*ਮੈਰੀਟਨ ਹੋਟਲ ਵਿੱਚ ਭਾਈਵਾਲਾਂ ਵਿਚਾਲੇ ਜੰਮ ਕੇ ਕੁੱਟਮਾਰ, ਡਾਕਟਰ ਪਰਮਜੀਤ ਮਰਵਾਹਾ ਦੀ ਪਗੜੀ ਉਤਾਰਨ ਦਾ ਦੋਸ਼*

देश पंजाब
Spread the love

ਜਲੰਧਰ (ਜਸਪਾਲ ਕੈਂਥ)-ਸ਼ਹਿਰ ਦੇ ਸਥਾਨਕ ਮੈਰੀਟਨ ਹੋਟਲ ਵਿੱਚ ਬੀਤੀ ਰਾਤ ਹੋਟਲ ਦੇ ਦੋ ਭਾਈਵਾਲਾਂ ਵਿਚਾਲੇ ਜੰਮ ਕੇ ਕੁੱਟਮਾਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ ਹੋਟਲ ਦੇ ਐਮਡੀ ਡਾਕਟਰ ਪਰਮਜੀਤ ਸਿੰਘ ਮਰਵਾਹਾ ਦੀ ਪਗੜੀ ਉਤਾਰ ਕੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਦੇ ਗੰਭੀਰ ਦੋਸ਼ ਲੱਗੇ ਹਨ। ਉਕਤ ਮਾਮਲਾ ਹੁਣ ਪੁਲਿਸ ਤੱਕ ਪੁੱਜ ਚੁੱਕਾ ਹੈ।

ਇਸ ਸਬੰਧੀ ਹੋਟਲ ਦੇ ਐਮਡੀ ਡਾਕਟਰ ਪਰਮਜੀਤ ਸਿੰਘ ਮਰਵਾਹਾ ਨੇ ਮਿਰਰ ਪੰਜਾਬ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੋਟਲ ਵਿੱਚ 5 ਪ੍ਰਤੀਸ਼ਤ ਹਿੱਸੇਦਾਰ ਭਾਈਵਾਲ ਯਸ਼ਪਾਲ ਦੂਆ ਵੱਲੋਂ ਬੀਤੀ ਰਾਤ ਉਨ੍ਹਾਂ ਨਾਲ ਜੰਮ ਕੇ ਕੁੱਟਮਾਰ ਕੀਤੀ ਗਈ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਉਨ੍ਹਾਂ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ, ਸਗੋਂ ਉਨ੍ਹਾਂ ਦੀ ਪਗੜੀ ਵੀ ਉਤਾਰ ਦਿੱਤੀ ਗਈ ਅਤੇ ਵਾਲਾਂ ਨੂੰ ਖਿੱਚਿਆ ਗਿਆ।

ਡਾਕਟਰ ਮਰਵਾਹਾ ਅਨੁਸਾਰ ਦੋਸ਼ੀ ਭਾਈਵਾਲ ਵੱਲੋਂ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਅਤੇ ਕਿਹਾ ਗਿਆ ਕਿ “ਮੈਂ ਬਦਮਾਸ਼ ਹਾਂ, ਤੈਨੂੰ ਮਾਰ ਵੀ ਸਕਦਾ ਹਾਂ, ਅਸੀਂ ਹਰ ਰੋਜ਼ ਇਹੀ ਕੰਮ ਕਰਦੇ ਹਾਂ।” ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਡਾਕਟਰ ਮਰਵਾਹਾ ਨੇ ਇਹ ਵੀ ਦੋਸ਼ ਲਗਾਇਆ ਕਿ ਉਕਤ ਭਾਈਵਾਲ ਉਨ੍ਹਾਂ ਨੂੰ ਬਲੈਕਮੇਲ ਕਰ ਰਿਹਾ ਹੈ ਅਤੇ ਹੋਟਲ ਵਿੱਚ ਵੱਡੇ ਪੱਧਰ ‘ਤੇ ਹਿੱਸੇਦਾਰੀ ਦੀ ਮੰਗ ਕਰ ਰਿਹਾ ਹੈ।

ਦੂਜੇ ਪਾਸੇ, ਸ਼ਹਿਰ ਦੀ ਪ੍ਰਮੁੱਖ ਸਿੱਖ ਤਾਲਮੇਲ ਕਮੇਟੀ ਵੀ ਇਸ ਮਾਮਲੇ ਵਿੱਚ ਡਾਕਟਰ ਪਰਮਜੀਤ ਸਿੰਘ ਮਰਵਾਹਾ ਦੇ ਹੱਕ ਵਿੱਚ ਆ ਖੜੀ ਹੋਈ ਹੈ। ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਸ. ਹਰਪਾਲ ਸਿੰਘ ਚੱਡਾ ਅਤੇ ਸ. ਤਰਜਿੰਦਰ ਸਿੰਘ ਪਰਦੇਸੀ ਨੇ ਕਿਹਾ ਕਿ ਡਾਕਟਰ ਮਰਵਾਹਾ ਨਾਲ ਹੋਈ ਕੁੱਟਮਾਰ ਅਤੇ ਉਨ੍ਹਾਂ ਦੀ ਪਗੜੀ ਉਤਾਰਨ ਦੀ ਘਟਨਾ ਕਤਈ ਬਰਦਾਸ਼ਤਯੋਗ ਨਹੀਂ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਆਪਸੀ ਲੈਣ-ਦੇਣ ਜਾਂ ਭਾਈਵਾਲੀ ਨੂੰ ਲੈ ਕੇ ਕਿੰਨੀ ਵੀ ਤਕਰਾਰ ਕਿਉਂ ਨਾ ਹੋਵੇ, ਪਰ ਕਿਸੇ ਸਿੱਖ ਦੀ ਪਗੜੀ ਉਤਾਰਨਾ ਸਿੱਖ ਭਾਵਨਾਵਾਂ ‘ਤੇ ਸਿੱਧਾ ਹਮਲਾ ਹੈ। ਤਾਲਮੇਲ ਕਮੇਟੀ ਨੇ ਐਲਾਨ ਕੀਤਾ ਕਿ ਜਲਦੀ ਹੀ ਦੋਸ਼ੀ ਭਾਈਵਾਲ ਦੇ ਖ਼ਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਮਾਮਲਾ ਦਰਜ ਕਰਵਾਉਣ ਲਈ ਕਾਨੂੰਨੀ ਕਦਮ ਚੁੱਕੇ ਜਾਣਗੇ ਅਤੇ ਦੋਸ਼ੀ ਨੂੰ ਜੇਲ ਭੇਜਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

Leave a Reply

Your email address will not be published. Required fields are marked *