* …….ਜਦੋਂ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਰੋਸ ਧਰਨਾ ਦੇ ਰਹੇ ਭਾਜਪਾਈਆਂ ਨੇ 15 ਮਿੰਟਾਂ ‘ਚ ਆਪਣਾ ਧਰਨਾ ਸਮੇਟਿਆ*

पंजाब
Spread the love

ਤਲਵਾਡ਼ਾ,15 ਨਵੰਬਰ (ਦੀਪਕ ਠਾਕੁਰ)-ਅੱਜ ਕਸਬਾ ਹਾਜੀਪੁਰ ‘ਚ ਭਾਜਪਾ ਵੱਲੋਂ ਬਦਤਰ ਸਿਹਤ ਸਹੂਲਤਾਂ ਦੇ ਵਿਰੋਧ ‘ਚ ਪੀਐਚਸੀ ਹਾਜੀਪੁਰ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਜਾ ਰਿਹਾ ਸੀ। ਭਾਜਪਾ ਦੇ ਸਥਾਨਕ ਵਰਕਰਾਂ ਨੇ ਹਲ਼ਕਾ ਮੁਕੇਰੀਆਂ ਇੰਚਾਰਜ ਜੰਗੀ ਲਾਲ ਮਹਾਜਨ ਦੀ ਅਗਵਾਈ ਹੇਠ ਸਵੇਰੇ 10 ਤੋਂ 12 ਵਜੇ ਤੱਕ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ। ਜਿਸ ਦੀ ਭਿਨਕ ਇਲਾਕੇ ਦੇ ਕਿਸਾਨਾਂ ਨੂੰ ਪੈ ਗਈ। ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠਾਂ ਕਿਸਾਨ ਆਗੂ ਸੁਖਵਿੰਦਰ ਵਾਹਲਾ, ਅਜਾਇਬ ਸਿੰਘ ਤੇ ਹੈਪੀ ਸਡ਼ੋਆ ਦੀ ਅਗਵਾਈ ਹੇਠ ਕਿਸਾਨਾਂ ਨੇ ਭਾਜਪਾਈਆਂ ਦਾ ਜ਼ਬਰਦਸਤ ਵਿਰੋਧ ਕੀਤਾ। ਟਕਰਾਅ ਨੂੰ ਵਧਦਾ ਦੇਖ ਹਾਜੀਪੁਰ ਥਾਣਾ ਮੁਖੀ ਲੋਮੇਸ਼ ਸ਼ਰਮਾ ਮੁਸਤੈਦੀ ਨਾਲ 15 ਨਾਇਬ ਤਹਿਸੀਲਦਾਰ ਤਲਵਾਡ਼ਾ ਨੂੰ ਬੁਲਾ ਕੇ ਧਰਨਾਕਾਰੀਆਂ ਕੋਲ਼ੋ ਮੰਗ ਪੱਤਰ ਦਿਵਾ ਕੇ 15 ਮਿੰਟਾਂ ‘ਚ ਹੀ ਧਰਨਾ ਉਠਵਾ ਦਿੱਤਾ। ਇਸ ਮੌਕੇ ਕਿਸਾਨ ਆਗੂ ਪ੍ਰੀਤਮ ਸਿੰਘ, ਅਮਰਜੀਤ ਸਿੰਘ ਤੇ ਹਰਭਜਨ ਸਿੰਘ ਬੇਲਾ ਸਰਿਆਣਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਕਰਕੇ ਭਾਜਪਾ ਦੇ ਆਗੂਆਂ ਤੇ ਵਰਕਰਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ, ਇਹ ਬਦਤਰ ਸਿਹਤ ਸਹੂਲਤਾਂ ਦੀ ਆਡ਼ ‘ਚ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਹਨ, ਜਿਸ ਨੂੰ ਕਿਸਾਨ ਮੋਰਚਾ ਕਿਸੇ ਵੀ ਹਾਲਤ ‘ਚ ਸਫ਼ਲ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪੰਜਾਬ ‘ਚ ਅਕਾਲੀਆਂ ਨਾਲ ਰਲ਼ ਕੇ ਦਸ ਸਾਲ ਰਾਜ ਕੀਤਾ, ਉਦੋਂ ਉਨ੍ਹਾਂ ਨੂੰ ਬਦਤਰ ਸਿਹਤ ਸਹੂਲਤਾਂ ਨਜ਼ਰ ਕਿਉਂ ਨਹੀਂ ਆਈਆਂ ? ਭਾਜਪਾ ਦੇ ਕਾਰਜ਼ਕਾਲ ‘ਚ ਹੀ ਮੈਡੀਕਲ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਈ, ਇਹ ਚੁੱਪ ਕਿਉਂ ਰਹੇ? ਤਲਵਾਡ਼ਾ ‘ਚ ਬਣਨ ਵਾਲਾ ‘ਏਮਜ਼’ ਭਾਜਪਾ ਦੀ ਮਿਲੀਭੁਗਤ ਨਾਲ ਹੀ ਅਕਾਲੀ ਬਠਿੰਡਾ ਲੈ ਗਏ, ਕੇਂਦਰ ‘ਚ ਪਿਛਲੇ ਸੱਤ ਸਾਲਾਂ ਤੋਂ ਭਾਜਪਾ ਦੀ ਸਰਕਾਰ ਅਤੇ ਹੁਸ਼ਿਆਰਪੁਰ ਤੋਂ ਲਗਾਤਾਰ ਦੂਜੀ ਵਾਰ ਭਾਜਪਾ ਦਾ ਲੋਕ ਸਭਾ ਮੈਂਬਰ ਚੁਣੇ ਜਾਣ ਦੇ ਬਾਵਜੂਦ ਕੰਢੀ ਖ਼ੇਤਰ ਸਿਹਤ ਸਹੂਲਤਾਂ ਪੱਖੋਂ ਪੱਛਡ਼ਿਆ ਕਿਉਂ ਹੋਇਆ ਹੈ? ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪ੍ਰਸ਼ਾਸਨ ਰਾਹੀਂ ਸਥਾਨਕ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਖੇਤੀ ਕਾਨੂੰਨ ਰੱਦ ਹੋਣ ਤੱਕ ਮਾਹੌਲ ਸ਼ਾਂਤਮਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨੀ ਮਸਲਾ ਹੋਣ ਤੱਕ ਭਾਜਪਾ ਦਾ ਹਰ ਤਰ੍ਹਾਂ ਦਾ ਵਿਰੋਧ ਜ਼ਾਰੀ ਰਹੇਗਾ।

Leave a Reply

Your email address will not be published. Required fields are marked *