ਜਲੰਧਰ (ਜਸਪਾਲ ਕੈਂਥ)-ਪਦਮਸ਼੍ਰੀ ਗਾਇਕ ਹੰਸ ਰਾਜ ਹੰਸ ਦੇ ਕਮਬੈਕ ਗੀਤ “ਆਜਾ ਦੋਵੇਂ ਨੱਚੀਏ” ਨੂੰ ਰਿਲੀਜ਼ ਦੇ ਮਹਿਜ਼ ਸੱਤ ਦਿਨਾਂ ਅੰਦਰ 609K (6.09 ਲੱਖ) ਵਿਊਜ਼ ਮਿਲ ਚੁੱਕੇ ਹਨ। ਇਸ ਪ੍ਰਾਪਤੀ ‘ਤੇ ਹੰਸ ਰਾਜ ਹੰਸ ਨੇ ਪੰਜਾਬ ਅਤੇ ਦੁਨੀਆ ਭਰ ਵਿੱਚ ਵੱਸਦੇ ਆਪਣੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਰੋਤਿਆਂ ਦਾ ਪਿਆਰ ਅਤੇ ਆਸ਼ੀਰਵਾਦ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਲੰਮੇ ਸਮੇਂ ਬਾਅਦ ਆਏ ਇਸ ਗੀਤ ਨੂੰ ਜਿਸ ਤਰ੍ਹਾਂ ਸਰੋਤਿਆਂ ਨੇ ਅਪਣਾਇਆ ਹੈ, ਉਸ ਨਾਲ ਉਨ੍ਹਾਂ ਨੂੰ ਅੱਗੇ ਵੀ ਵਧੀਆ ਸੰਗੀਤ ਲੈ ਕੇ ਆਉਣ ਦੀ ਨਵੀਂ ਊਰਜਾ ਮਿਲੀ ਹੈ। ਉਨ੍ਹਾਂ ਨੇ ਆਪਣੀ ਪੂਰੀ ਟੀਮ—ਗੀਤਕਾਰ ਹਰਪ੍ਰੀਤ ਸੇਖੋਂ, ਦੇਸੀ ਕਰੂ, ਗੁਰਲੇਜ ਅਖ਼ਤਰ, ਯੁਵਰਾਜ ਹੰਸ, ਡਾਇਰੈਕਟਰ ਬੌਬੀ ਬਾਜਵਾ, ਅਰਸ਼ ਨਾਗਰਾ ਅਤੇ ਭੁਪਿੰਦਰ ਸਮੇਤ ਸਾਰਿਆਂ ਦਾ ਧੰਨਵਾਦ ਪ੍ਰਗਟਾਇਆ ਹੈ।
ਗੀਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਜ਼ਬਰਦਸਤ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ। ਕਮੈਂਟ ਸੈਕਸ਼ਨ ਵਿੱਚ ਪ੍ਰਸ਼ੰਸਕਾਂ ਨੇ ਨਾ ਕੇਵਲ ਹੰਸ ਰਾਜ ਹੰਸ ਦੀ ਗਾਇਕੀ ਦੀ ਜੰਮ ਕੇ ਸ਼ਲਾਘਾ ਕੀਤੀ, ਸਗੋਂ ਉਨ੍ਹਾਂ ਦੇ ਬੇਟੇ ਨਵਰਾਜ ਹੰਸ ਦੀ ਪੇਸ਼ਕਾਰੀ ਦੀ ਵੀ ਖੂਬ ਤਾਰੀਫ਼ ਕੀਤੀ। ਕਈ ਯੂਜ਼ਰਸ ਨੇ ਇਸ ਨੂੰ ਇਸ ਵਿਆਹ ਦੇ ਸੀਜ਼ਨ ਦਾ ਅਗਲਾ ਵੱਡਾ ‘ਵੇਡਿੰਗ ਐਂਥਮ’ ਦੱਸਿਆ ਹੈ ਅਤੇ ਲਿਖਿਆ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਇਹ ਗੀਤ ਵਿਆਹਾਂ ਅਤੇ ਸਮਾਗਮਾਂ ਵਿੱਚ ਧੂਮ ਮਚਾਉਂਦਾ ਨਜ਼ਰ ਆਵੇਗਾ।
ਸੰਗੀਤ ਪ੍ਰੇਮੀਆਂ ਦਾ ਮੰਨਣਾ ਹੈ ਕਿ “ਆਜਾ ਦੋਵੇਂ ਨੱਚੀਏ” ਵਿੱਚ ਪਰੰਪਰਾਗਤ ਪੰਜਾਬੀ ਰੰਗ ਅਤੇ ਆਧੁਨਿਕ ਸੰਗੀਤ ਦਾ ਬਿਹਤਰੀਨ ਮੇਲ ਹੈ, ਜਿਸ ਨੇ ਇਸ ਨੂੰ ਘੱਟ ਸਮੇਂ ਵਿੱਚ ਹੀ ਲੋਕਾਂ ਦੀ ਪਸੰਦੀਦਾ ਪਲੇਅਲਿਸਟ ਦਾ ਹਿੱਸਾ ਬਣਾ ਦਿੱਤਾ ਹੈ।