ਤਲਵਾਡ਼ਾ,17 ਜੁਲਾਈ (ਦੀਪਕ ਠਾਕੁਰ)-ਇੱਥੇ ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਗਰ ਕਮੇਟੀ ਤਲਵਾਡ਼ਾ ਨੇ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਬਾਰੇ ਦਿੱਤੇ ਵਿਵਾਦਤ ਬਿਆਨ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ।
ਯਾਦਗਾਰ ਕਮੇਟੀ ਦੇ ਆਗੂ ਗਿਆਨ ਸਿੰਘ ਗੁਪਤਾ, ਯੁਗਰਾਜ ਸਿੰਘ, ਕੁੰਦਨ ਲਾਲ, ਸ਼ਿਵ ਕੁਮਾਰ ਅਮਰੋਹੀ, ਜਸਵੀਰ ਤਲਵਾਡ਼ਾ ਤੇ ਵਰਿੰਦਰ ਵਿੱਕੀ ਨੇ ਸਾਂਝਾ ਬਿਆਨ ਜ਼ਾਰੀ ਕਰ ਕਿਹਾ ਕਿ ਸ਼ਹੀਦ ਭਗਤ ਸਿੰਘ ਦੇਸ਼ ਦੇ ਅਜ਼ਾਦੀ ਸੰਗਰਾਮ ਦਾ ਮਹਾਨ ਇਨਕਲਾਬੀ ਨਾਇਕ ਅਤੇ ਚਿੰਤਕ ਹੈ। ਜਿਸਨੇ ਬਰਤਾਨਵੀ ਹਕੂਮਤ ਖ਼ਿਲਾਫ਼ ਆਜ਼ਾਦੀ ਦੀ ਜੰਗ ਦਾ ਐਲਾਨ ਕੀਤਾ, ਭਰ ਜਵਾਨੀ ‘ਚ ਆਪਣੇ ਸਾਥੀਆਂ ਸਮੇਤ ਸ਼ਹਾਦਤ ਦਿੱਤੀ। ਜਦਕਿ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਅਰੂਡ਼ ਸਿੰਘ ਨੇ ਜੱਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਦੇ ਦੋਸ਼ੀ ਜਨਰਲ ਡਾਇਰ ਨੂੰ ਦਰਬਾਰ ਸਾਹਿਬ ਵਿਖੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਸੀ। ਬਰਤਾਨਵੀ ਹਕੂਮਤ ਦੇ ਦਲਾਲ ਸ਼ਹੀਦ ਭਗਤ ਸਿੰਘ ਦੀ ਸਾਂਝੀਵਾਲਤਾ ਦੀ ਵਿਚਾਰਧਾਰਾ ਤੋਂ ਬੁਖਲਾਏ ਹੋਏ ਸਨ ਹਨ। ਮਾਨ ਦੇ ਵਿਚਾਰਾਂ ਨੇ ਆਰਐਸਐਸ ਸੇਧਿਤ ਭਾਜਪਾ ਸਰਕਾਰ ਵੱਲੋਂ ਮੁਲਕ ਭਰ ‘ਚ ਸ਼ੁਰੂ ਕੀਤੀ ਨਫ਼ਰਤ ਦੀ ਰਾਜਨੀਤੀ ਨੂੰ ਅੱਗੇ ਵਧਾਇਆ ਹੈ। ਕੌਮੀ ਇਨਕਲਾਬੀ ਦੇਸ਼ ਭਗਤਾਂ ’ਤੇ ਵਿਵਾਦਤ ਬਿਆਨਬਾਜ਼ੀ ਕਰਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨੂੰ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਸੋਚ ’ਤੇ ਪਹਿਰਾ ਦੇਣ ਵਾਲੇ ਕਰੋਡ਼ਾਂ ਚੇਤੰਨ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਯਾਦਗਾਰ ਕਮੇਟੀ ਨੇ ਪੰਜਾਬ ਸਰਕਾਰ ਤੋਂ ਸਿਮਰਨਜੀਤ ਸਿੰਘ ਮਾਨ ਦੀ ਵਿਵਾਦਤ ਟਿੱਪਣੀ ’ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।





