ਤਲਵਾਡ਼ਾ,17 ਜੁਲਾਈ (ਦੀਪਕ ਠਾਕੁਰ)-ਇੱਥੇ ਨੇਡ਼ਲੇ ਪਿੰਡ ਭਵਨੌਰ ਵਿਖੇ ਸਥਿਤ ਡੇਅਰੀ ਫਾਰਮ ਦੇ ਅੰਦਰੋਂ ਜੰਗਲਾਤ ਵਿਭਾਗ ਨੇ ਕਰੀਬ ਪੰਜ ਕੁਇੰਟਲ ਖ਼ੈਰ ਦੀ ਲੱਕਡ਼ ਬਰਾਮਦ ਕੀਤੀ ਹੈ। ਵਣ ਰੇਂਜ਼ ਨੰਬਰ 2 ਅਧੀਨ ਆਉਂਦੇ ਨੀਮ ਪਹਾਡ਼ੀ ਪਿੰਡ ਭਵਨੌਰ ‘ਚ ਵਣ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਛਾਪੇਮਾਰੀ ਕੀਤੀ। ਗਾਰਡ ਪੰਨਾ ਲਾਲ ਨੇ ਦੱਸਿਆ ਕਿ ਪਿੰਡ ਭਵਨੌਰ ਦੇ ਇੱਕ ਵਿਅਕਤੀ ਨੇ ਜੰਗਲ ‘ਚੋਂ ਕਥਿਤ ਤੌਰਤੇ ਵੱਢੇ ਖ਼ੈਰ ਦੇ 40 ਦੇ ਕਰੀਬ ਛਿੱਲੇ ਹੋਏ ਮੋਛੇ ਡੇਅਰੀ ਫਾਰਮ ਅੰਦਰ ਲੁਕਾ ਕੇ ਰੱਖੇ ਹੋਏ ਸਨ। ਵਿਅਕਤੀ ਦੀ ਪਛਾਣ ਸੁਰਿੰਦਰ ਸਿੰਘ ਉਰਫ਼ ਛਿੰਦਾ ਵਜੋਂ ਹੋਈ ਹੈ। ਜੋ ਵਿਭਾਗ ਨੂੰ ਵੱਢੀ ਖੈਰ ਦੀ ਲੱਕਡ਼ ਸਬੰਧੀ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਜੰਗਲਾਤ ਵਿਭਾਗ ਨੇ ਖੈਰ ਦੇ ਮੋਛੇ ਆਪਣੇ ਕਬਜ਼ੇ ‘ਚ ਲੈ ਲਏ ਹਨ। ਵਣ ਗਾਰਡ ਪੰਨਾ ਲਾਲ ਨੇ ਦੱਸਿਆ ਕਿ ਸੁਰਿੰਦਰ ਸਿੰਘ ਉਰਫ਼ ਛਿੰਦਾ ਨੂੰ ਸੋਮਵਾਰ ਤੱਕ ਸਬੰਧਤ ਦਸਤਾਵੇਜ਼ ਪੇਸ਼ ਵਿਭਾਗ ਦੇ ਤਲਵਾਡ਼ਾ ਦਫ਼ਤਰ ‘ਚ ਪੇਸ਼ ਕਰਨ ਲਈ ਕਿਹਾ ਗਿਆ ਹੈ। ਦਸਤਾਵੇਜ਼ ਪੇਸ਼ ਨਾ ਕਰਨ ਦੀ ਸੂਰਤ ‘ਚ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਤਲਵਾਡ਼ਾ ਖ਼ੇਤਰ ‘ਚ ਵੱਡੇ ਪੱਧਰ ’ਤੇ ਖ਼ੈਰ ਦੀ ਲੱਕਡ਼ ਦੀ ਤਸਕੱਰੀ ਪਿਛਲੇ ਲੰਮੇ ਅਰਸੇ ਤੋਂ ਚੱਲ ਰਹੀ ਹੈ। ਪਿਛਲੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਕੰਢੀ ਖ਼ੇਤਰ ‘ਚ ਆਰਾ ਮਿੱਲਾਂ ਦੇ ਨਾਂ ’ਤੇ ਚੱਲਦੀਆਂ ਰਸੂਖਦਾਰਾਂ ਦੀਆਂ ਕੱਥਾ ਫੈਕਟਰੀਆਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ।





