ਚੰਡੀਗੜ੍ਹ (ਦਾ ਮਿਰਰ ਪੰਜਾਬ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਿਰੁੱਧ ਬੋਲਣ ਦੇ ਮਾਮਲੇ ਵਿਚ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੀ ਪ੍ਰਤਿਕ੍ਰਿਆ ਦਿੰਦੇ ਹੋਏ ਕਿਹਾ ਹੈ ਕਿ ਮੈਨੂੰ ਯਕੀਨ ਨਹੀਂ ਆ ਰਿਹਾ ਕਿ ਇੱਕ ਕਠਪੁਤਲੀ ਮੁੱਖ ਮੰਤਰੀ ਝੂਠੀ ਸਰਕਾਰੀ ਤਾਕਤ ਦੇ ਨਸ਼ੇ ਵਿਚ ਇੰਨਾਂ ਅੰਨ੍ਹਾ ਹੋ ਗਿਆ ਹੈ ਕਿ ਦਿੱਲੀ ਬੈਠੀ ਸਿੱਖ ਵਿਰੋਧੀ ਲਾਬੀ ਦੀ ਸ਼ਹਿ ਅਤੇ ਬੇਗਾਨਿਆਂ ਦੀ ਚੁੱਕ ਵਿੱਚ ਆਕੇ ਉਹ ਗੁਰੂ ਘਰ ਨਾਲ ਹੀ ਮੱਥਾ ਲਾਉਣ ਦੀ ਹਿਕਾਮਤ ਕਰ ਬੈਠਾ ਹੈ। ਇਸ ਦਾ ਹਸ਼ਰ ਵੀ ਉਹੀ ਹੋਵੇਗਾ ਜੋ ਸਿੱਖ ਇਤਿਹਾਸ ਵਿੱਚ ਗੁਰੂ ਘਰ ਨਾਲ ਖਾਸ ਕਰਕੇ ਖ਼ਾਲਸਾ ਪੰਥ ਦੀ ਸਰਵਉੱਚ ਸੰਸਥਾ ਛੇਵੇਂ ਪਾਤਸ਼ਾਹ ਵੱਲੋਂ ਬਖ਼ਸ਼ੇ ਮੀਰੀ ਮੀਰੀ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਵਿਰੁੱਧ ਜੰਗ ਛੇੜਣ ਵਾਲਿਆਂ ਦਾ ਹੁੰਦਾ ਆਇਆ ਹੈ। ਹਾਲੇ ਵੀ ਸਮਾਂ ਹੈ ਕਿ ਭਗਵੰਤ ਮਾਨ ਆਪਣੀ ਇਸ ਮੂਰਖਾਨਾ ਧਾਰਮਿਕ ਅਵੱਗਿਆ ਤੇ ਪਸ਼ਚਾਤਾਪ ਵੱਜੋਂ ਬਿਨਾਂ ਦੇਰੀ ਤੇ ਬਿਨਾਂ ਸ਼ਰਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਮੁਆਫ਼ੀ ਮੰਗ ਲਵੇ।





