ਦੀਪਕ ਠਾਕੁਰ
ਤਲਵਾਡ਼ਾ,13 ਅਕਤੂਬਰ -: ਬਸਪਾ ਨੇ ਪੰਜਾਬ ’ਚ ਪਾਰਟੀ ਨੂੰ ਪੈਰਾਂ ਸਿਰ ਖਡ਼੍ਹੇ ਕਰਨ ਅਤੇ ਸੂਬੇ ਦੇ ਲੋਕ ਹਿੱਤਾਂ ਦੀ ਰਾਖੀ ਲਈ ਪੰਜਾਬ ਸੰਭਾਲ ਮੁਹਿੰਮ ਸ਼ੁਰੂ ਕੀਤੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਬਹੁਜਨ ਸਮਾਜ ਪਾਰਟੀ ਹਲਕਾ ਦਸੂਹਾ ਇੰਚਾਰਜ ਬੰਟੀ ਬਾਜ ਨੇ ਦਸਿਆ ਕਿ ਬਸਪਾ ਵੱਲੋਂ 2027 ਦੀਆਂ ਚੋਣਾਂ ਤੋਂ ਪਹਿਲਾਂ ਹੇਠਲੇ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪੰਜਾਬ ਨੂੰ ਨਸ਼ਿਆਂ, ਬੇਰੁਜ਼ਗਾਰੀ ਅਤੇ ਹੋਰ ਸਮਾਜਿਕ ਸਮਸਿਆਵਾਂ ਤੋਂ ਮੁਕਤ ਕਰਵਾਉਣ ਲਈ ਸਾਂਝੇ ਯਤਨਾਂ ਦੀ ਲੋਡ਼ ਹੈ। ਬਿਨ੍ਹਾਂ ਬਿਹਤਰ ਸਿਹਤ, ਸਿੱਖਿਆ ਸਹੂਲਤਾਂ ਅਤੇ ਰੁਜ਼ਗਾਰ ਦੇ ਮੌਕਿਆਂ ਤੋਂ ਇਨ੍ਹਾਂ ਅਲਾਮਤਾਂ ਤੋਂ ਨਿਜਾਤ ਪਾਉਣਾ ਅਸੰਭਵ ਹੈ। ਬਸਪਾ ਨੇ ਇਨ੍ਹਾਂ ਅਸਲ ਮੁੱਦਿਆਂ ਨੂੰ ਧਿਆਨ ’ਚ ਰੱਖਦੇ ਹੋਇਆਂ ਅਗਾਮੀ ਵਿਧਾਨ ਸਭਾ ਚੋਣਾਂ ਲਡ਼ਨ ਦਾ ਫੈਸਲਾ ਕੀਤਾ ਹੈ। ਸ਼੍ਰੀ ਬਾਜ ਨੇ ਦਸਿਆ ਕਿ ਬਸਪਾ ਵੱਲੋਂ ਸ਼ੁਰੂ ਕੀਤੀ ਪੰਜਾਬ ਸੰਭਾਲ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਨ੍ਹਾਂ ਨੌਜਵਾਨਾਂ ਨੂੰ ਵਧ ਚਡ਼੍ਹ ਕੇ ਪੰਜਾਬ ਦੇ ਬਿਹਤਰ ਭਵਿੱਖ ਲਈ ਇਸ ਮੁਹਿੰਮ ਨਾਲ ਜੁਡ਼ਨ ਦੀ ਅਪੀਲ ਕੀਤੀ ਹੈ।


