*ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਵੱਲੋਂ ਜ਼ਮੀਨ ਦੇ ਨਿਗੂਣੇ ਭਾਅ ਦੇਣ ਖ਼ਿਲਾਫ਼ ਰੋਸ ਪ੍ਰਦਰਸ਼ਨ*

पंजाब
Spread the love

ਤਲਵਾਡ਼ਾ,22 ਜੂਨ (ਦਾ ਮਿਰਰ ਪੰਜਾਬ)-ਇੱਥੇ ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਨੇ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦੀਆਂ ਨਿਗੂਣੀਆਂ ਕੀਮਤਾਂ ਖ਼ਿਲਾਫ਼ ਤਲਵਾਡ਼ਾ ‘ਚ ਰੋਸ ਪ੍ਰਦਰਸ਼ਨ ਕੀਤਾ। ਰਾਏ ਸਾਹਿਬ ਚੌਧਰੀ ਗਿਆਨ ਚੌਂਕ ’ਤੇ ਸੰਕੇਤਕ ਜਾਮ ਲਗਾਇਆ ਅਤੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ, ਜ਼ਮਹੂਰੀ ਕਿਸਾਨ ਸਭਾ ਪੰਜਾਬ ਤੇ ਜ਼ਮਹੂਰੀ ਕੰਢੀ ਸੰਘਰਸ਼ ਕਮੇਟੀ ਨੇ ਸਮਰਥਨ ਦਿੱਤਾ। ਸਥਾਨਕ ਚੌਧਰੀ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਂਕ ’ਤੇ ਵਰ੍ਹਦੇ ਮੀਂਹ ‘ਚ ਕੀਤੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਨੌਜਵਾਨ ਸਭਾ ਦੇ ਸੂਬਾ ਜਨ ਸਕੱਤਰ ਧਰਮਿੰਦਰ ਸਿੰਘ ‘ਸਿੰਬਲੀ’, ਜ਼ਮਹੂਰੀ ਕਿਸਾਨ ਸਭਾ ਤੋਂ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਮੁਕੇਰੀਆਂ, ਜ਼ਮਹੂਰੀ ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਮੋਹਣ ਸਿੰਘ ਧਿਮਾਣਾ, ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਨੀਲ ਪਰਮਾਰ, ਸੰਜੀਵ ਬੱਲੂ, ਪੰਚਾਇਤ ਯੂਨੀਅਨ ਤਲਵਾਡ਼ਾ ਦੇ ਪ੍ਰਧਾਨ ਨਵਲ ਕਿਸ਼ੋਰ ਮਹਿਤਾ, ਪੈਨਸ਼ਨਰਜ਼ ਆਗੂ ਗਿਆਨ ਸਿੰਘ ਗੁਪਤਾ ਤੇ ਯੁਗਰਾਜ ਸਿੰਘ ਆਦਿ ਨੇ ਦੱਸਿਆ ਕਿ ਨੰਗਲ ਡੈਮ -ਤਲਵਾਡ਼ਾ ਵਾਇਆ ਊਨਾ ਤਜਵੀਜ਼ਤ ਰੇਲਵੇ ਪ੍ਰਾਜੈਕਟ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਕਸਬਾ ਦੌਲਤਪੁਰ ਚੌਂਕ ਤੱਕ ਮੁਕੰਮਲ ਹੋ ਚੁੱਕਿਆ ਹੈ। ਪੰਜਾਬ ਵਾਲੇ ਪਾਸਿਓਂ ਸਰਹੱਦੀ ਪਿੰਡਾਂ ਭਟੋਲੀ, ਭਵਨੌਰ, ਰਾਮਗਡ਼੍ਹ ਸੀਕਰੀ, ਕਰਟੌਲੀ, ਨੰਗਲ ਖਨੌਡ਼ਾ ਆਦਿ ‘ਚ ਜ਼ਮੀਨ ਐਕੁਆਇਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸਰਕਾਰ ਵੱਲੋਂ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦੇ ਨਿਗੂਣੇ ਰੇਟ ਤੈਅ ਕੀਤੇ ਗਏ ਹਨ। ਜ਼ਮੀਨ ਮਾਲਕਾਂ ‘ਚ ਰੋਸ ਰੋਸ ਹੈ। ਸਾਲ 2016 ‘ਚ ਇਸੇ ਜ਼ਮੀਨ ਦੇ ਸਰਕਾਰ ਵੱਲੋਂ 36 ਤੋਂ 39 ਲੱਖ ਰੁਪਏ ਪ੍ਰਤੀ ਏਕਡ਼ ਦੇ ਆਫ਼ਰ ਲੈਟਰ ਦਿੱਤੇ ਗਏ ਸਨ। ਨੰਗਲ ਖਨੌਡ਼ਾ ਤੋਂ ਕਰਨੈਲ ਸਿੰਘ ਨੇ ਆਪਣੀ ਵਿਥਿਆ ਸੁਣਾਉਂਦਿਆਂ ਦੱਸਿਆ ਕਿ ਉਸਦੀ 10 ਕਨਾਲਾਂ ਤੋਂ ਵਧ ਜ਼ਮੀਨ ਰੇਲਵੇ ‘ਚ ਆਉਂਦੀ ਹੈ, ਜ਼ਮੀਨ ਦੀ ਮੌਜ਼ੂਦਾ ਬਜ਼ਾਰੂ ਕੀਮਤ ਦੋ ਲੱਖ ਰੁਪਏ ਪ੍ਰਤੀ ਮਰਲਾ ਤੋਂ ਵਧ ਹੈ,ਉਹ ਪਿਛਲੇ ਪੰਜ ਸਾਲ ਤੋਂ ਮਹਿਕਮਾ ਮਾਲ ਕੋਲ਼ ਆਪਣੀ ਜ਼ਮੀਨ ਦੀ ਕਿਸਮ ‘ਚਾਹੀ’ ਦਰਜ ਕਰਵਾਉਣ ਲਈ ਗੇਡ਼ੇ ਕੱਢ ਰਿਹਾ ਹੈ। ਪ੍ਰਸ਼ਾਸਨ ਨੇ ਉਸਦੀ ਜ਼ਮੀਨ ਦਾ ਭਾਅ 1265 ਤੋਂ 2630 ਰੁਪਏ ਪ੍ਰਤੀ ਮਰਲਾ ਨਿਰਧਾਰਿਤ ਕੀਤਾ ਹੈ। ਦੇਸ਼ ਵਿੱਚ ਤੂਡ਼ੀ ਦੋ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ, ਜਦਕਿ ਪ੍ਰਸ਼ਾਸਨ 2200 ਰੁਪਏ ਪ੍ਰਤੀ ਮਰਲੇ ਦੇ ਹਿਸਾਬ ਨਾਲ ਜ਼ਮੀਨ ਖਰੀਦ ਰਿਹਾ ਹੈ। ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਐਸਡੀਐਮ ਮੁਕੇਰੀਆਂ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੱਕ ਪਹੁੰਚ ਕੀਤੀ, ਪਰ ਕੋਈ ਹੱਲ ਨਹੀਂ ਨਿਕਲਿਆ। ਮਜ਼ਬੂਰਨ ਲੋਕਾਂ ਨੂੰ ਸਡ਼ਕਾਂ ’ਤੇ ਉਤਰਨਾ ਪਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਬੇਰੁਖੀ ਤੋਂ ਔਖੇ ਜ਼ਮੀਨ ਮਾਲਕਾਂ ਨੇ ਧਰਨੇ ‘ਚ ਪਹੁੰਚੇ ਡੀਐਸਪੀ ਦਸੂਹਾ ਤੇ ਨਾਇਬ ਤਹਿਸੀਲਦਾਰ ਤਲਵਾਡ਼ਾ ਨੂੰ ਮੰਗ ਪੱਤਰ ਦੇਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਸਾਫ਼ ਕੀਤਾ ਕਿ ਐਸਡੀਐਮ ਮੁਕੇਰੀਆਂ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਤਲਵਾਡ਼ਾ ਆਉਣ, ਜ਼ਮੀਨੀ ਪੱਧਰ ’ਤੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਉਨ੍ਹਾਂ ਦੇ ਦੁੱਖਾਂ ਦਾ ਹੱਲ ਕੱਢਣ। ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਨੂੰ 30 ਤਾਰੀਕ ਨੂੰ ਮੁਡ਼ ਪਰਿਵਾਰਾਂ ਸਮੇਤ ਚੌਧਰੀ ਗਿਆਨ ਸਿੰਘ ਚੌਂਕ ’ਤੇ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਨ ਦਾ ਅਲਟੀਮੇਟਮ ਦਿੱਤਾ ਹੈ। ਇਸ ਉਪਰੰਤ ਸੰਘਰਸ਼ ਕਮੇਟੀ ਨੇ ਚੌਂਕ ‘ਤੇ ਸੰਕੇਤਕ ਜਾਮ ਲਗਾਇਆ ਅਤੇ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ।

 

Leave a Reply

Your email address will not be published. Required fields are marked *