ਜਲੰਧਰ 19 ਨਵੰਬਰ: (ਦਾ ਮਿਰਰ ਪੰਜਾਬ)-ਕੇਂਦਰ ਸਰਕਾਰ ਵੱਲੋਂ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੇ ਫੈਸਲੇ ’ਤੇ ਬੋਲਦਿਆਂ ਆਲ ਇੰਡੀਆ ਜਾਟ ਮਹਾਂ ਸਭਾ ਦੇ ਆਦਮਪੁਰ ਤੋਂ ਪ੍ਰਧਾਨ ਜਗਦੀਪ ਸਿੰਘ ਨੇ ਕਿਹਾ ਕਿ ਇਹ ਦੇਸ਼ ਦੇ ਸਿਰੜੀ ਕਿਸਾਨਾਂ ਦੀ ਜਿੱਤ ਅਤੇ ਹਊਮੈ ਦੀ ਹਾਰ ਹੈ।ਸ੍ਰੀ ਜਗਦੀਪ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਇਹ ਫੈਸਲਾ ਬਹੁਤ ਪਹਿਲਾਂ ਲੈ ਲੈਣਾ ਚਾਹੀਦਾ ਸੀ ਪਰ ਉਨਾਂ ਨੇ ਆਪਣਾ ਅੜੀਅਲ ਰਵੱਈਆ ਨਹੀਂ ਛੱਡਿਆ। ਉਨਾਂ ਕਿਹਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਕਿਸਾਨ ਅੰਦੋਲਨ ਨੂੰ ਸਫਲ ਬਣਾਉਣ ਲਈ ਦੇਸ਼ ਦੇ ਕਿਸਾਨਾਂ ਵੱਲੋਂ ਝੱਲੀਆਂ ਔਕੜਾਂ ਲਈ ਉਹ ਕਿਸਾਨਾਂ ਨੂੰ ਸਿਜਦਾ ਕਰਦੇ ਹਨ, ਜਿਸ ਸਦਕਾ ਕੇਂਦਰ ਸਰਕਾਰ ਨੂੰ ਉਕਤ ਵਿਵਾਦਤ ਕਾਨੂੰਨ ਰੱਦ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੇ ਫੈਸਲਾ ਵੀ ਸ਼ਲਾਘਾਯੋਗ ਹੈ ਕਿਉਂਕਿ ਇਹ ਐਲਾਨ ਇਸ ਪਵਿੱਤਰ ਦਿਹਾੜੇ ਮੌਕੇ ਕੀਤਾ ਗਿਆ ਹੈ। ਉਨਾਂ ਇਸ ਧਰਨੇ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਵੀ ਮੰਗ ਕੀਤੀ।