ਬਰਮਿੰਘਮ (ਜਸਪਾਲ ਕੈਂਥ) — ਸ੍ਰੀ ਗੁਰੂ ਰਵਿਦਾਸ ਸਭਾ ਯੂਕੇ, ਯੂਰਪ ਐਂਡ ਅਬਰੋਡ ਦੀ ਇੱਕ ਅਹਿਮ ਮੀਟਿੰਗ 19 ਸਤੰਬਰ 2026 ਨੂੰ ਸਭਾ ਦੇ ਮੁੱਖ ਦਫ਼ਤਰ ਸ੍ਰੀ ਗੁਰੂ ਰਵਿਦਾਸ ਭਵਨ, ਯੂਨੀਅਨ ਰੋਅ, ਹੈਂਡਜ਼ਵਰਥ, ਬਰਮਿੰਘਮ (ਯੂ.ਕੇ.) ਵਿਖੇ ਸਭਾ ਦੇ ਪ੍ਰਧਾਨ ਸ੍ਰੀ ਆਰ.ਕੇ. ਮਹਿਮੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਭਾ ਦੇ ਸਕੱਤਰ ਸ੍ਰੀ ਜਸਵੀਰ ਰਾਮ ਹੀਰ ਵੱਲੋਂ ਪਿਛਲੀ ਮੀਟਿੰਗ ਦੀ ਕਾਰਵਾਈ (ਮਿੰਟਸ) ਪੜ੍ਹ ਕੇ ਸੁਣਾਈ ਗਈ, ਜਿਸ ਨੂੰ ਹਾਜ਼ਰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ।
ਮੀਟਿੰਗ ਵਿੱਚ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਸਾਫ਼ ਅਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਸਬੰਧੀ ਅਹਿਮ ਮਤਾ ਪਾਸ ਕੀਤਾ ਗਿਆ। ਸਭਾ ਵੱਲੋਂ ਇਸ ਕਾਰਜ ਤਹਿਤ ਸਕੂਲਾਂ ਵਿੱਚ ਵਾਟਰ ਕੂਲਰ ਅਤੇ ਆਰ.ਓ. ਸਿਸਟਮ ਲਗਵਾਉਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਸਭਾ ਨੂੰ ਪੰਜ ਪਿੰਡਾਂ ਵੱਲੋਂ ਪਹਿਲਾਂ ਹੀ ਬੇਨਤੀਆਂ ਪ੍ਰਾਪਤ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ ਜੇਜੋਂ, ਜਲਭੇ, ਡਾੜਾ, ਬਿਆਸ ਪਿੰਡ ਜੰਡੂਸਿੰਘਾ ਅਤੇ ਮੀਰਪੁਰ ਲੱਖਾ ਸ਼ਾਮਲ ਹਨ। ਸਭਾ ਵੱਲੋਂ ਇਨ੍ਹਾਂ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਵਾਟਰ ਕੂਲਰ ਅਤੇ ਆਰ.ਓ. ਸਿਸਟਮ ਲਗਵਾਏ ਜਾਣਗੇ।
ਇਸ ਤੋਂ ਇਲਾਵਾ ਪਿੰਡ ਨੂਰਪੁਰ ਨੇੜੇ ਸਰਹਾਲ ਕਾਜ਼ੀਆਂ ਦੇ ਪ੍ਰਾਇਮਰੀ ਸਕੂਲ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ 10 ਪੱਖੇ ਲਗਵਾਉਣ ਦਾ ਵੀ ਫੈਸਲਾ ਕੀਤਾ ਗਿਆ।
ਮੀਟਿੰਗ ਦੌਰਾਨ ਇੱਕ ਹੋਰ ਅਹਿਮ ਮਤਾ ਪਾਸ ਕਰਦਿਆਂ ਫ਼ਰਵਰੀ 2027 ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਗਟ ਦਿਵਸ ਵਿਸ਼ਾਲ ਪੱਧਰ ’ਤੇ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਸਮਾਗਮ ਨੂੰ ਮਿਸਾਲੀ, ਵਿਲੱਖਣ ਅਤੇ ਇਤਿਹਾਸਕ ਬਣਾਉਣ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ ਗਿਆ।
ਮੀਟਿੰਗ ਵਿੱਚ ਪੰਜਾਬ ਵਿੱਚ ਅਨੁਸੂਚਿਤ ਜਾਤੀ (ਐਸ.ਸੀ.) ਵਰਗ ਨਾਲ ਸਬੰਧਤ ਬੱਚਿਆਂ ਨੂੰ ਉੱਚ ਪੱਧਰੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਵਾਸਤੇ ਇੱਕ ਵਿਸ਼ੇਸ਼ ਅਕੈਡਮੀ ਸਥਾਪਤ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਸਤਾਵਿਤ ਅਕੈਡਮੀ ਵਿੱਚ ਬੱਚਿਆਂ ਨੂੰ ਆਈ.ਏ.ਐਸ., ਪੀ.ਸੀ.ਐਸ. ਸਮੇਤ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਦੀ ਯੋਜਨਾ ਹੈ। ਇਸ ਅਕੈਡਮੀ ਨਾਲ ਸਬੰਧਤ ਖਰਚਿਆਂ ਦਾ ਪ੍ਰਬੰਧ ਸਭਾ ਵੱਲੋਂ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ।
ਇਸ ਸਬੰਧੀ ਲੋੜੀਂਦੀ ਜਾਣਕਾਰੀ ਇਕੱਤਰ ਕਰਨ ਅਤੇ ਪ੍ਰਬੰਧਾਂ ਦੀ ਸੰਭਾਵਨਾ ਬਾਰੇ ਰਿਪੋਰਟ ਤਿਆਰ ਕਰਨ ਲਈ ਸ੍ਰੀ ਆਰ.ਕੇ. ਮਹਿਮੀ, ਸ੍ਰੀ ਗਿਆਨ ਚੰਦ ਦੀਵਾਲੀ ਅਤੇ ਸ੍ਰੀ ਰਾਜ ਕੁਮਾਰ ਬਾਘਾ ਦੀ ਡਿਊਟੀ ਲਗਾਈ ਗਈ। ਉਹ ਇਸ ਸਬੰਧੀ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਕੇ ਸਭਾ ਦੀ ਅਗਲੀ ਮੀਟਿੰਗ ਵਿੱਚ ਰਿਪੋਰਟ ਪੇਸ਼ ਕਰਨਗੇ।
ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੇ ਸੋਸ਼ਲ ਵੈਲਫੇਅਰ ਅਤੇ ਐਜੂਕੇਸ਼ਨ ਸਕੱਤਰ ਸ੍ਰੀ ਗਿਆਨ ਚੰਦ ਦੀਵਾਲੀ ਨੇ ਦੱਸਿਆ ਕਿ ਮੀਟਿੰਗ ਵਿੱਚ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸ੍ਰੀ ਆਰ.ਕੇ. ਮਹਿਮੀ, ਸ੍ਰੀ ਰੇਸ਼ਮ ਦਾਸ ਬੰਗੜ, ਸ੍ਰੀ ਮਨਜੀਤ ਸਿੰਘ, ਸ੍ਰੀ ਜਸਵੀਰ ਰਾਮ ਹੀਰ, ਸ੍ਰੀ ਦਿਲਾਵਰ ਰਾਮ ਬਾਘਾ, ਸ੍ਰੀ ਜਗਰੂਪ ਸਿੰਘ, ਸ੍ਰੀ ਕਸ਼ਮੀਰੀ ਲਾਲ, ਸ੍ਰੀ ਰਤਨ ਲਾਲ ਚੰਦੜ, ਸ੍ਰੀ ਸੰਸਾਰ ਚੰਦ ਤੂਰਾ, ਸ੍ਰੀ ਰਾਜ ਕੁਮਾਰ ਬਾਘਾ, ਸ੍ਰੀ ਸੁਰਿੰਦਰ ਕੁਮਾਰ, ਸ੍ਰੀ ਤਰਸੇਮ ਲਾਲ ਬਾਲੂ, ਸ੍ਰੀ ਪਰਮਾਨੰਦ, ਸ੍ਰੀ ਸ਼ਿੰਗਾਰਾਂ ਰਾਮ, ਸ੍ਰੀ ਜਸਵੰਤ ਰਾਏ, ਸ੍ਰੀ ਸਰੂਪ ਲਾਲ, ਸ੍ਰੀ ਵਰਿੰਦਰ ਚੁੰਬਰ, ਸ੍ਰੀ ਓਮ ਸਰੋਏ, ਸ੍ਰੀ ਮੋਹਨ ਲਾਲ, ਸ੍ਰੀ ਲਾਲ ਚੰਦ, ਸ੍ਰੀ ਚਮਨ ਲਾਲ ਬੱਧਣ ਅਤੇ ਸ੍ਰੀ ਆਰ.ਕੇ. ਆਦਿ ਹਾਜ਼ਰ ਸਨ।


