ਜਲੰਧਰ ( ਦਾ ਮਿਰਰ ਪੰਜਾਬ)-ਜਿਉਂ ਹੀ ਅੱਜ ਅਲੱਗ ਅਲੱਗ ਨਿਊਜ਼ ਪੋਰਟਲ ਉਤੇ ਇਹ ਖਬਰ ਨਸ਼ਰ ਹੋਈ ਹੈ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਕੱਲ੍ਹ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ ਇਸਦੇ ਨਾਲ ਹੀ ਉਹਨਾਂ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਇਸੇ ਸਬੰਧ ਵਿਚ ਐਨ ਆਰ ਆਈ ਸਭਾ ਪੰਜਾਬ ਦੇ ਐਗਜੈਕਟਿਵ ਮੈਂਬਰ ਸ. ਜਗਬੀਰ ਸਿੰਘ ਸ਼ੇਰਗਿੱਲ ਨੇ ਸਾਬਕਾ ਵਿਧਾਇਕ ਜਗਬੀਰ ਬਰਾੜ ਦਾ ਡੱਟ ਕੇ ਵਿਰੋਧ ਕਰਦਿਆਂ ਕਿਹਾ ਕਿ ਸਾਡੀ ਜ਼ਮੀਨ ਲੋਹਾਰ ਨੰਗਲ 66 ਫੁੱਟੀ ਰੋਡ ਉਪਰ ਹੈ ਜਿਸ ਦੀ ਕੀਮਤ ਕਰੋੜਾਂ ਰੁਪਏ ਵਿੱਚ ਹੈ । ਉਹਨਾਂ ਦੱਸਿਆ ਕਿ ਸਾਬਕਾ ਐਮ ਐਲ ਏ ਨੇ ਉਕਤ ਜ਼ਮੀਨ ਦੇ ਗ਼ਲਤ ਕਾਗਜ਼ਾਤ ਬਣਾ ਕੇ ਉਸ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ । ਉਹਨਾਂ ਦੱਸਿਆ ਕਿ ਇਸੇ ਸਬੰਧੀ ਸ਼ਿਕਾਇਤ ਪੁਲਿਸ ਕਮਿਸ਼ਨਰ ਸਾਹਿਬ ਨੂੰ ਦਿੱਤੀ ਹੋਈ ਹੈ ਜੋ ਕਿ ਜਾਂਚ ਅਧੀਨ ਹੈ। ਸ. ਜਗਬੀਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਸ ਸਬੰਧੀ ਮੈਂ ਐਨ ਆਰ ਆਈ ਕੋਰਟ ਵਿਚ ਕੇਸ ਲਗਾਇਆ ਹੋਇਆ ਹੈ ਜਿਸ ਵਿੱਚ ਮਾਣਯੋਗ ਅਦਾਲਤ ਨੇ ਜਗਬੀਰ ਸਿੰਘ ਬਰਾੜ ਨੂੰ ਆਦੇਸ਼ ਦਿੱਤੇ ਹਨ ਕਿ ਉਹ ਵਿਵਾਦਤ ਜ਼ਮੀਨ ਨੂੰ ਵੇਚ ਨਹੀਂ ਸਕਦੇ ਜਿੰਨੇ ਸਮੇਂ ਤਕ ਉਕਤ ਮਾਮਲੇ ਸਬੰਧੀ ਫੈਸਲਾ ਨਹੀਂ ਆ ਜਾਂਦਾ।
ਸ. ਜਗਬੀਰ ਸਿੰਘ ਸ਼ੇਰਗਿੱਲ ਨੇ ਅੱਗੇ ਕਿਹਾ ਕਿ ਹੈ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਜਿਸ ਪਾਰਟੀ ਵਿੱਚ ਵੀ ਗਏ ਹਨ ਉਸ ਪਾਰਟੀ ਨਾਲ ਉਨ੍ਹਾਂ ਨੇ ਧੋਖਾ ਹੀ ਕੀਤਾ ਹੈ। ਉਨ੍ਹਾਂ ਕਿਹਾ ਕੇ ਜਿਸ ਸਮੇਂ ਪਾਰਟੀ ਆਫ ਪੰਜਾਬ ਪਾਰਟੀ ਬਣਾਈ ਉਸ ਸਮੇਂ ਬਰਾੜ ਪਰਚਾਰ ਲਈ ਵਿਦੇਸ਼ਾਂ ਵਿੱਚ ਗਏ ਜਿੱਥੋਂ ਵੱਡੇ ਪੱਧਰ ਤੇ ਪਾਰਟੀ ਫੰਡ ਇਕਠਾ ਕੀਤਾ ਗਿਆ ਅਤੇ ਐੱਨ ਆਰ ਆਈਜ਼ ਨੂੰ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੀਆਂ ਜਮੀਨਾਂ ਜਾਇਦਾਦਾਂ ਦੀ ਉਹ ਪੂਰੀ ਤਰ੍ਹਾਂ ਰੱਖਿਆ ਕਰਨਗੇ। ਪੰਜਾਬ ਵਿਚ ਆ ਕੇ ਜਗਬੀਰ ਬਰਾੜ ਨੇ ਫੰਡ ਦਾ ਕੋਈ ਹਿਸਾਬ ਨਹੀਂ ਦਿੱਤਾ ਜਿਸ ਤੋਂ ਬਾਅਦ ਬਰਾੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ। ਸ਼ੇਰਗਿੱਲ ਨੇ ਕਿਹਾ ਕਿ ਬਰਾੜ ਜਿੱਥੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਨਾਲ ਹੀ ਐਨ ਆਰ ਆਈਜ਼ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ।
ਜਗਬੀਰ ਸਿੰਘ ਗਿੱਲ ਨੇ ਕਿਹਾ ਕਿ ਖਟਕੜ ਕਲਾਂ ਵਿਖੇ ਜਗਬੀਰ ਬਰਾੜ ਨੇ ਉਥੋਂ ਦੀ ਮਿੱਟੀ ਹੱਥ ਵਿੱਚ ਲੈ ਕੇ ਸਹੁੰ ਖਾਧੀ ਸੀ ਕਿ ਉਹ ਪਾਰਟੀ ਨਾਲ ਵਫਾਦਾਰੀ ਨਿਭਾਉਣਗੇ ਅਤੇ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਦਿਨ ਰਾਤ ਇਕ ਕਰ ਦੇਣਗੇ ਪਰ ਕੁਝ ਦੇਰ ਬਾਅਦ ਬਰਾੜ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ। ਸਰਦਾਰ ਜਗਬੀਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਜਿਹੜਾ ਕਿਸੇ ਵੀ ਪਾਰਟੀ ਦਾ ਹੁਣ ਤੱਕ ਨਹੀਂ ਹੋ ਸਕਿਆ ਉਹ ਅਕਾਲੀ ਦਲ ਦਾ ਕਿਵੇਂ ਹੋਵੇਗਾ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਕੱਲ੍ਹ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਬਰਾੜ ਵੱਲੋਂ ਕੀਤੇ ਧੋਖੇ ਸਬੰਧੀ ਉਨ੍ਹਾਂ ਸਾਹਮਣੇ ਚਾਨਣਾ ਪਾਉਣਗੇ । ਸ .ਜਗਵੀਰ ਸਿੰਘ ਸ਼ੇਰਗਿੱਲ ਨੇ ਪੰਜਾਬ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਜਿਸ ਵੀ ਨੁਮਾਇੰਦੇ ਨੂੰ ਉਹ ਪਾਰਟੀ ਵਿਚ ਸ਼ਾਮਲ ਕਰਨ ਪਹਿਲਾਂ ਉਸਦਾ ਪਿਛਲਾ ਰਿਕਾਰਡ ਜ਼ਰੂਰ ਚੈੱਕ ਕਰ ਲੈਣ, ਕੀ ਉਹ ਇਮਾਨਦਾਰ ਹੈ , ਪੰਜਾਬ ਅਤੇ ਪੰਜਾਬੀਆਂ ਪ੍ਰਤੀ ਉਕਤ ਵਿਅਕਤੀ ਕਿੰਨਾ ਕ ਸਮਰਪਿਤ ਹੈ, ਪ੍ਰਵਾਸੀ ਭਾਰਤੀਆਂ ਦੇ ਲਈ ਉਹ ਕਿੰਨਾ ਕ ਵਫ਼ਾਦਾਰ ਹੈਂ।
ਇਸੇ ਸਬੰਧੀ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਮੋਬਾਈਲ ਫੋਨ ਸਵਿੱਚ ਆਫ ਆ ਰਿਹਾ ਸੀ।





