ਪੈਰਿਸ 24 ਨਵੰਬਰ (ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਨੇ ਆਪਣੇ ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਸਾਥੀਆਂ ਦੇ ਹਵਾਲੇ ਨਾਲ਼ ਟੈਲੀਫੋਨ ਰਾਹੀਂ ਮੀਡੀਆ ਪੰਜਾਬ ਦੇ ਫਰਾਂਸ ਤੋਂ ਪੱਤਰਕਾਰ ਇਕਬਾਲ ਸਿੰਘ ਭੱਟੀ ਨਾਲ਼ ਬੜੇ ਹੀ ਫ਼ਕਰ ਭਰੇ ਲਹਿਜੇ ਨਾਲ਼ ਦੱਸਿਆ ਕਿ ਬੀਤੇ ਕੱਲ, ਹਲਕਾ ਚੱਬੇਵਾਲ ਤੋਂ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸਰਦਾਰ ਠੰਡਲ ਦੀ ਯੋਗ ਅਗਵਾਈ ਹੇਠ, ਇਸ ਹਲਕੇ ਦੇ ਕਰੀਬਨ 32 ਪਿੰਡਾਂ ਦੀਆਂ ਪੰਚਾਇਤਾਂ ਅਤੇ ਗੁਰਦਵਾਰਾ ਕਮੇਟੀਆਂ ਨੇ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ, ਇੱਕੋ ਦਿਨ ਵਿੱਚ ਹੀ, ਅਲੱਗ ਅਲੱਗ ਥਾਵਾਂ ਉੱਪਰ, ਸਿਰੋਪਾਉ ਪਾ ਕੇ ਭਰਵਾਂ ਸਵਾਗਤ ਕੀਤਾ ਅਤੇ ਜੀ ਆਇਆਂ ਨੂੰ ਕਿਹਾ | ਇਸ ਤੋਂ ਬਿਨਾਂ ਹਰੇਕ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਸਰਪੰਚਾਂ ਦੇ ਨਾਲ਼ ਨਾਲ਼, ਗੁਰਦਵਾਰਾ ਕਮੇਟੀਆਂ ਦੇ ਪ੍ਰਧਾਨਾਂ ਨੇ ਵੀ ਸਰਦਾਰ ਠੰਡਲ ਦੀ ਹਾਜਰੀ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦੁਆਇਆ ਕਿ ਅਸੀਂ ਤਨ ਮਨ ਅਤੇ ਧੰਨ ਨਾਲ਼ ਦਿਲੋਂ ਹੋ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣਾਉਣ ਵਾਸਤੇ ਹਰੇਕ ਹਲਕੇ ਵਿੱਚ ਜਾ ਕੇ ਤੁਹਾਡੇ ਹੱਕ ਵਿੱਚ ਪ੍ਰਚਾਰ ਕਰਾਂਗੇ ਅਤੇ ਗੱਠਜੋੜ ਨੂੰ ਵੋਟਾਂ ਪਾਉਣ ਦਾ ਹੋਕਾ ਵੀ ਦਿਆਂਗੇ |
ਪਿੰਡ ਭੂੰਗਰਨੀ ਦੇ ਸਰਪੰਚ ਅਤੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਨੇ ਵੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਉਨ੍ਹਾਂ ਦੇ ਪਿੰਡ ਪਹੁੰਚਣ ਉਪਰੰਤ ਜਿੱਥੇ ਸਿਰੋਪਾਉ ਦੇ ਕੇ ਭਰਵਾਂ ਸਵਾਗਤ ਕੀਤਾ, ਉੱਥੇ ਹੀ ਇਹ ਵਿਸ਼ਵਾਸ਼ ਵੀ ਦੁਆਇਆ ਕਿ ਸਮਾਂ ਆਉਣ ਦਿਉ ਸਾਡੇ ਪਿੰਡ ਦੀ ਬਹੁਸੰਮਤੀ ਵੋਟ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸਰਦਾਰ ਸੋਹਣ ਸਿੰਘ ਠੰਡਲ ਨੂੰ ਹੀ ਪਵੇਗੀ ਅਤੇ ਸਰਦਾਰ ਠੰਡਲ ਹੀ ਹਲਕਾ ਚੱਬੇਵਾਲ ਤੋਂ ਐਮ.ਐਲ. ਏ ਦੀ ਸੀਟ ਜਿੱਤ ਕੇ ਤੁਹਾਡੀ ਝੋਲੀ ਪਾਉਣਗੇ |
ਸਰਦਾਰ ਸੁਖਬੀਰ ਸਿੰਘ ਵਲੋਂ ਕੀਤੇ ਗਏ ਪਿੰਡ ਭੁੰਗਰਨੀ ਦੇ ਦੌਰੇ ਨੂੰ ਸਫਲ ਬਣਾਉਣ ਵਾਸਤੇ ਜਥੇਦਾਰ ਭੁੰਗਰਨੀ ਨੇ ਉਚੇਚਾ ਉਤਸ਼ਾਹ ਦਿਖਾਇਆ ਅਤੇ ਜਿਤਨੀ ਦੇਰ ਤੱਕ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਸਰਦਾਰ ਠੰਡਲ ਪਿੰਡ ਭੂੰਗਰਨੀ ਵਿਖ਼ੇ ਰੁਕੇ ਰਹੇ, ਉਤਨੀ ਦੇਰ ਤੱਕ ਸਰਦਾਰ ਭੁੰਗਰਨੀ ਵੀ ਟੈਲੀਫੋਨ ਰਾਹੀਂ ਆਪਣੇ ਨਗਰ ਨਿਵਾਸੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਰਹੇ ਤਾਂ ਕਿ ਇਨ੍ਹਾਂ ਦੋਹਾਂ ਨੇਤਾਵਾਂ ਦੀ ਆਉ ਭਗਤ ਵਿੱਚ ਕੋਈ ਕਸਰ ਬਾਕੀ ਨਾਂ ਰਹੇ | ਇਸਤੋਂ ਬਿਨਾ ਸਰਦਾਰ ਭੁੰਗਰਨੀ ਨੇ ਟੈਲੀਫੋਨ ਜਰੀਏ ਵੀ ਸਰਦਾਰ ਬਾਦਲ ਅਤੇ ਠੰਡਲ ਨੂੰ ਯਕੀਨ ਦੁਆਇਆ ਕਿ ਚੋਣਾਂ ਆ ਲੈਣ ਦਿਉ ਅਸੀਂ ਐਨ. ਆਰ. ਆਈਜ਼ ਦਾ ਇੱਕ ਡੈਲੀਗੇਸ਼ਨ ਲੈ ਕੇ ਪੰਜਾਬ ਆਵਾਂਗੇ ਅਤੇ ਹਰੇਕ ਹਲਕੇ ‘ਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਾਸਤੇ ਪ੍ਰਚਾਰ ਵੀ ਕਰਾਂਗੇ, ਤਾਂ ਕਿ ਪੰਜਾਬ ‘ਚ ਵਿਕਾਸ ਦੀ ਹਨੇਰੀ ਲਿਆਉਣ ਵਾਲੀ ਗੱਠਜੋੜ ਦੀ ਸਾਂਝੀ ਸਰਕਾਰ ਬਣ ਸਕੇ |





