*ਲੱਧੇਵਾਲੀ ਯੂਨੀਵਰਸਿਟੀ ਰੋਡ ’ਤੇ ਨਜਾਇਜ਼ ਕਲੋਨੀ ਦੀ ਮੁੜ ਉਸਾਰੀ, ਕੌਂਸਲਰ ’ਤੇ ਗੰਭੀਰ ਦੋਸ਼, ਆਪਣੀ ਹੀ ਸਰਕਾਰ ਨੂੰ ਲਾਇਆ ਰਗੜਾ*

देश पंजाब
Spread the love

ਜਲੰਧਰ (ਜਸਪਾਲ ਕੈਂਥ) – ਲੱਧੇਵਾਲੀ ਯੂਨੀਵਰਸਿਟੀ ਰੋਡ ਸਥਿਤ ਅਹਾਤਾ PB-08 ਦੇ ਨਜ਼ਦੀਕ ਆਮ ਆਦਮੀ ਪਾਰਟੀ ਦੇ ਕੌਂਸਲਰ ਸ੍ਰੀ ਮਨਮੋਹਨ ਸਿੰਘ ਰਾਜੂ ਵੱਲੋਂ ਲਗਭਗ ਇੱਕ ਏਕੜ ਰਕਬੇ ਵਿੱਚ ਨਜਾਇਜ਼ ਤੌਰ ’ਤੇ ਕਲੋਨੀ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਲੋਨੀ ਬਿਨਾਂ ਕਿਸੇ ਕਾਨੂੰਨੀ ਮਨਜ਼ੂਰੀ ਅਤੇ ਬਿਨਾਂ ਨਕਸ਼ਾ ਪਾਸ ਕਰਵਾਏ ਤਿਆਰ ਕੀਤੀ ਜਾ ਰਹੀ ਹੈ, ਜੋ ਸਿੱਧੇ ਤੌਰ ’ਤੇ ਕਾਨੂੰਨ ਦੀ ਖੁੱਲ੍ਹੀ ਉਲੰਘਣਾ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਮੇਂ ਵਿੱਚ ਨਗਰ ਨਿਗਮ ਵੱਲੋਂ ਇਸੇ ਕਲੋਨੀ ’ਤੇ ਕਾਰਵਾਈ ਕਰਦੇ ਹੋਏ ਢਾਹ-ਢੇਰੀ ਕੀਤੀ ਗਈ ਸੀ। ਇਸ ਦੇ ਬਾਵਜੂਦ ਹੁਣ ਮੁੜ ਉਸੇ ਕੌਂਸਲਰ ਵੱਲੋਂ ਕਲੋਨੀ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਮੌਜੂਦਾ ਸਮੇਂ ਵਿੱਚ ਕਲੋਨੀ ਦੇ ਆਲੇ-ਦੁਆਲੇ ਚੱਕ ਦਿੱਤੇ ਜਾ ਚੁੱਕੇ ਹਨ ਅਤੇ ਅੰਦਰੂਨੀ ਸੜਕਾਂ ਵਿੱਚ ਇੰਟਰਲੌਕਿੰਗ ਟਾਈਲਾਂ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਕਲੋਨੀ ਵਿੱਚ ਸੀਵਰੇਜ ਦੀ ਸਹੂਲਤ ਵੀ ਪਾ ਦਿੱਤੀ ਗਈ ਹੈ, ਜਿਸਨੂੰ ਨਗਰ ਨਿਗਮ ਦੇ ਸੀਵਰੇਜ ਨਾਲ ਜੋੜਿਆ ਜਾ ਚੁੱਕਾ ਹੈ।

ਸੂਤਰਾਂ ਅਨੁਸਾਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਸ੍ਰੀ ਮਨਮੋਹਨ ਸਿੰਘ ਰਾਜੂ ਵੱਲੋਂ ਪਹਿਲਾਂ ਵੀ ਕਈ ਨਜਾਇਜ਼ ਇਮਾਰਤਾਂ ਅਤੇ ਨਜਾਇਜ਼ ਕਲੋਨੀਆਂ ਦੀ ਉਸਾਰੀ ਕੀਤੀ ਜਾ ਚੁੱਕੀ ਹੈ, ਜਿਸ ਨਾਲ ਪੰਜਾਬ ਸਰਕਾਰ ਨੂੰ ਵੱਡੇ ਪੱਧਰ ’ਤੇ ਆਰਥਿਕ ਨੁਕਸਾਨ ਹੋਇਆ ਹੈ। ਇਨ੍ਹਾਂ ਨਜਾਇਜ਼ ਕਲੋਨੀਆਂ ਵਿੱਚ ਪਲਾਟ ਵੇਚਦੇ ਸਮੇਂ ਆਮ ਲੋਕਾਂ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਜਾਂਦਾ ਰਿਹਾ ਹੈ ਕਿ ਉਸ ਦੀ ਹਰ ਕਲੋਨੀ ਪਾਸ ਹੁੰਦੀ ਹੈ ਅਤੇ ਭਵਿੱਖ ਵਿੱਚ ਰਜਿਸਟਰੀ ਜਾਂ ਹੋਰ ਕਿਸੇ ਕਾਨੂੰਨੀ ਕਾਰਵਾਈ ਦੌਰਾਨ ਕੋਈ ਸਮੱਸਿਆ ਨਹੀਂ ਆਵੇਗੀ।

ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਇੱਕ ਆਰਟੀਆਈ ਐਕਟੀਵਿਸਟ ਵੱਲੋਂ ਨਗਰ ਨਿਗਮ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਨਜਾਇਜ਼ ਕਲੋਨੀ ਨੂੰ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ (PAPRA) 1995 ਦੇ ਅਧੀਨ ਤੁਰੰਤ ਢਾਹ-ਢੇਰੀ ਕੀਤਾ ਜਾਵੇ ਅਤੇ ਸੰਬੰਧਤ ਕਲੋਨਾਈਜ਼ਰ/ਕੌਂਸਲਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਪਰਚਾ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਨਜਾਇਜ਼ ਉਸਾਰੀ ਅਤੇ ਨਜਾਇਜ਼ ਕਲੋਨੀ ਕੱਟਣ ਵਾਲੇ ਵਿਅਕਤੀ ’ਤੇ 25 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਦੀ ਵੀ ਮੰਗ ਕੀਤੀ ਗਈ ਹੈ।

Leave a Reply

Your email address will not be published. Required fields are marked *