ਤਲਵਾਡ਼ਾ,17 ਜੁਲਾਈ (ਦੀਪਕ ਠਾਕੁਰ)-ਇੱਥੇ ਸ਼ਾਹ ਨਹਿਰ ਬੈਰਾਜ ਨੂੰ ਜਾਂਦੀ ਮੁੱਖ ਸਡ਼ਕ ’ਤੇ ਪੈਂਦੇ ਮਾਡਲ ਟਾਊਨ ਵਿਖੇ ਗੁੰਡਾ ਟੈਕਸ ਨੂੰ ਲੈ ਕੇ ਕਰੱਸ਼ਰ ਮਾਲਕ ਅਤੇ ਕਰਿੰਦਿਆਂ ਵਿਚਾਲੇ ਤਿੱਖੀ ਝਡ਼ਪ ਹੋਈ। ਰੌਲ਼ਾ ਪੈਣ ’ਤੇ ਕੰਪਨੀ ਦੇ ਕਰਿੰਦੇ ਆਪਣੀ ਗੱਡੀ ਛੱਡ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਕਰੱਸ਼ਰ ਮਾਲਕ ਮਨੋਜ ਕੁਮਾਰ ਉਰਫ਼ ਰਿੰਕੂ ਨੇ ਦੱਸਿਆ ਕਿ ਅਜੱ ਬਾਅਦ ਦੁਪਹਿਰ ਚਿੱਟੇ ਰੰਗ ਦੀਆਂ ਤਿੰਨ ਚਾਰ ਬਲੈਰੋ ਗੱਡੀਆਂ ‘ਚ ਸਵਾਰ 20 ਤੋਂ 25 ਵਿਅਕਤੀਆਂ ਨੇ ਮਾਡਲ ਟਾਊਨ ਵਿਖੇ ਰੇਤਾ ਬੱਜਰੀ ਲੈ ਜਾ ਰਹੀਆਂ ਗੱਡੀਆਂ ਦੇ ਡਰਾਇਵਰਾਂ ਤੋਂ ਮਾਈਨਿੰਗ ਪਰਚੀ ਕਟਵਾਉਣ ਦਾ ਜ਼ੋਰ ਪਾਉੁਣ ਲੱਗੇ, ਵਿਰੋਧ ਕਰਨ ’ਤੇ ਕਰਿੰਦਿਆਂ ਨੇ ਉਨ੍ਹਾਂ ਨਾਲ ਮਾਰਕੁੱਟ ਕੀਤੀ, ਕਰੱਸ਼ਰ ’ਤੇ ਕੰਮ ਕਰਦੇ ਵਰਕਰਾਂ ਨੂੰ ਵੀ ਨਹੀਂ ਬਖਸ਼ਿਆ। ਰੌਲ਼ਾ ਪੈਣ ’ਤੇ ਜਦੋਂ ਲੋਕ ਇੱਕਠੇ ਹੋਣ ਲੱਗੇ ਤਾਂ ਇੱਕ ਬਲੈਰੋ ਗੱਡੀ ਨੰਬਰ ਪੀਬੀ 07 ਬੀ ਵਾਈ 0398 ਨੂੰ ਮੌਕੇ ’ਤੇ ਹੀ ਛੱਡ ਫਰਾਰ ਹੋ ਗਏ। ਕਰੱਸ਼ਰ ਮਾਲਕ ਰਿੰਕੂ ਨੇ ਦੱਸਿਆ ਕਿ ਕੁੱਝ ਲੋਕ ਕਥਿਤ ਤੌਰਤੇ ਰੇਤੇ ਬੱਜਰੀ ਦੀਆਂ ਗੱਡੀਆਂ ਤੋਂ ਜ਼ਬਰੀ ਉਗਰਾਹੀ ਕਰਦੇ ਹਨ, ਮਨ੍ਹਾਂ ਕਰਨ ’ਤੇ ਡਰਾਇਵਰਾਂ ਨਾਲ ਹੱਥੋਪਾਈ ਕਰਦੇ ਹਨ। ਇਹ ਵਰਤਾਰਾ ਆਮ ਹੈ, ਆਏ ਦਿਨ ਇਹ ਲੋਕ ਬਿਨ੍ਹਾਂ ਵਜ੍ਹਾ ਤੰਗ ਪ੍ਰੇਸ਼ਾਨ ਕਰ ਰਹੇ ਹਨ।
ਕੀ ਹੈ ਮਾਮਲਾ – ਮਾਈਨਿੰਗ ਵਿਭਾਗ ਦੇ ਅਧਿਕਾਰੀ ਅਜੇ ਪਾਂਡੇ ਦੇ ਦੱਸਣ ਅਨੁਸਾਰ ਨੋਇਡਾ ਤੋਂ ਪ੍ਰਾਇਮ ਵਿਜ਼ਨ ਨਾਮਕ ਕੰਪਨੀ ਨੇ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੀਆਂ ਸਰਕਾਰ ਵੱਲੋਂ ਨਿਲਾਮ ਖੱਡਾਂ ਦੀ ਬੋਲੀ ਦਿੱਤੀ ਹੈ। ਇਹ ਕੰਟਰੈਕਟ 29 ਕਰੋਡ਼ ਰੁਪਏ ਸਲਾਨਾ 7 ਫੀਸਦੀ ਵਾਧੇ ਨਾਲ ਤਿੰਨ ਸਾਲ ਲਈ ਕੰਪਨੀ ਨੇ ਲਿਆ ਹੈ। ਬਲਾਕ ਹਾਜੀਪੁਰ ਤੇ ਤਲਵਾਡ਼ਾ ‘ਚ ਕੰਪਨੀ ਨੇ ਜੀਵਨ ਵਾਲ, ਸੰਧਵਾਲ ਅਤੇ ਸਰਿਆਣਾ ਤੇ ਸਰਿਆਣਾ ਨੰਬਰ 1 ਖੱਡ ਦਾ ਠੇਕਾ ਕੰਪਨੀ ਕੋਲ਼ ਹੈ। ਤਲਵਾਡ਼ਾ ਖ਼ੇਤਰ ‘ਚ ਚੱਲਦੇ ਅੱਧੀ ਦਰਜਨ ਦੇ ਕਰੀਬ ਕਰੱਸ਼ਰ ਕੱਚੇ ਮਾਲ ਦੀ ਪੂਰਤੀ ਸਥਾਨਕ ਖੱਡਾਂ ਜਾਂ ਬਿਆਸ ਤੇ ਸਵਾਂ ਦਰਿਆ ‘ਚੋਂ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਕੱਤ ਕੰਪਨੀ ਦੇ ਕਰਿੰਦੇ ਬਾਵਜੂਦ ਇਸਦੇ ਉਨ੍ਹਾਂ ਤੋਂ ਜ਼ਬਰੀ ਉਗਰਾਹੀ ਕਰਦੇ ਹਨ, ਨਾ ਦੇਣ ’ਤੇ ਮਾਰਕੁੱਟ ਆਦਿ ਕਰਦੇ ਹਨ।
ਪ੍ਰਾਇਮ ਵਿਜ਼ਨ ਕੰਪਨੀ ਦੇ ਦਸੂਹਾ ਇੰਚਾਰਜ ਮਹਿੰਦਰ ਪਾਲ ਨੇ ਕਿਹਾ ਕਿ ਉਹ ਅੱਜ ਨਾਜਾਇਜ਼ ਮਾਈਨਿੰਗ ਰੋਕਣ ਲਈ ਗਏ ਸਨ। ਕਰੱਸ਼ਰ ਮਾਲਕ ਨਿਯਮਾਂ ਨੂੰ ਛਿੱਕੇ ਟੰਗ ਕਥਿਤ ਖਣਨ ਕਰ ਰਹੇ ਹਨ।
ਮਾਈਨਿੰਗ ਇੰਸਪੈਕਟਰ ਅਜੇ ਪਾਂਡੇ ਨੇ ਸਪੱਸ਼ਟ ਕੀਤਾ ਕਿ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ, ਵਿਰੁੱਧ ਕਾਰਵਾਈ ਲਈ ਕੰਪਨੀ ਨੂੰ ਮਾਈਨਿੰਗ ਵਿਭਾਗ ਜਾਂ ਪੁਲੀਸ ਦੀ ਸਹਾਇਤਾ ਲੈਣੀ ਚਾਹੀਦੀ ਹੈ ਨਾ ਕਿ ਆਪਣੇ ਪੱਧਰ ’ਤੇ ਕਾਰਵਾਈ ਕਰਨੀ ਚਾਹੀਦੀ ਹੈ।





