ਪੈਰਿਸ 19 ਨਵੰਬਰ ( ਭੱਟੀ ਫਰਾਂਸ ) ਫਰਾਂਸ ਦੇ ਜਾਣੇ ਪਹਿਚਾਣੇ ਧਾਰਮਿਕ ਖਿਆਲਾਂ ਦੇ ਗਿਆਤਾ ਜਥੇਦਾਰ ਗੁਰਦਿਆਲ ਸਿੰਘ ਖਾਲਸਾ, ਭਾਈ ਜਸਵਿੰਦਰ ਸਿੰਘ ਪਾਸਲਾ, ਇਕਬਾਲ ਸਿੰਘ ਭੱਟੀ, ਸੁਖਵੀਰ ਸਿੰਘ ਕੰਗ, ਰਾਜਬੀਰ ਸਿੰਘ ਤੁੰਗ ਅਤੇ ਵਿਨੋਦ ਬਠਿੰਡਾ ਨੇ ਅਵਤਾਰ ਪੁਰਬ ਦੇ ਇਸ ਸ਼ੁੱਭ ਅਵਸਰ ਦੇ ਮੋਕੇ ਸਮੂੰਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਆਪਣੇ ਪ੍ਰੀਵਾਰਾਂ ਸਾਹਿਤ ਲੱਖ-ਲੱਖ ਵਧਾਈਆਂ ਭੇਜੀਆਂ ਅਤੇ ਕਿਹਾ ਕਿ ਅਸੀਂ ਬੜੇ ਵੱਡੇ ਭਾਗਾਂ ਵਾਲੇ ਹਾਂ ਜਿਹੜੇ ਕਿ ਅਸੀਂ ਆਪਣੀ ਜਿੰਦਗੀ ਵਿੱਚ ਪ੍ਰਮਾਤਮਾਂ ਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 553 ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ | 1469 ਈ. ਵਿੱਚ ਰਾਇ ਭੋਇ ਦੀ ਤਲਵੰਡੀ (ਸ਼੍ਰੀ ਨਨਕਾਣਾ ਸਾਹਿਬ ਜੋ ਕਿ ਪਾਕਿਸਤਾਨ ਵਿੱਚ ਹੈ ) ਵਿਖੇ ਪਿਤਾ ਕਲਿਆਣ ਦਾਸ ਮਹਿਤਾ ਅਤੇ ਮਾਤਾ ਤ੍ਰਿਪਤਾ ਦੇ ਗ੍ਰਹਿ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ । ਸਤਿਗੁਰ ਨਾਨਕੁ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ। ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਹਿ ਅੰਧੇਰੁ ਪਲੋਆ ਦੇ ਮਹਾਂਵਾਕ ਅਨੁਸਾਰ ਸੰਸਾਰ ਤੇ ਕਈ ਦੇਵੀ ਦੇਵਤੇ ਇਸ ਧਰਤੀ ਤੇ ਆਏ, ਐਪਰ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਂਗ ਮਨੁੱਖਤਾ ਦਾ ਕਲਿਆਣ ਨਾ ਕਰ ਸਕੇ । ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਇੱਕ ਗੁਰੂ ਦੇ ਲੜ ਲਾਇਆ ਅਤੇ ਸੱਚ ਦਾ ਮਾਰਗ ਦਰਸਾਉਣ ਵਾਸਤੇ ਚਾਰ ਉਦਾਸੀਆਂ ਵੀ ਕੀਤੀਆਂ। ਗੁਰੂ ਸਾਹਿਬ ਨੇ ਕਿਰਤ ਨੂੰ ਮਹਾਨਤਾ ਦਿੱਤੀ ਅਤੇ ਔਰਤਾਂ ਦੀ ਸਮਾਜ ਵਿੱਚ ਬਰਾਬਰੀ ਨੂੰ ਵੀ ਪਹਿਲ ਦਿੱਤੀ ਸੀ । ਸਤਿਗੁਰੂ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਵੀ ਪੁਕਾਰਿਆ। ਸੋ ਜਥੇਦਾਰ ਅਤੇ ਭਾਈ ਪਾਸਲਾ ਨੇ ਕਿਹਾ ਕਿ ਆਉ ਅੱਜ ਦੇ ਇਸ ਸ਼ੁਭ ਅਵਸਰ ਤੇ ਅਸੀਂ ਸਾਰੇ ਜਣੇ ਪ੍ਰਣ ਕਰੀਏ ਕਿ ਸਤਿਗੁਰੂ ਜੀ ਦੇ ਦਰਸਾਏ ਹੋਏ ਮਾਰਗ ਨੂੰ ਅਪਣਾ ਕੇ ਲੋਕਾਈ ਦੀ ਸੇਵਾ ਕਰੀਏ ਤੇ ਵਾਹਿਗੁਰੂ ਦੀ ਬਖਸ਼ੀ ਹੋਈ ਜਿੰਦਗੀ ਨੂੰ ਸਫਲ ਬਣਾਈਏ।





