*……. ਜਦੋਂ ਕੇਂਦਰੀ ਵਜ਼ੀਰ ਨੂੰ ਸਿਹਤ ਸਹੂਲਤਾਂ ਦੇ ਮੁੱਦੇ ’ਤੇ ਆਪਣੇ ਹੀ ਵਰਕਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ*

पंजाब
Spread the love

ਤਲਵਾਡ਼ਾ, 20 ਅਗਸਤ (ਦੀਪਕ ਠਾਕੁਰ)-ਸਥਾਨਕ ਬੀਬੀਐਮਬੀ ਹਸਪਤਾਲ ’ਚ ਜ਼ਲਦ ਹੀ ਸੁਧਾਰ ਦੇਖਣ ਨੂੰ ਮਿਲੇਗਾ, ਇਹ ਦਾਅਵਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਹਸਪਤਾਲ ਦਾ ਦੌਰ੍ਹਾ ਕਰਨ ਦੌਰਾਨ ਕੀਤਾ। ਸ਼੍ਰੀ ਸੋਮ ਪ੍ਰਕਾਸ਼ ਨੇ ਡੇਢ ਸਾਲ ਪਹਿਲਾਂ ਐਮਪੀਲੈਡ ਫੰਡ ’ਚੋਂ ਕਰੀਬ 13.46 ਲੱਖ ਰੁਪਏ ਦੀ ਲਾਗਤ ਨਾਲ ਖਰੀਦੇ ਸਾਜ਼ੋ ਸਮਾਨ ਦਾ ਨਿਰੀਖਣ ਕਰਨ ਉਪਰੰਤ ਲੋਕਾਅਰਪਣ ਕੀਤਾ। ਹਸਪਤਾਲ ਕੈਂਪਸ ’ਚ ਪਹੁੰਚਣ ’ਤੇ ਪੀਐਮਓ ਡਾ ਰਾਜ ਕੁਮਾਰ ਦੀ ਅਗਵਾਈ ’ਚ ਸਟਾਫ਼ ਤੇ ਹੋਰ ਅਮਲੇ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਸਵਾਗਤ ਕੀਤਾ। ਸ਼੍ਰੀ ਸੋਮ ਪ੍ਰਕਾਸ਼ ਨੇ ਹਸਪਤਾਲ ਦੇ ਡਾਕਟਰਾਂ ਤੋਂ ਦਰਪੇਸ਼ ਮੁਸ਼ਕਲਾਂ ਅਤੇ ਪੀਐਮਓ ਡਾ. ਰਾਜ ਕੁਮਾਰ ਤੋਂ ਖਾਲੀ ਅਸਾਮੀਆਂ ਦਾ ਜਾਣਕਾਰੀ ਹਾਸਲ ਕੀਤੀ। ਡਾਕਟਰੀ ਅਮਲੇ ਅਤੇ ਸਥਾਨਕ ਭਾਜਪਾ ਵਰਕਰਾਂ ਨੇ ਬੰਦ ਪਈ ਅਲਟਰਾ ਸਾਉਂਡ ਮਸ਼ੀਨ ਚਾਲੂ ਕਰਵਾਉਣ, ਡਾਇਲਸਿਸ ਅਤੇ ਹੋਰ ਜ਼ਰੂਰੀ ਮਸ਼ੀਨਾਂ ਮੁਹੱਇਆ ਕਰਵਾਉਣ ਦੀ ਮੰਗ ਰੱਖੀ। ਜਦਕਿ ਭਾਜਪਾ ਦੇ ਸਥਾਨਕ ਵਰਕਰਾਂ ਨੇ ਕੰਢੀ ਖ਼ੇਤਰ ’ਚ ਬਦਤਰ ਸਿਹਤ ਸਹੂਲਤਾਂ ਅਤੇ ਬੀਬੀਐਮਬੀ ਹਸਪਤਾਲ ’ਚ ਮਾਹਿਰ ਡਾਕਟਰਾਂ ਤੇ ਹੋਰ ਅਮਲੇ ਦੀ ਡੈਪੂਟੇਸ਼ਨ ਜਾਂ ਠੇਕੇ ’ਤੇ ਭਰਤੀ ਦੀ ਬਜਾਇ ਰੈਗੂਲਰ ਭਰਤੀ ਕਰਨ ਦੀ ਮੰਗ ਕੀਤੀ, ਹਾਜ਼ਰ ਵਰਕਰਾਂ ਨੇ ਹਸਪਤਾਲ ਪ੍ਰਬੰਧਕਾਂ ’ਤੇ ਵੀ ਦਵਾਈਆਂ ਅੰਦਰੋਂ ਨਾ ਦੇਣ, ਸਾਫ਼ ਸਫ਼ਾਈ ਦੀ ਘਾਟ ਅਤੇ ਮਰੀਜ਼ਾਂ ਨਾਲ ਵਿਵਹਾਰ ਠੀਕ ਨਾ ਕਰਨ ਦੇ ਦੋਸ਼ ਲਗਾਏ।

ਪਿਛਲੇ ਲੰਮੇ ਅਰਸੇ ਤੋਂ ਇਲਾਕੇ ’ਚ ਮਿਆਰੀ ਸਿਹਤ ਸਹੂਲਤਾਂ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਨੌਜਵਾਨ ਆਗੂ ਨਰਿੰਦਰ ਪੁਰੀ ਤੇ ਸ਼ਿਵਮ ਬਖ਼ਸ਼ੀ ਨੇ ਬੀਬੀਐਮਬੀ ਹਸਪਤਾਲ ਦਾ ਪੁਰਾਣਾ ਵੱਕਾਰ ਬਹਾਲ ਕਰਨ ਦੀ ਮੰਗ ਕਰਦਿਆਂ,ਸ਼੍ਰੀ ਸੋਮ ਪ੍ਰਕਾਸ਼ ਨੂੰ ਦਿਲਾਸੇ ਦੇਣ ਦੀ ਬਜਾਇ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀ ਗੱਲ ਕਹੀ। ਮਾਹੌਲ਼ ਉਦੋਂ ਤਣਾਅਪੂਰਨ ਹੋ ਗਿਆ ਜਦੋਂ ਨੌਜਵਾਨਾਂ ਦੇ ਸਵਾਲਾਂ ਤੋਂ ਖ਼ਫਾ ਹਲ਼ਕਾ ਮੁਕੇਰੀਆਂ ਤੋਂ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਤਲਖ਼ੀ ’ਚ ਆ ਗਏ। ਨੌਜਵਾਨ ਆਗੂਆਂ ਨੇ ਕਿਹਾ ਕੇਂਦਰੀ ਮੰਤਰੀ ਨੇ ਡੇਢ ਸਾਲ ਪਹਿਲਾਂ ਦਿੱਤੇ ਸਮਾਨ ਦਾ ਉਦਘਾਟਨ ਕੀਤਾ, ਜਦਕਿ ਖ਼ੇਤਰ ਦੇ ਲੋਕ ਮਾਹਿਰ ਡਾਕਟਰਾਂ ਦੀ ਘਾਟ ਕਾਰਨ ਬੇਮੌਤੇ ਮਰ ਰਹੇ ਹਨ। 

ਹਸਪਤਾਲ ’ਚ ਨਾਕਸ ਸਿਹਤ ਪ੍ਰਬੰਧਾਂ ਦੇ ਚੱਲਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਆਪਣੇ ਪਾਰਟੀ ਵਰਕਰਾਂ ਦੇ ਗੱੁਸੇ ਦਾ ਸਾਹਮਣਾ ਕਰਨਾ ਪਿਆ। ਭਾਜਪਾ ਆਗੂ ਪਾਰਟੀ ਵਰਕਰਾਂ ਨੂੰ ਸ਼ਾਂਤ ਕਰਦੇ ਹੋਏ ਦਿਖਾਈ ਦਿੱਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਬੀਬੀਐਮਬੀ ਚੇਅਰਮੈਨ ੇਸੰਜੇ ਸ਼੍ਰੀਵਾਸਤਵ, ਬੀਬੀਐਮਬੀ ਚੀਫ਼ ਇੰਜਨੀਅਰ ਅਰੁਣ ਸਿਧਾਣਾ, ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ, ਰਘੂਨਾਥ ਰਾਣਾ, ਮੰਡਲ ਪ੍ਰਧਾਨ ਸੁਭਾਸ਼ ਬਿੱਟੂ, ਐਡ.ਰਾਜ ਗੁਲਜਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ। 

Leave a Reply

Your email address will not be published. Required fields are marked *