ਦੀਪਕ ਠਾਕੁਰ
ਤਲਵਾਡ਼ਾ,31 ਮਾਰਚ-ਪਿਛਲੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੇਜ਼ਮੀਨੇ ਪਰਿਵਾਰਾਂ ਨੂੰ 5 -5 ਮਰਲੇ ਦੇ ਪਲਾਟ ਦੇਣ ਲਈ ਸਨਦ ਪੱਤਰ ਵੰਡੇ ਗਏ ਸਨ। ਪਰ ਸੱਤਾ ਤਬਦੀਲੀ ਮਗਰੋਂ ਪਿੰਡ ਬਹਿਚੁਹਡ਼ ਦੇ ਸੱਤ ਪਰਿਵਾਰ ਆਪਣੀ ਹਿੱਸੇ ਦੀ ਜ਼ਮੀਨ ਪ੍ਰਾਪਤ ਕਰਨ ਲਈ ਪਿਛਲੇ ਇੱਕ ਸਾਲ ਤੋਂ ਵਧ ਸਮੇਂ ਤੋਂ ਦਰ ਦਰ ਭਟਕ ਰਹੇ ਹਨ। ਆਪਣੀ ਵਿਥਿਆ ਸੁਣਾਉਂਦਿਆਂ ਪਿੰਡ ਬਹਿਚੁਹਡ਼ ਦੇ ਵਸਨੀਕ ਮਹਿੰਦਰ ਸਿੰਘ ਪੁੱਤਰ ਬਖ਼ਸ਼ੀ ਰਾਮ, ਸੰਜੀਵ ਕੁਮਾਰ ਪੁੱਤਰ ਪ੍ਰੇਮ ਚੰਦ, ਬਲਵੀਰ ਸਿੰਘ ਪੁੱਤਰ ਬਖ਼ਸ਼ੀ ਰਾਮ ਮੁਕੇਸ਼ ਕੁਮਾਰ ਪੱੁਤਰ ਅਸ਼ਵਨੀ ਕੁਮਾਰ, ਬਿਕਰਮ ਸਿੰਘ, ਸ਼ਾਮ ਲਾਲ ਅਤੇ ਮਦਨ ਲਾਲ ਪੁਤਰਾਨ ਜਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੀ ਸ਼ਾਮਲਾਤ ਭੂਮੀ ‘ਚੋਂ ਪੰਜ ਪੰਜ ਮਰਲੇ ਦੇ ਪਲਾਟ ਦੇਣ ਦੇ ਪੱਤਰ ਕਾਂਗਰਸ ਸਰਕਾਰ ਨੇ ਦਿੱਤੇ ਸਨ। ਪਹਿਲੀ ਦਸੰਬਰ 2021 ਨੂੰ ਤਤਕਾਲੀਨ ਹਲਕਾ ਵਿਧਾਇਕ ਅਰੁਣ ਕੁਮਾਰ ਉਰਫ਼ ਮਿੱਕੀ ਡੋਗਰਾ ਨੇ ਇਹ ਸਨਦ ਪੱਤਰ ਦਿੱਤੇ ਸਨ। ਪਰ ਸਾਲ ਤੋਂ ਵਧ ਸਮਾਂ ਬੀਤ ਜਾਣ ਬਾਅਦ ਵੀ ਅਜੇ ਤੱਕ ਉਨ੍ਹਾਂ ਅਲਾਟ ਪਲਾਟਾਂ ਦੀ ਜ਼ਮੀਨ ਨਹੀਂ ਮਿਲੀ, ਉਹ ਪਲਾਟ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ, ਪਰ ਕਿਧਰੇ ਵੀ ਕੋਈ ਸੁਣਾਈ ਨਹੀਂ ਹੋ ਰਹੀ। ਉਨ੍ਹਾਂ ਮੁੱਖ ਮੰਤਰੀ, ਪੰਜਾਬ ਭਗਵੰਤ ਮਾਨ ਤੋਂ ਬੇਜ਼ਮੀਨੇ ਲੋਕਾਂ ਦੇ ਹੱਕ ‘ਚ ਪਿਛਲੀ ਕਾਂਗਰਸ ਸਰਕਾਰ ਵੱਲੋਂ ਕੀਤੇ ਫੈਸਲੇ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਹੈ।
ਬੀਡੀਪੀਓ ਤਲਵਾਡ਼ਾ ਸੁਖਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ’ਚ ਅੱਜ ਹੀ ਮਾਮਲਾ ਆਇਆ ਹੈ। ਉਨ੍ਹਾਂ ਸੋਮਵਾਰ ਨੂੰ ਨਾਇਬ ਤਹਿਸੀਲਦਾਰ ਤਲਵਾਡ਼ਾ ਨਾਲ ਇਸ ਮਾਮਲੇ ’ਚ ਗੱਲਬਾਤ ਕਰਕੇ ਪੀਡ਼ਤਾਂ ਨੂੰ ਜ਼ਲਦ ਰਾਹਤ ਦਿਵਾਉਣ ਦਾ ਭਰੋਸਾ ਦਿੱਤਾ ਹੈ।





