ਪੈਰਿਸ / ਚੰਡੀਗੜ 12 ਅਗਸਤ (ਪੱਤਰ ਪ੍ਰੇਰਕ ) ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਤੋਂ ਮੀਡੀਆ ਨੂੰ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਤੋਂ ਭਰੋਸਾ ਮੰਗਿਆ ਕਿ ਸਰਕਾਰ ਦੇ ਜਿਹੜੇ ਤਜਵੀਜ਼ਸ਼ੁਦਾ ਕਾਨੂੰਨ, ਹੁਣ ਪੇਸ਼ ਕਿਤੇ ਜਾਂ ਰਹੇ ਹਨ ਕੀ ਉਹ ?? (550 ਸਾਲਾ ਗੁਰਪੁਰਬ ਮੌਕੇ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੀਤੇ ਵਾਅਦੇ ) ਦੇ ਰਾਹ ਵਿਚ ਕਿਧਰੇ ਅੜਿੱਕਾ ਤਾਂ ਨਹੀਂ ਬਣਨਗੇ |
ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਨੇ ਬੀਤੇ ਕੱਲ ਲੋਕ ਸਭਾ ਵਿਚ ਪੰਜਾਬ ਦੇ ਮਸਲਿਆਂ ਤੇ ਤਿੱਖਾ ਰੁਖ ਅਪਣਾਉਦਿਆਂ ਹੋਇਆਂ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਭਾਸ਼ਣ ਦਿੰਦੇ ਸਮੇਂ ਟੋਕਿਆ, ਜਿਸ ਵਕਤ ਉਹ ਨਾਗਰਿਕਾਂ ਦੇ ਅਧਿਕਾਰਾਂ ਸਬੰਧੀ ਤਜਵੀਜ਼ਸ਼ੁਦਾ ਨਵੇਂ ਕਾਨੂੰਨ ਸਬੰਧੀ ਬਿਆਨ ਦੇ ਰਹੇ ਸਨ। ਉਹ ਸਪੱਸ਼ਟ ਬਿਆਨ ਚਾਹੁੰਦੇ ਸਨ ਕਿ ਇਹ ਕਾਨੂੰਨ ਜਿਹੜੇ ਕੈਦੀ, ਪਹਿਲਾਂ ਹੀ ਉਮਰ ਕੈਦਾਂ ਪੂਰੀਆਂ ਕਰ ਕੇ ਜੇਲ੍ਹਾਂ ਵਿਚ ਸੜ ਰਹੇ ਹਨ, ਕਿਧਰੇ ਉਨ੍ਹਾਂ ਦੀ ਕਿਸਮਤ ਨੂੰ ਨਵੇਂ ਸਿਰੇ ਤੋਂ ਪ੍ਰਭਾਵਤ ਤਾਂ ਨਹੀਂ ਕਰੇਗਾ | ਦੂਸਰਾ, ਕੀ ਨਵੇਂ ਕਾਨੂੰਨ ਵਿਚ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੋਈ ਵਿਵਸਥਾ ਹੈ। ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਆਮ ਨਾਗਰਿਕਾਂ ਦੇ ਨਾਲ-ਨਾਲ ਜੋ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਦੇ ਵਾਜਬ ਹੱਕਾਂ ਦੀ ਸੁਰੱਖਿਆ ਵਾਸਤੇ ਠੋਸ ਵਿਵਸਥਾਵਾਂ ਕੀਤੀਆਂ ਗਈਆਂ ਹਨ। ਬੰਦੀ ਸਿੱਖਾਂ (ਬੰਦੀ ਸਿੰਘਾਂ) ਬਾਰੇ ਹਰਸਿਮਰਤ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਵੇਂ ਉਮਰ ਕੈਦ ਦਾ ਮਤਲਬ ਉਮਰ ਭਰ ਲਈ ਕੈਦ ਹੁੰਦਾ ਹੈ ਪਰ ਅਜਿਹੀਆਂ ਵਿਵਸਥਾਵਾਂ ਹਨ, ਜਿਥੇ ਸਥਾਨਕ ਜੇਲ੍ਹ ਅਧਿਕਾਰੀ ਅਪਰਾਧ ਦੇ ਸਰੂਪ ’ਤੇ ਗੰਭੀਰਤਾ ਦੇ ਮੱਦੇਨਜ਼ਰ ਫੈਸਲੇ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸਭ ਜੇਲ੍ਹ ਅਧਿਕਾਰੀਆਂ ਦੇ ਅਖ਼ਤਿਆਰ ’ਤੇ ਨਿਰਭਰ ਕਰਦਾ ਹੈ |
ਬਠਿੰਡਾ (ਪੰਜਾਬ ) ਦੇ ਐੱਮ.ਪੀ ਬੀਬਾ ਹਰਸਿਮਰਤ ਨੇ ਪੰਜਾਬ ਨਾਲ ਖ਼ਾਸ ਤੌਰ ’ਤੇ ਖ਼ਾਲਸਾ ਪੰਥ ਨਾਲ ਵਿਤਕਰੇ ਵਾਲੀਆਂ ਨੀਤੀਆਂ ਤੇ ਫ਼ੈਸਲਿਆਂ ਦਾ ਪੁਰਜ਼ੋਰ ਵਿਰੋਧ ਜਾਰੀ ਰੱਖਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਿੱਧੇ ਸਵਾਲ ਕੀਤੇ ਤੇ ਪੁੱਛਿਆ ਕਿ ਨਵੇਂ ਕਾਨੂੰਨ ਵਿਚ ਬੰਦੀ ਸਿੰਘਾਂ, ਜੋ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿਚ ਬੰਦ ਹਨ, ਲਈ ਕੀ ਵਿਵਸਥਾ ਕੀਤੀ ਹੈ। ਐਪਰ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਕੀਤੇ ਵਾਅਦੇ ਦਾ ਵੀ ( ਆਪਣੇ ਭਾਸ਼ਣ ਦੌਰਾਨ ) ਕੋਈ ਜ਼ਿਕਰ ਨਹੀਂ ਕੀਤਾ, ਬਲਕਿ ਜੇਲ ਅਧਿਕਾਰੀਆਂ ਨੂੰ ਫੈਸਲੇ ਲੈਣ ਦਾ ਹੱਕ ਨਿਰਧਾਰਿਤ ਕਰਕੇ ਖਹਿੜਾ ਛੁਡਾ ਲਿਆ ।





