*ਕਨੈਕਟੀਕਟ ਦੇ ਪਹਿਲੇ ਸਿੱਖ ਮੇਅਰ ਸਰਦਾਰ ਸਵਰਨਜੀਤ ਸਿੰਘ ਖਾਲਸਾ ਨੇ ਸਹੁੰ ਚੁੱਕੀ*

देश पंजाब
Spread the love

ਨੌਰਵਿਚ (ਜਸਪਾਲ ਕੈਂਥ)-ਬੀਤੇ ਮੰਗਲਵਾਰ ਨੂੰ ਨੌਰਵਿਚ ਸਿਟੀ ਹਾਲ ਵਿੱਚ ਕੌਂਸਲ ਚੈਂਬਰ, ਗਲਿਆਰਿਆਂ ਤੇ ਇੱਕ ਵੱਖਰੇ ਕਮਰੇ ਵਿੱਚ ਲੋਕਾਂ ਦਾ ਭਾਰੀ ਇਕੱਠ ਹੋਇਆ, ਜਦੋਂ ਨਵ-ਚੁਣੇ ਮੇਅਰ ਸਵਰਨਜੀਤ ਸਿੰਘ ਖਾਲਸਾ, ਸਿਟੀ ਕੌਂਸਲ ਮੈਂਬਰ, ਬੋਰਡ ਆਫ਼ ਐਜੂਕੇਸ਼ਨ ਮੈਂਬਰ ਤੇ ਮੌਜੂਦਾ ਸਿਟੀ ਕੋਸ਼ਾਧਿਕਾਰੀ ਨੇ ਸਹੁੰ ਚੁੱਕੀ।

ਸਰਦਾਰ ਸਵਰਨਜੀਤ ਸਿੰਘ ਖਾਲਸਾ ਨੇ ਸੌਹੁੰ ਰਸਮ ਨਿਭਾਉਣ ਤੋ ਪਹਿਲਾਂ ਪ੍ਰਧਾਨ ਸਾਹਿਬ ਸ : ਮਨਮੋਹਣ ਸਿੰਘ ਗੁਰਦੁਆਰਾ ਹੈਮਡਨ , ਕਨੈਟੀਕਟ ਜੀ ਨੇ ਚੜ੍ਹਦੀ ਕਲਾ ਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ।

ਸਰਦਾਰ ਸਵਰਨਜੀਤ ਸਿੰਘ ਖਾਲਸਾ, ਜੋ ਡੈਮੋਕ੍ਰੈਟਿਕ ਪਾਰਟੀ ਦੇ ਨਗਰ ਕੌਂਸਲਰ ਸਨ, ਨਵੰਬਰ ਦੀਆਂ ਆਮ ਚੋਣਾਂ ਵਿੱਚ ਰਿਪਬਲਿਕਨ ਐਲਡਰਵੂਮੈਨ ਸਟੇਸੀ ਗੋਲਡ ਤੇ ਪਟੀਸ਼ਨਿੰਗ ਰਿਪਬਲਿਕਨ ਮਾਰਸ਼ੀਆ ਵਿਲਬਰ ਨੂੰ ਹਰਾ ਕੇ ਕਨੈਕਟੀਕਟ ਰਾਜ ਦੇ ਪਹਿਲੇ ਸਿੱਖ ਮੇਅਰ ਬਣ ਚੁਕੇ ਹਨ । ਉਹਨਾਂ ਨੇ ਮੇਅਰ ਦੀ ਚੋਣ 1,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੀ। ਇਹ ਨੌਰਵਿਚ ਵਿੱਚ ਕਈ ਸਾਲਾਂ ਵਿੱਚ ਹੋਈ ਸਭ ਤੋਂ ਵੱਡੀ ਵੋਟਰ ਟਰਨਆਊਟ ਵਾਲੀ ਮਿਉਂਸਪਲ ਚੋਣ ਸੀ।

ਸਹੁੰ ਚੁੱਕਣ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਸ. ਸਵਰਨਜੀਤ ਸਿੰਘ ਖਾਲਸਾ ਨੇ ਕਿਹਾ, “ਨੌਰਵਿਚ ਉਹ ਸ਼ਹਿਰ ਹੋਣਾ ਚਾਹੀਦਾ ਜਿੱਥੇ ਪਰਿਵਾਰ ਰਹਿਣਾ ਚਾਹੁਣ, ਕਾਰੋਬਾਰ ਨਿਵੇਸ਼ ਕਰਨ ਆਉਣ ਤੇ ਲੋਕ ਆਪਣੀ ਕਮਿਊਨਿਟੀ ਨਾਲ ਜੁੜਿਆ ਮਹਿਸੂਸ ਕਰਨ।”

ਲੈਫਟੀਨੈਂਟ ਗਵਰਨਰ ਸੂਜ਼ਨ ਬਾਈਸੀਵਿਚ ਨੇ ਸ. ਸਿੰਘ ਨੂੰ ਸਹੁੰ ਚੁਕਾਈ। ਉਸ ਵੇਲੇ ਉਹਨਾਂ ਦੀ ਪਤਨੀ ਗੁੰਤਾਸ ਕੌਰ, ਧੀਆਂ ਅਮਰ ਕੌਰ (9 ਸਾਲ) ਤੇ ਸੂਹੀ ਕੌਰ(3 ਸਾਲ) ਤੇ ਗਵਰਨਰ ਨੈੱਡ ਲੈਮੌਂਟ ਉਹਨਾਂ ਦੇ ਨਾਲ ਸਟੇਜ ਤੇ ਮੌਜੂਦ ਸਨ।

ਸ. ਸਵਰਨਜੀਤ ਸਿੰਘ ਖਾਲਸਾ 40 ਸਾਲਾ ਡਿਵੈਲਪਰ ਹਨ ਤੇ ਅਮੈਰੀਕਨ ਪ੍ਰਾਪਰਟੀ ਗਰੁੱਪ LLC ਦੇ ਮਾਲਕ ਹਨ। ਉਹ 2007 ਵਿੱਚ ਪੰਜਾਬ, ਭਾਰਤ ਤੋਂ ਅਮਰੀਕਾ ਆਏ ਸਨ। 2021 ਵਿੱਚ ਉਹ ਕਨੈਕਟੀਕਟ ਦੇ ਪਹਿਲੇ ਸਿੱਖ ਕੌਂਸਲਰ ਬਣੇ ਤੇ ਲਗਾਤਾਰ ਦੋ ਵਾਰ ਕੌਂਸਲਰ ਵਜੋਂ ਚੁਣੇ ਗਏ।

ਲੈ. ਗਵਰਨਰ ਬਾਈਸੀਵਿਚ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ, “ਤੁਹਾਡਾ ਮੇਅਰ ਉਹ ਵਿਅਕਤੀ ਹੈ ਜਿਸ ਤੇ ਗਵਰਨਰ ਤੇ ਮੈਂ ਪੂਰਾ ਭਰੋਸਾ ਕਰਦੇ ਹਾਂ। ਅਸੀਂ ਇਸ ਸੁੰਦਰ ਤੇ ਵਿਭਿੰਨ ਕਮਿਊਨਿਟੀ ਦੀ ਸਫਲਤਾ ਵਿੱਚ ਨਿਵੇਸ਼ ਜਾਰੀ ਰੱਖਾਂਗੇ।”

ਗਵਰਨਰ ਲੈਮੌਂਟ ਨੇ ਦੱਸਿਆ ਕਿ ਮੇਅਰ ਸਾਹਿਬ ਨੇ ਉਹਨਾਂ ਕੋਲ ਨੌਰਵਿਚ ਨੂੰ ਜ਼ਿਆਦਾ ਵਿਕਸਤ ਬਣਾਉਣ ਦੇ ਕਈ ਮਕਸਦਾਂ ਦੀ ਲਿਸਟ ਪਹਿਲਾਂ ਹੀ ਭੇਜੀ ਹੋਈ ਹੈ।

ਇਸ ਸਮਾਗਮ ਵਿੱਚ ਹਾਰਟਫ਼ੋਰਡ ਦੇ ਮੇਅਰ ਅਰੁਣਨ ਅਰੂਲੰਪਾਲਮ ਤੇ ਹੋਰ ਕਈ ਲੋਕਲ ਚੁਣੇ ਨੁਮਾਇੰਦੇ ਵੀ ਸ਼ਾਮਲ ਹੋਏ।

ਸਿਟੀ ਕੌਂਸਲ ਵਿੱਚ ਚੁਣੇ ਗਏ ਮੈਂਬਰ ਹਨ: ਡੈਮੋਕ੍ਰੈਟ ਜੋਅ ਡੇਲੂਸੀਆ, ਜਿੱਲ ਜ਼ੁਕਾਰਡੀ, ਜ਼ਾਟੋ ਕਡੰਬਾਯਾ, ਸ਼ੀਲਾ ਹੇਜ਼ ਤੇ ਰਿਪਬਲਿਕਨ ਬਿੱਲ ਨੈਸ਼ ਤੇ ਪੀਟਰ ਨਿਸਟ੍ਰੌਮ। ਮੇਅਰ ਸਿੰਘ ਖੁਦ ਵੀ ਇੱਕ ਕੌਂਸਲ ਸੀਟ ਦੀ ਨੁਮਾਇੰਦਗੀ ਕਰਦੇ ਹਨ।

ਬੋਰਡ ਆਫ਼ ਐਜੂਕੇਸ਼ਨ ਲਈ ਚੁਣੇ ਗਏ: ਡੈਮੋਕ੍ਰੈਟ ਮਾਰਕ ਕੂਲੋਸ, ਕੇਵਿਨ ਸੇਥਾਨੀ, ਕ੍ਰਿਸਟੀਨਾ ਮਿਲਟਨ, ਐੱਲਾ ਮਾਈਲਜ਼, ਗ੍ਰੇਗਰੀ ਪੈਰੀ, ਜੌਹਨ ਇਓਵੀਨੋ ਤੇ ਰਿਪਬਲਿਕਨ ਹੀਥਰ ਫਾਉਲਰ, ਕ੍ਰਿਸਟੀਨ ਡਿਸਟਾਸੀਓ ਤੇ ਡੈਨਿਸ ਸਲੋਪਾਕ।

ਸਿਟੀ ਟ੍ਰੈਜ਼ਰਾਰ ਰੌਬਰਟ ਬਕਲੀ ਨੇ ਵੀ ਨਵੇਂ ਟਰਮ ਲਈ ਸਹੁੰ ਚੁੱਕੀ।

 ਬਾਬਾ ਸਰਬਜੋਤ ਸਿੰਘ ਬੇਦੀ ,ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਨੇ ਖਾਲਸਾ ਪਰਿਵਾਰ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਸਵਰਨਜੀਤ ਸਿੰਘ ਖਾਲਸਾ ਸੰਨ ਆਫ ਸਾਇਲ ਹਨ ਜਿਹਨਾਂ ਨੇ ਨਸਲਵਾਦ ਵਿਰੁਧ ਮੁਹਿੰਮ ਤੌਰਕੇ ਸਰਬਤ ਦੇ ਭਲੇ ਦਾ ਅਮਰੀਕਾ ਵਿਚ ਝੰਡਾ ਝੁਲਾਇਆ। ਉਨ੍ਹਾਂ ਕਿਹਾ ਕਿ ਸਾਨੂੰ ਆਸ ਹੈ ਕਿ ਖਾਲਸਾ ਹੋਰ ਤਰਕੀਆਂ ਕਰਕੇ ਗੁਰੂ ਸਾਹਿਬਾਨ ਦਾ ਮਿਸ਼ਨ ਅਗੇ ਵਧਾਉਣਗੇ ਤੇ ਮਨੁੱਖੀ ਅਧਿਕਾਰਾਂ ਲਈ ਜੂਝਦੇ ਰਹਿਣਗੇ।

ਸਰਦਾਰ ਇਕਬਾਲ ਸਿੰਘ ਲਾਲਪੁਰਾ ਸਾਬਕਾ ਚੇਅਰਮੈਨ ਘਟਗਿਣਤੀ ਕਮਿਸ਼ਨ,

ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਦਮਦਮਾ ਸਾਹਿਬ, , ਜਗਦੀਪ ਸਿੰਘ ਕਾਹਲੋ ਜਨਰਲ ਸਕਤਰ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਦਿਲੀ ਗੁਰਦੁਆਰਾ ਕਮੇਟੀ ,ਅਵਤਾਰ ਹੈਨਰੀ ਸਾਬਕਾ ਮੰਤਰੀ,ਪਵਨ ਕੁਮਾਰ ਟੀਨੂ,ਬਲਵਿੰਦਰ ਅੰਬੇਡਕਰ ਸੀਨੀਅਰ ਨੇਤਾ ਬਸਪਾ ,ਸ਼ਰਨਜੀਤ ਸਿੰਘ ਢਿਲੋਂ ਸਾਬਕਾ ਐਮ ਪੀ,ਅਮਰੀਕ ਸਿੰਘ ਆਲੀਵਾਲ ਸਾਬਕਾ ਐਮ ਪੀ,ਜਤਿੰਦਰਪਾਲ ਸਿੰਘ ਅੰਮ੍ਰਿਤਸਰ ਦੇ ਮੇਅਰ ਨੇ ਵਖ ਵਖ ਬਿਆਨਾਂ ਵਿਚ ਖਾਲਸਾ ਪਰਿਵਾਰ ਨੂੰ ਮੁਬਾਰਕਾਂ ਦਿਤੀਆਂ।ਉਨ੍ਹਾਂ ਕਿਹਾ ਕਿ ਇਹ ਪੰਥ ਪੰਜਾਬ ਦੇਸ਼ ਲਈ ਮਾਣ ਦੀ ਗਲ ਹੈ।

Leave a Reply

Your email address will not be published. Required fields are marked *