ਨਵੀਂ ਦਿੱਲੀ (ਦਾ ਮਿਰਰ ਪੰਜਾਬ)-ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਹਨਾਂ ਵਿੱਚ ਦੋ ਸ਼ਾਰਪਸ਼ੂਟਰ ਦੱਸੇ ਜਾ ਰਹੇ ਹਨ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਉਨ੍ਹਾਂ ਦਾ ਸਾਥੀ ਗ੍ਰਿਫ਼ਤਾਰ ਕੀਤਾ ਗਿਆ।ਦੋਵਾਂ ਸ਼ੂਟਰਾਂ ਕੋਲੋਂ ਭਾਰੀ ਮਾਤਰਾ ‘ਚ ਹਥਿਆਰ ਵੀ ਬਰਾਮਦ ਹੋਏ ਹਨ। ਗੋਲੀਬਾਰੀ ਕਰਨ ਵਾਲਿਆਂ ‘ਚੋਂ ਇਕ ਦੀ ਪਛਾਣ ਪ੍ਰਿਆਵਰਤ ਫੌਜੀ ਵਜੋਂ ਹੋਈ ਹੈ। ਕਤਲ ਤੋਂ ਪਹਿਲਾਂ ਇਸ ਦੀ ਤਸਵੀਰ ਫਤਿਹਗੜ੍ਹ ਦੇ ਪੈਟਰੋਲ ਪੰਪ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ। ਦੂਜਾ ਸ਼ੂਟਰ ਕਸ਼ਿਸ਼ ਉਰਫ਼ ਕੁਲਦੀਪ ਹੈ। ਕੁਲਦੀਪ (24) ਝੱਜਰ ਦਾ ਰਹਿਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ 6 ਸ਼ੂਟਰਾਂ ਦੀ ਪਛਾਣ ਕੀਤੀ ਸੀ। ਉਸ ਦਿਨ ਕਤਲ ਵਿੱਚ 2 ਮਾਡਿਊਲ ਸ਼ਾਮਲ ਸਨ। ਬੋਲੇਰੋ ਕਾਰ ਵਿੱਚ ਇੱਕ ਮਾਡਿਊਲ ਸੀ ਜਿਸ ਨੂੰ ਕਸ਼ਿਸ਼ ਚਲਾ ਰਿਹਾ ਸੀ, ਉਸ ਵਿੱਚ ਅੰਕਿਤ ਸਿਰਸਾ, ਦੀਪਕ ਮੁੰਡੀ ਅਤੇ ਪ੍ਰਿਆਵਰਤ ਬੈਠੇ ਸਨ। ਦੂਜਾ ਮੋਡਿਊਲ ਕੋਰੋਲਾ ਕਾਰ ਵਿੱਚ ਸੀ ਜਿਸ ਵਿੱਚ ਜਗਦੀਪ ਰੂਪਾ, ਮਨਪ੍ਰੀਤ ਮੰਨੂ ਬੈਠੇ ਸਨ।
ਪੁਲਿਸ ਮੁਤਾਬਕ ਮਨਪ੍ਰੀਤ ਮੰਨੂ ਵੱਲੋਂ ਏਕੇ47 ਦਾ ਪਹਿਲਾ ਬਰਸਟ ਫਾਇਰ ਕੀਤਾ ਗਿਆ ਸੀ। ਦਿੱਲੀ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਪ੍ਰਿਅਵਰਤ ਉਰਫ ਫੌਜੀ ਹੈ। ਪ੍ਰਿਆਵਰਤ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ ਅਤੇ ਕਤਲ ਤੋਂ ਪਹਿਲਾਂ ਫਤਿਹਗੜ੍ਹ ਦੇ ਇੱਕ ਪੈਟਰੋਲ ਪੰਪ ਦੇ ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਸੀ।ਇਹ ਸੋਨੀਪਤ ਹਰਿਆਣਾ ਦਾ ਰਹਿਣ ਵਾਲਾ ਹੈ। ਪੰਜਾਬ ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਜਦਕਿ ਗੈਂਗਸਟਰ ਲਾਰੈਂਸ ਬਿਸ਼ਨਈ ਨੂੰ ਪੁੱਛਗਿੱਛ ਲਈ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ ਹੈ। ਭਲਕੇ ਉਸ ਦਾ ਪੁਲਿਸ ਰਿਮਾਂਡ ਖਤਮ ਹੋ ਜਾਵੇਗਾ ਅਤੇ ਉਸਨੂੰ ਮੁੜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।





