ਜਲੰਧਰ-(ਜਸਪਾਲ ਕੈਂਥ)-ਮਿਹਨਤਕਸ਼ ਜੀਵਨ ਅਤੇ ਹੜਾਂ ਦੇ ਸੰਕਟ ਦੌਰਾਨ ਪੀੜਤਾਂ ਦੀ ਉਮੀਦ ਦੀ ਕਿਰਨ ਬਣ ਕੇ ਉੱਭਰੀ ਹੈ ਇੱਕ ਸਾਖੀ, ਜੋ ਸਿੱਖੀ ਦੇ ਸੇਵਾ-ਸਿਮਰਨ ਦੇ ਸਿਧਾਂਤਾਂ ਨੂੰ ਜੀਵੰਤ ਕਰਦੀ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਸਰਹਦ ਕੋਲ ਵਸਦੇ ਪਿੰਡ ਚੋਂਤਰਾ ਵਿੱਚ ਰਹਿਣ ਵਾਲੇ ਰਛਪਾਲ ਸਿੰਘ, ਜੋ ਇੱਕ ਆਮ ਕਿਰਤੀ ਅਤੇ ਰੇਹੜੀ ਉੱਤੇ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ, ਨੇ ਹੜਾਂ ਦੌਰਾਨ ਬੇਰਹਿਮ ਕੁਦਰਤੀ ਮਾਰ ਸਹਿਣੀ ਪਈ। ਬੀਤੇ ਸਮੇਂ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਉਨ੍ਹਾਂ ਦਾ ਘਰ ਤਬਾਹ ਹੋ ਗਿਆ ਸੀ। ਇਸ ਮੁਸੀਬਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਬੇਘਰ ਕਰ ਦਿੱਤਾ ਸੀ ਅਤੇ ਜੀਵਨ ਨੂੰ ਹੋਰ ਵੀ ਕਠਿਨ ਬਣਾ ਦਿੱਤਾ ਸੀ।
ਰਛਪਾਲ ਸਿੰਘ ਦੇ ਪਰਿਵਾਰ ਵਿੱਚ ਤਿੰਨ ਧੀਆਂ ਅਤੇ ਇੱਕ ਪੁੱਤਰ ਹੈ। ਵੱਡੀ ਧੀ ਕਾਲਜ ਵਿੱਚ ਪੜ੍ਹ ਰਹੀ ਹੈ ।ਵਡੀ ਦੀ ਦਾ ਸੁਪਨਾ ਪੁਲੀਸ ਅਫ਼ਸਰ ਬਣਨਾ ਹੈ।ਅਤੇ ਪਰਿਵਾਰ ਦੇ ਇੱਕੋ-ਇੱਕ ਕਮਾਉਣ ਵਾਲੇ ਮੈਂਬਰ ਵਜੋਂ ਰਛਪਾਲ ਸਿੰਘ ਰੋਜ਼ਾਨਾ ਸਵੇਰੇ ਤੋਂ ਸ਼ਾਮ ਤੱਕ ਰੇਹੜੀ ਉੱਤੇ ਸਬਜ਼ੀ ਵੇਚਦੇ ਹਨ। ਉਨ੍ਹਾਂ ਦੀ ਮਿਹਨਤ ਅਤੇ ਲਗਨ ਵਾਲੀ ਜ਼ਿੰਦਗੀ ਵਿੱਚ ਹੜ੍ਹਾਂ ਨੇ ਇੱਕ ਵੱਡਾ ਝਟਕਾ ਮਾਰਿਆ ਸੀ। ਘਰ ਦੇ ਤਬਾਹ ਹੋਣ ਤੋਂ ਬਾਅਦ ਪੂਰਾ ਪਰਿਵਾਰ ਮੁਸੀਬਤਾਂ ਵਿੱਚ ਘਿਰ ਗਿਆ ਸੀ ਅਤੇ ਨਵੇਂ ਆਸਰੇ ਦੀ ਲੋੜ ਸੀ।
ਇਸ ਮੁਸ਼ਕਲ ਘੜੀ ਵਿੱਚ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਰਛਪਾਲ ਸਿੰਘ ਦੀ ਬਾਂਹ ਫੜੀ ਹੈ। ਸਿੱਖ ਸੇਵਕ ਸੁਸਾਇਟੀ ਸੰਗਤੀ ਅਦਾਰਾ ਹੈ, ਜੋ ਦਸਵੰਧ ਪ੍ਰਥਾ ਅਤੇ ਸੰਗਤ ਦੇ ਯੋਗਦਾਨ ਨਾਲ ਚੱਲਦਾ ਹੈ, ਗਰੀਬ ਅਤੇ ਕਿਰਤੀ ਸਿੱਖਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦਾ ਹੈ। ਸਿਖ ਸੇਵਕ ਸੁਸਾਇਟੀ ਦੇ ਮੁੱਖ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਰਛਪਾਲ ਸਿੰਘ ਨੂੰ ਇੱਕ ਨਵਾਂ ਮਕਾਨ ਬਣਾ ਕੇ ਦੇ ਰਹੇ ਹਨ। ਇਸ ਮਕਾਨ ਵਿੱਚ ਦੋ ਕਮਰੇ, ਇੱਕ ਰਸੋਈ ਅਤੇ ਵਾਸ਼ਰੂਮ ਸ਼ਾਮਲ ਹੋਣਗੇ, ਜਿਸ ਨਾਲ ਪਰਿਵਾਰ ਨੂੰ ਸੁਰੱਖਿਅਤ ਅਤੇ ਸੁਖਾਲਾ ਰਹਿਣ ਦਾ ਆਸਰਾ ਮਿਲੇਗਾ। ਇਥੇ ਕਾਰ ਸੇਵਾ ਦੋ ਮਹੀਨੇ ਤੋ ਜਾਰੀ ਹੈ।
ਜਥੇਦਾਰ ਪਰਮਿੰਦਰ ਪਾਲ ਸਿੰਘ ਖ਼ਾਲਸਾ ਨੇ ਕਿਹਾ, “ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਕੋਈ ਐਨਜੀਓ ਨਹੀਂ, ਸਗੋਂ ਸੰਗਤ ਦੇ ਪੈਸੇ ਅਤੇ ਦਸਵੰਧ ਨਾਲ ਚੱਲਣ ਵਾਲਾ ਸੇਵਾਦਾਰ ਅਦਾਰਾ ਹੈ। ਅਸੀਂ ਦਲਿਤਾਂ, ਗਰੀਬਾਂ ਅਤੇ ਕਿਰਤੀ ਸਿੱਖਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਹੜ੍ਹਾਂ ਤੋਂ ਬਾਅਦ ਅਸੀਂ ਤਿੰਨ ਪਰਿਵਾਰਾਂ ਨੂੰ ਨਵੇਂ ਮਕਾਨ ਬਣਾ ਕੇ ਦੇ ਰਹੇ ਹਾਂ ਅਤੇ ਇਹ ਸੇਵਾ ਜਾਰੀ ਰਹੇਗੀ।”
ਉਨ੍ਹਾਂ ਦਸਿਆ ਕਿ ਸੁਸਾਇਟੀ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵਿਆਪਕ ਸੇਵਾ ਕੀਤੀ ਹੈ। ਕਿਸਾਨਾਂ ਨੂੰ ਬੀਜ ਅਤੇ ਖਾਦ ਮੁਹੱਈਆ ਕਰਵਾਈ ਗਈ, ਪੀੜਤ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਗਏ ਅਤੇ ਮੱਛਰਮਾਰ ਦਵਾਈਆਂ ਦਾ ਛਿੜਕਾਅ ਵੀ ਕੀਤਾ ਗਿਆ ਤਾਂ ਜੋ ਬਿਮਾਰੀਆਂ ਤੋਂ ਬਚਾਅ ਹੋ ਸਕੇ। ਇਹ ਸਾਰੀਆਂ ਸੇਵਾਵਾਂ ਸਿੱਖੀ ਦੇ ਮੁੱਢਲੇ ਸਿਧਾਂਤਾਂ – ਸੇਵਾ, ਸਿਮਰਨ ਅਤੇ ਸਮਾਨਤਾ – ਨੂੰ ਅਮਲੀ ਰੂਪ ਦਿੰਦੀਆਂ ਹਨ।
ਉਨ੍ਹਾਂ ਕਿਹਾ ਕਿ ਰਛਪਾਲ ਸਿੰਘ ਵਰਗੇ ਮਿਹਨਤਕਸ਼ ਲੋਕਾਂ ਲਈ ਇਹ ਮਦਦ ਨਾ ਸਿਰਫ਼ ਇੱਕ ਛੱਤ ਹੈ, ਸਗੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵੀ ਹੈ। ਉਨ੍ਹਾਂ ਦੀ ਵੱਡੀ ਧੀ ਦੀ ਪੜ੍ਹਾਈ ਜਾਰੀ ਰਹੇਗੀ ਅਤੇ ਪਰਿਵਾਰ ਵਿੱਚ ਉਮੀਦ ਦੀ ਨਵੀਂ ਕਿਰਨ ਜਾਗ ਰਹੀ ਹੈ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਇਹ ਉਦਾਹਰਣ ਪੰਜਾਬ ਵਿੱਚ ਹੋਰ ਵੀ ਬਹੁਤ ਸਾਰੇ ਪਰਿਵਾਰਾਂ ਲਈ ਮਿਸਾਲ ਬਣ ਰਹੀ ਹੈ।
ਜਥੇਦਾਰ ਖਾਲਸਾ ਨੇ ਅਪੀਲ ਕੀਤੀ ਕਿ ਸੰਗਤ ਵਧ ਚੜ੍ਹ ਕੇ ਦਸਵੰਧ ਦੇ ਕੇ ਅਜਿਹੀਆਂ ਸੇਵਾਵਾਂ ਨੂੰ ਹੋਰ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਸਿੱਖੀ ਵਿੱਚ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਅਤੇ ਇਸ ਨੂੰ ਜਾਰੀ ਰੱਖਣ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ।ਇਸ ਸੇਵਾ ਮੁਹਿੰਮ ਵਿਚ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ,ਸੰਦੀਪ ਸਿੰਘ ਚਾਵਲਾ ,ਠੇਕੇਦਾਰ ਹਰਦੇਵ ਸਿੰਘ, ਸਾਹਿਬ ਸਿੰਘ ਆਰਟਿਸਟ ਸ਼ਾਮਲ ਸਨ।





