*ਆਪ ਨੇ ਸਰਕਾਰੀ ਮਸ਼ੀਨਰੀ ਤੇ ਪੈਸੇ-ਨਸ਼ੇ ਦੀ ਵਰਤੋਂ ਕਰਕੇ ਜਲੰਧਰ ਜ਼ਿਮਨੀ ਚੋਣ ਜਿੱਤੀ : ਐਡਵੋਕੇਟ ਬਲਵਿੰਦਰ ਕੁਮਾਰ*

देश पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਜਲੰਧਰ ਲੋਕਸਭਾ ਜ਼ਿਮਨੀ ਚੋਣ ’ਚ ਆਪ ਦੀ ਜਿੱਤ ਇਸਦੀ ਨੀਤੀਆਂ ਦੀ ਜਿੱਤ ਨਹੀਂ ਹੈ। ਜ਼ਮੀਨੀ ਪੱਧਰ ’ਤੇ ਲੋਕ ਆਪ ਤੋਂ ਖਫਾ ਸਨ, ਕਿਉਂਕਿ ਇੱਕ ਸਾਲ ਦੇ ਕਾਰਜਕਾਲ ’ਚ ਆਪ ਸਰਕਾਰ ਨੇ ਪੰਜਾਬ ਦੇ ਲੋਕਾਂ ਖਿਲਾਫ ਕੰਮ ਕੀਤਾ। ਆਪ ਸਰਕਾਰ ਨੂੰ ਸੰਗਰੂਰ ਤੋਂ ਬਾਅਦ ਮੁੜ ਜਲੰਧਰ ਜ਼ਿਮਨੀ ਚੋਣ ਹਾਰਨ ਦਾ ਡਰ ਸੀ। ਇਸ ਗੱਲ ਨੂੰ ਭਾਂਪਦਿਆਂ ਆਪ ਨੇ ਸਰਕਾਰੀ ਮਸ਼ੀਨਰੀ ਤੇ ਸਰਕਾਰ ਦੇ ਰੁਤਬੇ ਦਾ ਲੋਕਾਂ ’ਤੇ ਦੱਬ ਕੇ ਇਸਤੇਮਾਲ ਕੀਤਾ ਅਤੇ ਦਬਾਅ ਬਣਾ ਕੇ ਉਨ੍ਹਾਂ ਨੂੰ ਡਰਾ ਕੇ ਵੋਟ ਲਈ।

ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਖਾਸ ਕਰਕੇ ਜਲੰਧਰ ਦੇ ਸਾਰੇ ਸਰਪੰਚਾਂ ਨੂੰ ਡਰਾਇਆ ਗਿਆ। ਆਪ ਸਰਕਾਰ ਦੇ ਮੰਤਰੀਆਂ ਵੱਲੋਂ ਚੋਣਾਂ ਦੌਰਾਨ ਲਗਾਤਾਰ ਸਰਪੰਚਾਂ ਖਿਲਾਫ ਵਿਜੀਲੈਂਸ ਦੀ ਜਾਂਚ ਖੋਲਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਡਰਾ ਕੇ ਆਪ ਦੇ ਹੱਕ ’ਚ ਵੋਟ ਪਵਾਉਣ ਲਈ ਤੋਰਿਆ ਗਿਆ। ਇਸੇ ਤਰ੍ਹਾਂ ਹੀ ਪੁਲਿਸ ਤੇ ਸਿਵਲ ਅਧਿਕਾਰੀਆਂ ਨੂੰ ਆਪ ਦੇ ਹੱਕ ’ਚ ਵੋਟ ਮੰਗਣ ਲਈ ਕਿਹਾ ਗਿਆ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਲਾਕੇ ’ਚ ਕਈ ਲੋਕਾਂ ਨੇ ਦੱਸਿਆ ਕਿ ਅਫਸਰਾਂ ਵੱਲੋਂ ਲੋਕਾਂ ਨੂੰ ਆਪ ਦੇ ਹੱਕ ’ਚ ਵੋਟ ਪਾਉਣ ਲਈ ਫੋਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਵੋਟ ਖਰੀਦਣ ਲਈ ਪੈਸੇ ਤੇ ਨਸ਼ੇ ਦੀ ਵੱਡੇ ਪੱਧਰ ’ਤੇ ਵਰਤੋਂ ਕੀਤੀ ਗਈ। ਇਸ ਮਾਮਲੇ ’ਚ ਖਾਸ ਕਰਕੇ ਆਪ ਤੇ ਭਾਜਪਾ ਨੇ ਬਹੁਤ ਜ਼ੋਰ ਲਗਾਇਆ ਅਤੇ ਜ਼ਿਮਨੀ ਚੋਣ ਤੋਂ ਕਈ ਦਿਨ ਪਹਿਲਾਂ ਤੋਂ ਹੀ ਵੱਡੇ ਪੱਧਰ ’ਤੇ ਨਸ਼ਾ ਚਲਾਇਆ ਗਿਆ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਵਾਲੇ ਦਿਨ ਆਪ ਦੇ ਹਰ ਬੂਥ ’ਤੇ ਮੰਤਰੀਆਂ ਦੇ ਨੁਮਾਇੰਦੇ ਬਿਠਾਏ ਗਏ, ਜਿਨ੍ਹਾਂ ਦਾ ਕੰਮ ਵੋਟਰਾਂ ਨੂੰ ਪ੍ਰਭਾਵਿਤ ਕਰਨਾ ਸੀ।

ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਅਫਸਰ ਤੇ ਮੌਜ਼ੂਦਾ ਡੀਸੀ ਜਲੰਧਰ ਜਸਪ੍ਰੀਤ ਸਿੰਘ ਵੱਲੋਂ ਆਪਣੀ ਜ਼ਿੰਮੇਵਾਰੀ ਈਮਾਨਦਾਰੀ ਨਾਲ ਨਹੀਂ ਨਿਭਾਈ ਗਈ। ਪ੍ਰਸ਼ਾਸਨ ਵੱਲੋਂ ਖੁਦ ਕੋਡ ਆਫ ਕੰਡਕਟ ਦੀ ਉਲੰਘਣਾ ਕੀਤੀ ਗਈ। ਮੁੱਖ ਮੰਤਰੀ ਦੇ ਰੋਡ ਸ਼ੋਅ ਦੌਰਾਨ ਜਿੱਥੋਂ ਉਨ੍ਹਾਂ ਨੇ ਲੰਘਣਾ ਹੁੰਦਾ ਸੀ, ਉੱਥੇ ਸੜਕਾਂ ਦਾ ਪੈਚਵਰਕ ਕੀਤਾ ਗਿਆ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਡੀਸੀ ਤੇ ਪੁਲਿਸ ਅਧਿਕਾਰੀਆਂ ਵੱਲੋਂ ਜੇਕਰ ਕੋਈ ਸਰਕਾਰੀ ਹੁਕਮਾਂ ਦੀ ਉਲੰਘਣਾ ਕਰੇ ਤਾਂ ਉਸਦੇ ਖਿਲਾਫ ਪਰਚਾ ਦੇ ਦਿੱਤਾ ਜਾਂਦਾ ਹੈ ਤੇ ਜਦੋਂ ਅਫਸਰ ਆਪ ਹੀ ਨਿਯਮਾਂ ਦੀ ਉਲੰਘਣਾ ਕਰਨ ਤਾਂ ਫੇਰ ਲੋਕਾਂ ਦਾ ਪ੍ਰਸ਼ਾਸਨ ’ਤੇ ਕੀ ਵਿਸ਼ਵਾਸ ਰਹੇਗਾ। ਪ੍ਰਸ਼ਾਸਨ ਵੱਲੋਂ ਸੱਤਾਧਾਰੀ ਧਿਰ ਦੇ ਹੱਕ ’ਚ ਕਾਨੂੰਨ ਨੂੰ ਤੋੜ ਮਰੋੜ ਕੇ ਇਸ ਧਿਰ ਨੂੰ ਕਾਨੂੰਨ ਤੋਂ ਉੱਪਰ ਰੱਖਣ ਦਾ ਕੰਮ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *