ਮੁੱਲਾਂਪੁਰ ਦਾਖਾ 31 ਜਨਵਰੀ (ਦਾ ਮਿਰਰ ਪੰਜਾਬ)-ਇਲੈਕਟ੍ਰੋਨਿਕ ਆਧੁਨਿਕ ਸਿਸਟਮ ਅਨੁਸਾਰ ਵੋਟਰਾਂ ਵਿੱਚ ਵੋਟ ਪਾਉਣ ਦੀ ਨਵੀਂ ਰੁਚੀ ਪੈਦਾ ਕਰਨ ਲਈ ਅਤੇ ਕਾਂਗਰਸ ਸਰਕਾਰ ਦੀਆਂ 111 ਦਿਨਾਂ ਦੀ ਪ੍ਰਾਪਤੀਆਂ ਸਬੰਧੀ ਹਲਕਾ ਦਾਖਾ ਦੇ ਪਿੰਡਾਂ ਅੰਦਰ ਚੋਣ ਪ੍ਰਚਾਰ ਕਰਨ ਲਈ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਅੱਜ ਕਾਂਗਰਸ ਪਾਰਟੀ ਦੇ ਮੁੱਖ ਚੋਣ ਦਫਤਰ ਮੰਡੀਂ ਮੁੱਲਾਂਪੁਰ ਦਾਖਾ ਤੋਂ ਇੱਕ ਐਲ.ਈ.ਡੀ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਕੈਪਟਨ ਸੰਧੂ ਨੇ ਕਿਹਾ ਕਿ ਹਲਕਾ ਦਾਖਾ ਦਾ ਵੋਟਰ ਪੜ੍ਹਿਆ ਲਿਖਿਆ, ਸੂਝਵਾਨ ਤੇ ਸਿਆਣਾ ਹੈ, ਆਪਣੇ ਭਵਿੱਖ ਦਾ ਫੈਸਲਾ ਕਰਨ ਵਾਲਾ ਖੁਦ ਹੈ, ਇਸ ਲਈ ਨਵੇਂ ਤਰੀਕੇ ਨਾਲ ਇਨ੍ਹਾਂ ਨੂੰ ਸੂਝਵਾਨ ਵੋਟਰਾਂ ਨੂੰ ਕਾਂਗਰਸ ਪਾਰਟੀ ਪ੍ਰਤੀ ਜਾਗਰੂਕ ਕਰਨ ਲਈ ਅਤੇ ਪੰਜਾਬ ਸਰਕਾਰ ਵੱਲੋਂ 111 ਦਿਨਾਂ ਅੰਦਰ ਕੀਤੇ ਕੰਮਾਂ ਦੀ ਤਰਬੀਤਵਾਰ ਜਾਣਕਾਰੀ ਦੇਣ ਲਈ ਐੱਲ.ਈ.ਡੀ ਵੈਨ ਰਵਾਨਾ ਕੀਤਾ ਜਾ ਰਿਹਾ ਹੈ, ਕਿਉਂਕਿ ਕਾਂਗਰਸ ਪਾਰਟੀ ਨੂੰ ਬਦਨਾਮ ਕਰਨ ਲਈ ਵਿਰੋਧੀ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ। ਪਰ ਵੋਟਰਾਂ ਵਿੱਚ ਇਹ ਜਗਿਆਸਾ ਹੈ ਕਿ ਆਖਰ ਪੰਜਾਬ ਸਰਕਾਰ ਨੇ ਕਿਹੜੇ-ਕਿਹੜੇ ਫੈਸਲੇ ਲਏ ਹਨ। ਉਨ੍ਹਾਂ ਦੀ ਭਰਪੂਰ ਜਾਣਕਾਰੀ ਦੇਣ ਲਈ ਇਸ ਐਲ.ਈ.ਡੀ ਵੈਨ ਜਰੀਏ ਸਾਰੀ ਜਾਣਕਾਰੀ ਉਨ੍ਹਾਂ ਨੂੰ ਮੁਹੱਈਆਂ ਕਰਵਾਈ ਜਾਵੇਗੀ।
ਇਸ ਮੌਕੇ ਉਨ੍ਹਾਂ ਨਾਲ ਮੈਡਮ ਪੁਨੀਤਾ ਸੰਧੂ, ਕਾਂਗਰਸ ਦੇ ਜਰਨਲ ਸੈਕਟਰੀ ਲਖਵਿੰਦਰ ਸਿੰਘ ਸਪਰਾ (ਦਫਤਰ ਇੰਚਾਰਜ) ਸਮੇਤ ਹੋਰ ਵੀ ਨੌਜਵਾਨ ਯੂਥ ਆਗੂ ਹਾਜਰ ਸਨ।





