ਤਲਵਾਡ਼ਾ,10 ਮਈ (ਦੀਪਕ ਠਾਕੁਰ)-ਇੱਥੇ ਪਿੰਡ ਨਮੋਲੀ ‘ਚ ਪੋਲਟਰੀ ਫਾਰਮ ਕਾਰਨ ਨੇਡ਼ਲੇ ਪਿੰਡਾਂ ‘ਚ ਮੱਖੀਆਂ ਅਤੇ ਬਦਬੂ ਦੀ ਪੈਦਾ ਹੋਈ ਸੱਮਸਿਆ ’ਤੇ ਐਸਡੀਐਮ ਮੁਕੇਰੀਆਂ ਨੇ ਸਖ਼ਤ ਨੋਟਿਸ ਲਿਆ ਹੈ। ਐਸਡੀਐਮ ਕੰਵਲਜੀਤ ਸਿੰਘ ਨੇ ਪੋਲਟਰੀ ਫਾਰਮ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੇ ਐਸਡੀਐਮ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਲੋਕਾਂ ‘ਚ ਖ਼ੁਸ਼ੀ ਦੀ ਲਹਿਰ ਹੈ। ਫੈਸਲੇ ’ਤੇ ਪ੍ਰਤੀਕਿਰਿਆ ਦਿੰਦੇ ਹੋਇਆਂ ਪਿੰਡ ਸਥਵਾਂ, ਭਟੋਲੀ ਤੇ ਫਤਹਿਪੁਰ ਦੀ ਮਹਿਲਾ ਸਰਪੰਚ ਸੀਮਾ ਰਾਣੀ, ਸ਼ਸ਼ੀ ਬਾਲਾ ਅਤੇ ਸੀਮਾ ਰਾਣੀ ਨੇ ਕਿਹਾ ਕਿ ਪਿਛਲੇ ਲੰਮੇ ਅਰਸੇ ਤੋਂ ਨਮੋਲੀ ਸਮੇਤ ਭਟੋਲੀ, ਗਵਾਲਚੱਕ, ਸਥਵਾਂ, ਰੌਲ਼ੀ, ਕਰਾਡ਼ੀ, ਫਤਹਿਪੁਰ, ਨਮੋਲੀ ਹਾਰ, ਸ਼੍ਰੀ ਪੰਡਾਇਣ ਆਦਿ ਨੇਡ਼ਲੇ ਕਰੀਬ ਇੱਕ ਦਰਜਨ ਪਿੰਡ ਮੱਖੀਆਂ ਦੀ ਭਰਮਾਰ ਅਤੇ ਬਦਬੂ ਦੀ ਸਮਸਿਆ ਤੋਂ ਜੂਝ ਰਹੇ ਸਨ। ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਸੀ, ਮੱਖੀਆਂ ਕਾਰਨ ਬਿਮਾਰੀਆਂ ਫੈਲਣ ਦਾ ਡਰ ਹਰ ਵਕਤ ਬਣਿਆ ਰਹਿੰਦਾ ਸੀ, ਬਦਬੂ ਦੇ ਚੱਲਦਿਆਂ ਪ੍ਰਭਾਵਿਤ ਪਿੰਡਾਂ ‘ਚ ਰਿਸ਼ਤੇਦਾਰਾਂ ਨੇ ਆਉਣਾ ਛੱਡ ਦਿੱਤਾ, ਲੋਕ ਇਨ੍ਹਾਂ ਪਿੰਡਾਂ ‘ਚ ਵਿਆਹ ਕਰਵਾਉਣ ਤੋਂ ਕਤਰਾਉਂਦੇ ਸਨ। ਐਸਡੀਐਮ ਦੇ ਫੈਸਲੇ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ‘ਆਪ’ ਦੇ ਨੌਜਵਾਨ ਆਗੂ ਵਿੱਕੀ ਸ਼ਰਮਾ ਨੇ ਦੱਸਿਆ ਕਿ ਸਾਲ 1997 ‘ਚ ਪਹਿਲੀ ਵਾਰ ਪੋਲਟਰੀ ਫਾਰਮ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ, ਸਾਲ 2019 ਵਿੱਚ ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਨੇ ਪੋਲਟਰੀ ਫਾਰਮ ਮਾਲਕ ਤੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ‘ਚ ਕੁੱਝ ਸ਼ਰਤਾਂ ਤਹਿਤ ਸਮਝੋਤਾ ਕਰਵਾ ਦਿੱਤਾ ਸੀ, ਪਰ ਪੋਲਟਰੀ ਫਾਰਮ ਮਾਲਕ ਉਸ ਸਮਝੋਤੇ ’ਤੇ ਵੀ ਖ਼ਰਾ ਨਹੀਂ ਉਤਰਿਆ।
ਫੈਸਲੇ ਦਾ ਸਵਾਗਤ ਕਰਦਿਆਂ ਕਾਂਗਰਸ ਪਾਰਟੀ ਦੇ ਆਗੂ ਸੁਮੀਤ ਡਡਵਾਲ, ‘ਆਪ’ ਆਗੂ ਵਿੱਕੀ ਸ਼ਰਮਾ, ਭਾਜਪਾ ਦੇ ਬਲਰਾਮ ਕੁਮਾਰ, ਬਹਿ ਜੋਗਨ ਦੇ ਸਰਪੰਚ ਜਤਿੰਦਰ ਕੁਮਾਰ, ਸਰਪੰਚ ਨੀਸ਼ਾ ਰਾਣੀ, ਨਮੋਲੀ ਹਾਰ ਦੇ ਸਰਪੰਚ ਹਰੀਸ਼ ਕੁਮਾਰ ਆਦਿ ਨੇ ਐਸਡੀਐਮ ਮੁਕੇਰੀਆਂ ਕੰਵਲਜੀਤ ਸਿੰਘ ਦਾ ਧੰਨਵਾਦ ਕੀਤਾ ਹੈ।
ਪੋਪੀ ਪੋਲਟਰੀ ਫਾਰਮ ਨਮੋਲੀ ਦੇ ਮਾਲਕ ਰਜਤ ਰਸਵਾਨ ਨੇ ਕਿਹਾ ਕਿ ਉਹ ਐਸਡੀਐਮ ਦੇ ਫੈਸਲੇ ਦੀ ਕਾਪੀ ਦੀ ਉਡੀਕ ਕਰ ਰਹੇ ਹਨ। ਉਸ ਤੋਂ ਬਾਅਦ ਹੀ ਟਿੱਪਣੀ ਕਰਨਗੇ।





