ਦੀਪਕ ਠਾਕੁਰ
ਤਲਵਾਡ਼ਾ,26 ਮਾਰਚ-ਇੱਥੇ ਮਹੰਤ ਰਾਮ ਪਰਕਾਸ਼ ਦਾਸ ਸਰਕਾਰੀ ਕਾਲਜ ਵਿਖੇ ਦੋ ਰੋਜ਼ਾ ਸਲਾਨਾ ਖੇਡ ਮੇਲਾ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਮੇਜ਼ਰ ਗੁਰਮੀਤ ਸਿੰਘ ਦੀ ਅਗਵਾਈ ਅਤੇ ਸਰੀਰਕ ਸਿੱਖਿਆ ਵਿਭਾਗ ਮੁਖੀ ਪ੍ਰੋ ਰਜਨੀਸ਼ ਸ਼ਰਮਾ ਦੀ ਦੇਖ ਰੇਖ ਹੇਠ ਕਰਵਾਏ ਖੇਡ ਮੇਲੇ ਦਾ ਉਦਘਾਟਨ ਅੰਤਰਰਾਸ਼ਟਰੀ ਐਥਲੇਟਿਕ ਕੋਚ ਬਲਜਿੰਦਰ ਸਿੰਘ ਮੰਡ ਅਤੇ ਕਾਲਜ ਤੋਂ ਸੇਵਾ ਮੁਕਤ ਪ੍ਰੋਫੈਸਰ ਤੇ ਨਾਮਵਰ ਲੇਖਕ ਡਾ ਸੁਰਿੰਦਰਪਾਲ ਸਿੰਘ ਮੰਡ ਨੇ ਸਾਂਝੇ ਰੂਪ ’ਚ ਕੀਤਾ। ਕੋਚ ਮੰਡ ਨੇ ਇਸ ਮੌਕੇ ਕਾਲਜ ਵਿਦਿਆਰਥੀਆਂ, ਖਿਡਾਰੀਆਂ, ਸਟਾਫ਼ ਮੈਂਬਰਾਂ ਅਤੇ ਬਾਹਰੋਂ ਆਏ ਪਤਵੰਤਿਆਂ ਦੇ ਮੁਖਾਤਿਬ ਹੁੰਦਿਆਂ ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕੀਤੇ। ਸਧਾਰਨ ਪਰਿਵਾਰਾਂ ਦੀਆਂ ਕਈ ਲਡ਼ਕੀਆਂ ਖੇਡਾਂ ਦੇ ਬਲਬੂਤੇ ਹੀ ਪੰਜਾਬ ਪੁਲੀਸ ਦੇ ਉਚ ਆਹੁਦਿਆਂ ’ਤੇ ਵਿਰਾਜਮਾਨ ਹਨ। ਕੋਚ ਮੰਡ ਨੇ ਕਿਹਾ ਕਿ ਖੇਡਾਂਹ ਕੇਵਲ ਮੰਨੋਰੰਜਨ ਹੀ ਨਹੀਂ, ਸਗੋਂ ਸਾਡੇ ਵਿਚ ਜਿੰਦਗੀ ਦੀਆਂ ਕੌਡ਼ੀਆਂ ਸੱਚਾਈਆਂ ਨਾਲ ਲਡ਼ਨ ਦੀ ਹਿਮੰਤ ਵੀ ਪੈਦਾ ਕਰਦੀਆਂ ਹਨ। ਖੇਡਾਂ ’ਚ ਭਾਗ ਲੈਣ ਵਾਲੇ ਕਾਲਜ ਦੇ ਖਿਡਾਰੀਆਂ ਨੇ ਮੁੱਖ ਮਹਿਮਾਨ ਨੂੰ ਮਾਰਚ ਪਾਸ ਕਰਕੇ ਸਲਾਮੀ ਦਿੱਤੀ। ਖੇਡ ਮੇਲੇ ’ਚ ਲਡ਼ਕਿਆਂ ਅਤੇ ਲਡ਼ਕੀਆਂ ਦੀਆਂ 100, 200, 400 ਅਤੇ 800 ਮੀਟਰ ਦੌਡ਼੍ਹ, ਸ਼ਾਟ ਪੁੱਟ, ਡਿਸਕਸ ਥਰੋ, ਵਾਲੀਬਾਲ ਆਦਿ ਮੁਕਾਬਲੇ ਕਰਵਾਏ ਗਏ। ਵੱਖ ਵੱਖ ਖੇਡ ਮੁਕਾਬਲਿਆਂ ਦੇ ਜੇਤੂਆਂ ਨੂੰ ਵਿਧਾਇਕ ਦੇ ਪਿਤਾ ਅਤੇ ਸੀਨੀਅਰ ‘ਆਪ’ ਆਗੂ ਜਗਮੋਹਣ ਸਿੰਘ ਘੁੰਮਣ ਵੱਲੋਂ ਇਨਾਮ ਤਕਸੀਮ ਕੀਤੇ ਗਏ। ਆਪਣੇ ਪ੍ਰਧਾਨਗੀ ਭਾਸ਼ਣ ’ਚ ਬੋਲਦਿਆਂ ਕਾਲਜ ਪ੍ਰਿੰਸੀਪਲ ਮੇਜਰ ਗੁਰਮੀਤ ਸਿੰਘ ਨੇ ਕਿਹਾ ਵਿਦਿਆਰਥੀਆਂ ਨੂੰ ਪਡ਼੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਹਿੱਸਾ ਲੈਣਾ ਚਾਹੀਦਾ ਹੈ, ਕਾਲਜ ਪ੍ਰਸ਼ਾਸਨ ਵੱਲੋਂ ਖੇਡਾਂ ਨੂੰ ਪ੍ਰਫੁਲਿੱਤ ਕਰਨ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਵਾਲੀਬਾਲ, ਬਾਸਕਿਟਬਾਲ, ਕਬੱਡੀ, ਬੈਡਮਿੰਟਨ ਆਦਿ ਦੇ ਨਵੇਂ ਗਰਾਉਂਡ ਤਿਆਰ ਕੀਤੇ ਗਏ ਹਨ। ਜਦਕਿ ਖੋਹ ਖੋਹ ਅਤੇ ਟੇਬਲ ਟੈਨਿਸ ਦੇ ਮੈਦਾਨ ਨਿਰਮਾਣ ਅਧੀਨ ਹਨ। ਖੇਡ ਮੇਲੇ ਦੇ ਅੰਤ ’ਚ ਸਰੀਰਕ ਸਿੱਖਿਆ ਵਿਭਾਗ ਮੁਖੀ ਪ੍ਰੋ ਰਜਨੀਸ਼ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧਨਵਾਦ ਕੀਤਾ। ਮੰਚ ਸੰਚਾਲਨ ਪ੍ਰੋ ਰੁਪਾਲੀ ਵਰਮਾ, ਪ੍ਰੋ ਮੁਨੀਸ਼ ਕਸ਼ਿਅਪ ਅਤੇ ਪ੍ਰੋ ਪ੍ਰੀਤਿਕਾ ਵੱਲੋਂ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਥਾਣਾ ਤਲਵਾਡ਼ਾ ਮੁਖੀ ਹਰਗੁਰਦੇਵ ਸਿੰਘ, ਸੇਵਾਮੁਕਤ ਪ੍ਰੋ ਦਲਬੀਰ ਸਿੰਘ ਮੱਲ੍ਹੀ, ਪ੍ਰੋ ਸੀਮਾ ਜੱਸਲ, ਪ੍ਰੋ ਜਸਵੰਤ ਸਿੰਘ, ਪ੍ਰੋ ਪ੍ਰੀਤੀ ਚੌਧਰੀ, ਪ੍ਰੋ ਦਰਪਣ ਚੌਧਰੀ, ਪ੍ਰੋ ਨੀਨਾ ਭਾਰਦਵਾਜ ਆਦਿ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।





