*ਯੂਕਰੇਨ ਰੂਸ ਜੰਗ ਨੇ ਮਾਪਿਆਂ ਦੇ ਸਾਹ ਸੂਤੇ, ਖਾਰਕੀਵ ‘ਚ ਚਾਰ ਹਜ਼ਾਰ ਭਾਰਤੀ ਵਿਦਿਆਰਥੀ ਮੌਜ਼ੂਦ*

पंजाब
Spread the love

ਤਲਵਾਡ਼ਾ, 1 ਮਾਰਚ (ਦੀਪਕ ਠਾਕੁਰ)-ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਅਤੇ ਰੂਸ ਵੱਲੋਂ ਖਾਰਕੀਵ ਸ਼ਹਿਰ ‘ਤੇ ਕੀਤੀ ਜਾ ਰਹੀ ਬੰਬਾਰੀ ਨੇ ਭਾਰਤੀ ਵਿਦਿਆਰਥੀਆਂ ਦੇ ਮਾਪਿਆਂ ਦੇ ਸਾਹ ਸੂੁਤ ਦਿੱਤੇ ਹਨ। ਮਾਪੇ ਆਪਣੇ ਵਿਦੇਸ਼ ਪਡ਼੍ਹਨ ਗਏ ਬੱਚਿਆਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਚਿੰਤਤ ਹਨ। ਇੱਥੇ ਬੀਬੀਐਮਬੀ ਕਲੌਨੀ ਦੇ ਵਸਨੀਕ ਹੈਲਥ ਇੰਸਪੈਕਟਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸਦੀ 20 ਸਾਲਾ ਲਡ਼ਕੀ ਅਨਿਕਾ ਡਾਕਟਰੀ ਦੀ ਪਡ਼੍ਹਾਈ ਲਈ ਯੂਕਰੇੇਨ ਗਈ ਹੋਈ ਹੈ। ਉਹ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਿਸਟੀ ‘ਚ ਦੂਜੇ ਸਾਲ ਦੀ ਵਿਦਿਆਰਥਣ ਹੈ।

ਰੂਸੀ ਫ਼ੌਜ ਵੱਲੋਂ ਲੰਘੇ ਕੱਲ੍ਹ ਖਾਰਕੀਵ ਦੇ ਰਿਹਾਇਸ਼ੀ ਇਲਾਕੇ ‘ਚ ਕੀਤੀ ਬੰਬਾਰੀ ਕਾਰਨ ਉਹ ਚਿੰਤਤ ਹਨ। ਉਨ੍ਹਾਂ ਦੱਸਿਆ ਕਿ ਕੱਲ੍ਹ ਅਨਿਕਾ ਨਾਲ ਫੋਨ ’ਤੇ ਗੱਲ ਹੋਈ ਸੀ, ਉਸ ਨੇ ਦੱਸਿਆ ਕਿ ਉਹ ਖਸਤਾ ਹਾਲ ਬੰਕਰ ਵਿੱਚ ਹਨ। ਜਿੱਥੇ ਉਸ ਨਾਲ ਸਾਢੇ ਸੱਤ ਸੌ ਦੇ ਕਰੀਬ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਖਾਰਕੀਵ ‘ਚ ਚਾਰ ਹਜ਼ਾਰ ਦੇ ਕਰੀਬ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਅਨਿਕਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੋਲੈਂਡ, ਹੰਗਰੀ ਰੋਮਾਨਿਆ ਆਦਿ ਰਾਹੀਂ ਭਾਰਤੀ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਖਾਰਕੀਵ ਤੋਂ ਇਨ੍ਹਾਂ ਦੇਸ਼ਾਂ ਦੀ ਦੂਰੀ 1400 , 1600 ਤੇ 1200 ਕਿਲੋਮੀਟਰ ਹੈ। ਅਜਿਹੇ ਹਾਲਾਤਾਂ ‘ਚ ਖਾਰਕੀਵ ਤੋਂ ਵਿਦਿਆਰਥੀਆਂ ਦਾ ਪੋਲੈਂਡ, ਹੰਗਰੀ ਤੇ ਰੋਮਾਨਿਆ ਪਹੁੰਚਣਾ ਮੁਸ਼ਕਲ ਹੀ ਨਹੀਂ ਅਸੰਭਵ ਹੈ। ਜਦਕਿ ਰੂਸ ਦਾ ਬਾਰਡਰ ਖਾਰਕੀਵ ਤੋਂ ਮਹਿਜ਼ 40 ਕਿਲੋਮੀਟਰ ਦੂਰ ਹੈ। ਉਧਰ ਬੀਬੀਐਮਬੀ ਕਲੌਨੀ ‘ਚ ਹੀ ਮੰਦਰ ਦੇ ਪੁਜ਼ਾਰੀ ਚੁੰਨੂ ਝਾਅ ਨੇ ਦੱਸਿਆ ਕਿ ਉਨ੍ਹਾਂ ਦਾ ਲਡ਼ਕਾ ਸ਼ਿਵਮ ਝਾਅ ਕੀਵ ਮੈਡੀਕਲ ਯੂਨੀਵਰਸਿਟੀ ‘ਚ ਪੰਜਵੇਂ ਸਾਲ ਦਾ ਵਿਦਿਆਰਥੀ ਹੈ, ਉਹ ਆਪਣੇ ਸਾਧਨ ਰਾਹੀਂ ਬੀਤੀ 26 ਤਾਰੀਕ ਤੋਂ ਪੋਲੈਂਡ ਪਹੁੰਚ ਗਿਆ ਹੈ। ਪਰ ਅਜੇ ਤੱਕ ਭਾਰਤ ਸਰਕਾਰ ਜਾਂ ਹੋਰ ਏਜੰਸੀ ਵੱਲੋਂ ਉਨ੍ਹਾਂ ਨਾਲ ਕੋਈ ਰਾਬਤਾ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਵਤਨ ਵਾਪਸੀ ਲਈ ਕੋਈ ਯਤਨ ਕੀਤੇ ਗਏ ਹਨ।

ਅਨਿਕਾ ਦੀ ਮਾਤਾ ਪਰਮਜੀਤ ਬਾਲਾ ਜੋ ਕਿ ਸਥਾਨਕ ਡੀਏਵੀ ਸਕੂਲ ‘ਚ ਅਧਿਆਪਕ ਹਨ ਅਤੇ ਸ਼ਿਵਮ ਝਾਅ ਦੀ ਮਾਤਾ ਸੁਨੀਤਾ ਦੇਵੀ ਨੇ ਕਿਹਾ ਕਿ ਜੇਕਰ ਦੇਸ਼ ਦੇ ਹਾਕਮਾਂ ਨੇ ਮੁਲਕ ‘ਚ ਹੀ ਸਿੱਖਿਆ ਦਾ ਸਸਤਾ ਤੇ ਮਿਆਰੀ ਪ੍ਰਬੰਧ ਉਸਾਰਿਆ ਹੁੰਦਾ ਤਾਂ ਉਹ ਕਦੇ ਵੀ ਆਪਣੇ ਬੱਚੇ ਬਾਹਰਲੇ ਮੁਲਕ ਪਡ਼੍ਹਾਈ ਨਾ ਭੇਜਦੇ।

ਕੇਂਦਰੀ ਰਾਜ ਮੰਤਰੀ ਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਸੋਮ ਪ੍ਰਕਾਸ਼ ਨੇ ਕਿਹਾ ਕਿ ਭਾਰਤ ਸਰਕਾਰ ਯੂਕਰੇਨ ‘ਚ ਫਸੇ ਵਿਦਿਆਰਥੀਆਂ ਦੀ ਸੁਰੱਖਿਅਤ ਵਤਨ ਵਾਪਸੀ ਲਈ ਚਿੰਤਤ ਤੇ ਯਤਨਸ਼ੀਲ ਹੈ। ਅੱਜ ਤੱਕ 9 ਜਹਾਜ਼ਾਂ ਰਾਹੀਂ ਦੂਜੇ ਦੇਸ਼ਾਂ ‘ਚ ਪਹੁੰਚ ਚੁੱਕੇ ਵਿਦਿਆਰਥੀਆਂ ਨੂੰ ਭਾਰਤ ਲਿਆਂਦਾ ਗਿਆ ਹੈ। ਭਲਕੇ ਸੱਤ ਹੋਰ ਜਹਾਜ਼ਾਂ ਪਹੁੰਚੇ ਰਹੇ ਹਨ। ਜਿਸਦਾ ਸਾਰਾ ਖਰਚ ਭਾਰਤ ਸਰਕਾਰ ਸਹਿਣ ਕਰ ਰਹੀ ਹੈ। ਭਾਰਤੀ ਏਅਰ ਫੋਰਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਸਰਕਾਰ ਸਾਹਮਣੇ ਦੋ ਤਰ੍ਹਾਂ ਦੀ ਸੱਮਸਿਆ ਹੈ। ਜਿਹਡ਼ੇ ਵਿਦਿਆਰਥੀ ਯੂਕਰੇਨ ਦੇ ਗੁਆਂਢੀ ਮੁਲਕਾਂ ‘ਚ ਪਹੁੰਚ ਚੁੱਕੇ ਹਨ, ਉਨ੍ਹਾਂ ਦੀ ਵਤਨ ਵਾਪਸੀ। ਦੂਜਾ ਜੋ ਵਿਦਿਆਰਥੀ ਯੂਕਰੇਨ ਦੇ ਅੰਦਰ ਫਸੇ ਹੋਏ ਹਨ, ਉਨ੍ਹਾਂ ਨੂੰ ਕਿਸੇ ਵੀ ਢੰਗ ਨਾਲ ਯੂਕਰੇਨ ਦੀ ਸੀਮਾ ‘ਤੇ ਲਿਆਉਣਾ। ਇਸ ਕੰਮ ਲਈ ਪ੍ਰਧਾਨ ਮੰਤਰੀ ਦੋ ਉੱਚ ਪੱਧਰੀ ਮੀਟਿੰਗਾਂ ਕਰ ਚੁੱਕੇ ਹਨ, ਚਾਰ ਕੈਬਨਿਟ ਮੰਤਰੀਆਂ ਦੀਆਂ ਡਿਊਟੀਆਂ ਇਨ੍ਹਾਂ ਹਾਲਾਤਾਂ ਨਾਲ ਸਿੱਜਣ ਲਈ ਲਗਾਈਆਂ ਹਨ। ਸ੍ਰੀ ਸੋਮ ਪ੍ਰਕਾਸ਼ ਨੇ ਦਾਅਵਾ ਕੀਤਾ ਕਿ ਭਾਰਤੀ ਐਬੰਸੀ ਵਿਦਿਆਰਥੀਆਂ ਦੇ ਸੰਪਰਕ ‘ਚ ਹੈ।

 

Leave a Reply

Your email address will not be published. Required fields are marked *