੀ ਦਲ ਦੀਆਂ ਸਰਗਰਮੀਆਂ ਦੀ ਅਗਵਾਈ ਕਰ ਰਿਹਾ ਹੈ ਜੋ ਮੀਰੀ ਪੀਰੀ ਸਿਧਾਂਤ ਨੂੰ ਚੈਲਿੰਜ ਹੈ।ਇਸ ਸੰਬੰਧ ਵਿਚ ਸੁਖਬੀਰ ਬਾਦਲ ਤੇ ਵਿਰਸਾ ਸਿੰਘ ਵਲਟੋਹਾ ਸਮੇਤ ਅਕਾਲ ਤਖਤ ਸਾਹਿਬ ਉਪਰ ਸਦਕੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

 

ਜਥੇਦਾਰ ਅਕਾਲ ਤਖਤ ਨੂੰ ਅਪੀਲ ਕਰਦਿਆਂ ਸਿਖ ਚਿੰਤਕਾਂ ਨੇ ਕਿਹਾ ਕਿ ਅੱਜ ਸਮੁੱਚਾ ਪੰਥ ਅਤੇ ਸਿੱਖ ਕੌਮ ਸਿੰਘ ਸਾਹਿਬਾਨਾਂ ਦੇ ਫੈਸਲੇ ਨੂੰ ਉਡੀਕ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਸਿੱਖ ਪੰਥ ਦੀ ਮਰਿਆਦਾ ਤੇ ਪ੍ਰੰਪਰਾਵਾਂ ਨੂੰ ਮੁੱਖ ਰੱਖ ਕੇ ਕੌਮ ਦੀ ਭਾਵਨਾ ਅਨੁਸਾਰ ਸਜ਼ਾ ਸੁਣਾਉਣੀ ਹੈ। ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਕਾਲੀ ਦਲ ਦੀ ਪੁਨਰ ਸਥਾਪਨਾ ਤੇ ਸੁਖਬੀਰ ਬਾਦਲ ਸਮੇਤ ਗੁਨਾਹਗਾਰ ਲੀਡਰਸ਼ਿਪ ਦਾ ਫੈਸਲਾ ਲੈਣ ਲਈ ਸਿਖ ਪੰਥ ਦਾ ਨੁਮਾਇੰਦਾ ਇਕਠ ਸਦਣਾ ਚਾਹੀਦਾ ਹੈ ਤਾਂ ਜੋ ਪੰਥ ਨੂੰ ਭਰੋਸੇ ਵਿਚ ਲੈਕੇ ਪੰਥਕ ਫੈਸਲਾ ਕੀਤਾ ਜਾ ਸਕੇ ਤੇ ਬਾਦਲਕਿਆਂ ਦੇ ਦਬਾਅ ਤੋਂ ਬਚਿਆ ਜਾ ਸਕੇ ਜੋ ਕੁਫਰ ਤੋਲਣ ਵਿਚ ਮਾਹਿਰ ਹਨ।ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ,ਗਿਆਨੀ ਗੁਰਮੁਖ ਸਿੰਘ, ਗਿਆਨੀ ਇਕਬਾਲ ਸਿੰਘ ਨੂੰ ਵੀ ਅਕਾਲ ਤਖਤ ਉਪਰ ਸਦਣਾ ਚਾਹੀਦਾ ਹੈ ਜੋ ਸੁਖਬੀਰ ਬਾਦਲ ਦੇ ਗੁਨਾਹਾਂ ਵਿਚ ਭਾਈਵਾਲ ਹਨ ਜਿਹਨਾਂ ਅਕਾਲ ਤਖਤ ਦੀ ਪਰੰਪਰਾ ਨੂੰ ਨੀਵਾਂ ਦਿਖਾਇਆ।ਉਨ੍ਹਾਂ ਕਿਹਾ ਕਿ ਬਾਦਲਕਿਆਂ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਦਾ ਵਿਰੋਧ ਕਰਨਾ ਇੱਕ ਗੁੰਝਲਦਾਰ ਮਸਲਾ ਹੈ ਜੋ ਅਕਾਲ ਤਖਤ ਸਾਹਿਬ ਦੀ ਅਥਾਰਟੀ, ਮਰਿਆਦਾ ਅਤੇ ਸੰਚਾਲਨ ‘ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਸਿਖ ਸਿਧਾਂਤ ਤੇ ਪਰੰਪਰਾ ਅਨੁਸਾਰ ਜੇਕਰ ਫੈਸਲਾ ਲੈਣਗੇ ਸਮੁਚਾ ਪੰਥ ਉਨ੍ਹਾਂ ਦੀ ਸ਼ਕਤੀ ਬਣਕੇ ਉਨ੍ਹਾਂ ਮਗਰ ਖਲੋਏਗਾ।

Leave a Reply

Your email address will not be published. Required fields are marked *