*ਐਸਐਸਪੀ ਜਲੰਧਰ ਦਿਹਾਤੀ ਦਾ ਆਪਣੇ ਅਫਸਰਾਂ ਸਮੇਤ ਆਪ ਦਫਤਰ ਦੇ ਉਦਘਾਟਨ ’ਚ ਸ਼ਾਮਲ ਹੋਣਾ ਵਿਰੋਧੀ ਧਿਰਾਂ ਲਈ ਖਤਰਨਾਕ ਰੁਝਾਨ : ਐਡਵੋਕੇਟ ਬਲਵਿੰਦਰ ਕੁਮਾਰ*

पंजाब
Spread the love

ਜਲੰਧਰ( ਦਾ ਮਿਰਰ ਪੰਜਾਬ) ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਹੈ ਕਿ ਐਸਐਸਪੀ ਜਲੰਧਰ ਦਿਹਾਤੀ ਦਾ ਆਪਣੇ ਅਫਸਰਾਂ ਸਮੇਤ ਆਮ ਆਦਮੀ ਪਾਰਟੀ ਦੇ ਹਲਕਾ ਪੱਧਰੀ ਦਫਤਰ ਦੇ ਉਦਘਾਟਨ ’ਚ ਸ਼ਾਮਲ ਹੋਣਾ ਵਿਰੋਧੀ ਧਿਰਾਂ ਦੇ ਲਈ ਬਹੁਤ ਹੀ ਖਤਰਨਾਕ ਰੁਝਾਨ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਪ੍ਰਸ਼ਾਸਨਿਕ ਪ੍ਰਬੰਧ ਦੇ ਡਿਗ ਰਹੇ ਮਿਆਰ ਦਾ ਵੀ ਸੂਚਕ ਹੈ। ਉਨ੍ਹਾਂ ਕਿਹਾ ਕਿ ਚਾਰ ਅਗਸਤ ਨੂੰ ਹਲਕਾ ਕਰਤਾਰਪੁਰ ’ਚ ਆਮ ਆਦਮੀ ਪਾਰਟੀ ਦੇ ਹਲਕਾ ਪੱਧਰੀ ਦਫਤਰ ਦਾ ਉਦਘਾਟਨ ਕੀਤਾ ਗਿਆ ਸੀ ਤੇ ਇਸ ’ਚ ਐਸਐਸਪੀ ਜਲੰਧਰ ਦਿਹਾਤੀ ਸ. ਸਵਰਨਦੀਪ ਸਿੰਘ ਵੀ ਆਪਣੇ ਅਫਸਰਾਂ ਸਮੇਤ ਪਹੁੰਚੇ ਸਨ। ਇਸੇ ਤਰ੍ਹਾਂ ਹੀ ਜ਼ਿਲ੍ਹੇ ਦੇ ਸੀਨੀਅਰ ਸਿਵਿਲ ਪ੍ਰਸ਼ਾਸਨਿਕ ਅਫਸਰ ਵੀ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਅਫਸਰਾਂ ਦਾ ਇਸ ਤਰ੍ਹਾਂ ਖੁਲੇਆਮ ਤੌਰ ’ਤੇ ਆਮ ਆਦਮੀ ਪਾਰਟੀ ਦੀ ਰਾਜਨੀਤਕ ਗਤੀਵਿਧੀ ’ਚ ਸ਼ਾਮਲ ਹੋਣਾ ਇੱਕ ਤਰ੍ਹਾਂ ਦੇ ਨਾਲ ਪਾਰਟੀ ਦੇ ਸਮਰਥਨ ’ਚ ਖੜਨਾ ਹੈ।

ਇਸ ਤਰ੍ਹਾਂ ਕਰਕੇ ਉਨ੍ਹਾਂ ਵਲੋਂ ਖੁੱਲੇ ਤੌਰ ’ਤੇ ਆਪਣੀ ਸੰਵਿਧਾਨਕ ਪੁਜੀਸ਼ਨ ਤੇ ਪ੍ਰਸ਼ਾਸਨ ਬਾਰੇ ਸਥਾਪਿਤ ਮਾਨਤਾਵਾਂ ਤੋਂ ਵੀ ਥਿੜਕਣਾ ਹੈ। ਲੋਕਤੰਤਰਿਕ ਵਿਵਸਥਾ ’ਚ ਪ੍ਰਸ਼ਾਸਨ ਖੁਲੇਆਮ ਸੱਤ੍ਹਾਧਾਰੀ ਧਿਰ ਦੇ ਹੱਕ ’ਚ ਭੁਗਤ ਕੇ ਇੱਕ ਤਰ੍ਹਾਂ ਨਾਲ ਸੱਤ੍ਹਾਧਾਰੀ ਧਿਰ ਦੀ ਤਾਨਾਸ਼ਾਹੀ ਸਥਾਪਿਤ ਕਰਨ ਦਾ ਕੰਮ ਕਰ ਰਿਹਾ ਹੈ।

ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਅਜਿਹਾ ਮਾਹੌਲ ਵਿਰੋਧੀ ਧਿਰਾਂ ਦੇ ਲਈ ਬਹੁਤ ਹੀ ਖਤਰਨਾਕ ਹੈ ਤੇ ਅਜਿਹੇ ’ਚ ਉਨ੍ਹਾਂ ਨਾਲ ਧੱਕੇਸ਼ਾਹੀਆਂ ਵਧਣਗੀਆਂ। ਇਸ ਕਰਕੇ ਹੀ ਜਲੰਧਰ ਜ਼ਿਲ੍ਹੇ ’ਚ ਫੈਸਲੇ ਕਾਨੂੰਨੀ ਮੈਰਿਟ ਦੇ ਆਧਾਰ ’ਤੇ ਨਹੀਂ, ਬਲਕਿ ਆਪ ਆਗੂਆਂ ਦੀ ਇੱਛਾ ਮੁਤਾਬਕ ਕੀਤੇ ਜਾ ਰਹੇ ਹਨ ਤੇ ਵਿਰੋਧੀ ਰਾਜਨੀਤਕ ਧਿਰਾਂ ਖਿਲਾਫ ਨਜਾਇਜ਼ ਪਰਚੇ ਵੀ ਕੀਤੇ ਜਾ ਰਹੇ ਹਨ। ਸੱਤ੍ਹਾਧਾਰੀ ਧਿਰ ਦੇ ਪ੍ਰਭਾਵ ਹੇਠ ਵਿਰੋਧੀ ਧਿਰਾਂ ਦਾ ਸਥਾਨ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸਨੂੰ ਕਿਸੇ ਵੀ ਹਾਲਤ ’ਚ ਮਨਜ਼ੂਰ ਨਹੀਂ ਕੀਤਾ ਜਾ ਸਕਦਾ।

ਐਡਵਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਬਸਪਾ ਅਜਿਹੇ ਗੈਰ ਸਿਧਾਂਤਕ ਵਤੀਰੇ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦੀ ਹੈ ਤੇ ਕਹਿਣਾ ਚਾਹੁੰਦੀ ਹੈ ਕਿ ਸੁਚਾਰੂ ਪ੍ਰਬੰਧ ਦੇ ਲਈ ਪ੍ਰਸ਼ਾਸਨ ਲੋਕਾਂ ’ਚ ਆਪਣਾ ਵਿਸ਼ਵਾਸ ਬਣਾ ਕੇ ਰੱਖੇ।

Leave a Reply

Your email address will not be published. Required fields are marked *