ਤਲਵਾਡ਼ਾ,18 ਮਈ (ਦੀਪਕ ਠਾਕੁਰ)-ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ 24 ਦੀ ਦਿੱਲੀ ਰੈਲੀ ਲਈ ਮੁਲਾਜ਼ਮਾਂ ‘ਚ ਉਤਸ਼ਾਹ ਹੈ। ਐਨਪੀਐਸ ਮੁਲਾਜ਼ਮ ਮੰਗਲਵਾਰ ਨੂੰ ਜੰਤਰ ਮੰਤਰ ਵਿਖੇ ਦਿੱਤੇ ਜਾਣ ਵਾਲੇ ਰਾਸ਼ਟਰੀ ਪੱਧਰੀ ਰੋਸ ਪ੍ਰਦਰਸ਼ਨ ‘ਚ ਹਿੱਸਾ ਲੈਣ ਲਈ ਪੱਬਾਂ ਭਾਰ ਹਨ। ਇਹ ਵਿਚਾਰ ਅਖ਼ਿਲ ਭਾਰਤੀ ਪੈਨਸ਼ਨ ਬਹਾਲੀ ਸੰਯੁਕਤ ਮੋਰਚਾ ਦੇ ਕੌਮੀ ਕਨਵੀਨਰ ਜਸਵੀਰ ਤਲਵਾਡ਼ਾ ਨੇ ਰੈਲੀ ਦੀ ਤਿਆਰੀਆਂ ਸਬੰਧੀ ਇੱਥੇ ਬਲਾਕ ਪੱਧਰੀ ਮੀਟਿੰਗ ‘ਚ ਸਾਂਝੇ ਕੀਤੇ। ਅਖ਼ਿਲ ਭਾਰਤੀ ਪੈਨਸ਼ਨ ਬਹਾਲ ਸੰਯੁਕਤ ਮੋਰਚਾ ਦੇ ਸੱਦੇ ’ਤੇ ਕੀਤੀ ਜਾ ਰਹੇ ਰੋਸ ਪ੍ਰਦਰਸ਼ਨ ‘ਚ ਦੇਸ਼ ਦੇ ਵੱਖ- ਵੱਖ ਸੂਬਿਆਂ ਤੋਂ ਐਨਪੀਐਸ ਮੁਲਾਜ਼ਮ ਸ਼ਾਮਲ ਹੋਣਗੇ। ਪੰਜਾਬ ‘ਚੋਂ ਵੀ ਵੱਡੀ ਗਿਣਤੀ ਮੁਲਾਜ਼ਮ ਸ਼ਿਰਕਤ ਕਰਨਗੇ, ਜਿਸ ਸਬੰਧੀ ਬਲਾਕ ਪੱਧਰੀ ਮੀਟਿੰਗਾਂ ਕਰਕੇ ਮੁਲਾਜ਼ਮਾਂ ਦੀ ਲਾਮਬੰਦੀ ਅਤੇ ਰੋਸ ਪ੍ਰਦਰਸ਼ਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਬਲਾਕ ਤਲਵਾਡ਼ਾ,ਹਾਜੀਪੁਰ ਤੇ ਮੁਕੇਰੀਆਂ ‘ਚ ਮੀਟਿੰਗਾਂ ਕੀਤੀਆਂ ਗਈਆਂ, ਮੁਲਾਜ਼ਮਾਂ ‘ਚ ਦਿੱਲੀ ਰੈਲੀ ਨੂੰ ਲੈ ਕੇ ਭਰਵਾਂ ਹੁੰਗਾਰਾ ਹੈ। ਬਲਾਕ ਤਲਵਾਡ਼ਾ ਪ੍ਰਧਾਨ ਮਨਮੋਹਨ ਸਿੰਘ ਨੇ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰ ਤੋਂ ਛੱਤੀਸਗਡ਼੍ਹ ਅਤੇ ਰਾਜਸਥਾਨ ਦੀਆਂ ਸਰਕਾਰਾਂ ਦੀ ਤਰਜ ’ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੱਤ ਪ੍ਰਕਾਸ਼, ਨਰੇਸ਼ ਮਿੱਡਾ, ਜਸਵਿੰਦਰ ਸਿੰਗਲਾ, ਰਾਜੀਵ ਸ਼ਰਮਾ, ਨਿਰਮਲ ਬੱਧਣ ਆਦਿ ਹਾਜ਼ਰ ਸਨ।





