ਜਲੰਧਰ( ਦਾ ਮਿਰਰ ਪੰਜਾਬ)-ਬੀਤੇ ਦਿਨੀਂ ਵਿਰਸਾ ਵਿਹਾਰ ਜਲੰਧਰ ਵਿਖੇ ਸਤਿਗੁਰੂ ਜਗਜੀਤ ਸਿੰਘ ਤਬਲਾ ਅਕੈਡਮੀ ਜਲੰਧਰ ਵੱਲੋਂ ਗੁਰੂ ਪੂਰਨਿਮਾ ਦੇ ਸਬੰਧ ਵਿੱਚ ਤਬਲਾ ਵਰਕਸ਼ਾਪ ਤੇ ਸੰਗੀਤ ਸੰਮੇਲਨ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਸ੍ਰੀ ਰਾਜੇਸ਼ ਮਾਲਵੀਆ ਵੱਲੋਂ ਤਬਲੇ ਦੇ ਵਿਦਿਆਰਥੀਆਂ ਨੂੰ ਤਬਲਾ ਵਾਦਨ ਦੀਆਂ ਬਰੀਕੀਆਂ ਬਾਰੇ ਜਾਣੂ ਕਰਵਾਇਆ।

ਦੁਪਹਿਰ 3 ਵਜੇ ਤੋਂ ਸ਼ੁਰੂ ਹੋਏ ਸੰਗੀਤ ਸੰਮੇਲਨ ਦੀ ਸ਼ੁਰੂਆਤ ਪੰਡਿਤ ਰਮਾ ਕਾਂਤ, ਸ੍ਰੀ ਰਜੇਸ਼ ਮਾਲਵੀਆ, ਜਤਿੰਦਰਪਾਲ ਸਿੰਘ ਚਿੰਕਾ, ਸਰਦਾਰ ਗੁਰਮੀਤ ਸਿੰਘ ਸਕੱਤਰ ਵਿਰਸਾ ਵਿਹਾਰ ਅਤੇ ਸੰਤ ਨਰੈਨ ਸਿਘ ਰਿਆੜ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਸਭ ਤੋਂ ਪਹਿਲਾਂ ਸੁਖਪ੍ਰੀਤ ਸਿੰਘ ਨੇ ਸੋਲੋ ਤਬਲਾ ਵਾਦਨ ਪੇਸ਼ ਕੀਤਾ ਜਿਸ ਦੇ ਨਾਲ ਰਣਬੀਰ ਸਿੰਘ ਨੇ ਹਰਮੋਨੀਅਮ ਤੇ ਨਗਮਾ ਦਿੱਤਾ। ਇਸ ਤੋਂ ਬਾਅਦ ਜੈਤਸਰੀ ਨਾਮਧਾਰੀ (ਉਸਤਾਦ ਅਮਜਦ ਅਲੀ ਖਾਨ ਦੇ ਸ਼ਗਿਰਦ) ਨੇ ਸਰੋਦ ਵਾਦਨ ਪ੍ਰਸਤੁਤ ਕੀਤਾ ਜਿਸ ਦੇ ਨਾਲ ਸਰਦਾਰ ਗੁਰਚੇਤਨ ਸਿੰਘ (ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ) ਵੱਲੋਂ ਤਬਲੇ ਤੇ ਸੰਗਤ ਕੀਤੀ ਗਈ। ਇਸ ਤੋਂ ਬਾਅਦ ਸੁਰੁਤੀ ਪਾਲ ਊਧਵ ਨੇ ਸੋਲੋ ਤਬਲਾ ਵਾਦਨ ਪੇਸ਼ ਕੀਤਾ ਅਤੇ ਗੁਰਚੇਤਨ ਸਿੰਘ ਨੇ ਹਰਮੋਨੀਅਮ ਤੇ ਨਗਮਾ ਦਿੱਤਾ। ਸਮਾਗਮ ਦੇ ਅੰਤ ਵਿੱਚ ਦਿਵਿਆਂਸ਼ ਸ੍ਰੀ ਵਾਸਤਵਾ ਨੇ ਸੰਤੂਰ ਵਾਦਨ ਪੇਸ਼ ਕੀਤਾ ਜਿਸ ਦੇ ਨਾਲ ਮਨਸਾ ਸਿੰਘ ਨਾਮਧਾਰੀ ਨੇ ਤਬਲਾ ਸੰਗਤ ਕਰਕੇ ਖ਼ੂਬ ਵਾਹ-ਵਾਹੀ ਲੁੱਟੀ।

ਸਮਾਗਮ ਦੇ ਅੰਤ ਵਿੱਚ ਪੰਡਿਤ ਰਮਾ ਕਾਂਤ, ਸ੍ਰੀ ਰਜੇਸ਼ ਮਾਲਵੀਆ, ਜਤਿੰਦਰਪਾਲ ਸਿੰਘ ਚਿੰਕਾ, ਸਰਦਾਰ ਗੁਰਮੀਤ ਸਿੰਘ ਸਕੱਤਰ ਵਿਰਸਾ ਵਿਹਾਰ ਅਤੇ ਸੰਤ ਨਰੈਨ ਸਿਘ ਰਿਆੜ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਪ੍ਰਸਿਧ ਮੰਚ ਸੰਚਾਲਕ ਸ੍ਰੀ ਸੰਗਤ ਰਾਮ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸਰਦਾਰ ਸੁਖਦੇਵ ਸਿੰਘ ਨਾਮਧਾਰੀ, ਉਸਤਾਦ ਅਮਰਜੀਤ ਸਿੰਘ, ਰੁਪਿੰਦਰ ਸਿੰਘ ਆਸਟਰੇਲੀਆ, ਸੰਤ ਮੋਹਨ ਸਿੰਘ ਅਤੇ ਹੋਰ ਸਾਰੇ ਸੰਗੀਤ ਪ੍ਰੇਮੀ ਹਾਜਰ ਸਨ।





