ਪੈਰਿਸ / ਜਲੰਧਰ 3 ਜੂਨ ( ਭੱਟੀ ਫਰਾਂਸ ) ਬੀਤੀ ਪਹਿਲੀ ਜੂਨ ਨੂੰ ਜਲੰਧਰ ਦੇ ਅਜੀਤ ਭਵਨ ਵਿੱਚ ਹੋਈ ਸਰਬ ਪਾਰਟੀ ਬਾਰੇ ਲੰਧਰ ਦੇ ਇੱਕ ਲੋਕਲ ਪੱਤਰਕਾਰ ਨੇ ਮੀਡੀਆ ਪੰਜਾਬ ਨੂੰ ਮੌਕੇ ਤੋਂ ਅੱਖੀਂ ਡਿੱਠੀ ਜਾਣਕਾਰੀ ਬਹੁਤ ਹੀ ਲੰਬੀ ਚੌੜੀ ਡਿਟੇਲ ਵਿੱਚ ਭੇਜਦੇ ਹੋਏ ਦੱਸਿਆ ਕਿ ਪੰਜਾਬ ਦੀਆਂ ਸਮੂਹ ਵਿਰੋਧੀ ਪਾਰਟੀਆਂ ਨੇ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਪੂਰਨ ਤੌਰ ‘ਤੇ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਦੀ ਜ਼ੋਰਦਾਰ ਆਲੋਚਨਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਉਹ ਅਦਾਰਾ ‘ਅਜੀਤ’ ਤੇ ਡਾ. ਹਮਦਰਦ ਖ਼ਿਲਾਫ਼ ਆਪਣੀਆਂ ਦਮਨਕਾਰੀ ਨੀਤੀਆਂ ਤੋਂ ਬਾਜ ਆਉਣ | ਬੀਤੇ ਕੱਲ ਅਜੀਤ ਭਵਨ ਵਿਖੇ ਹੋਈ ਇਕ ਸਰਬ ਪਾਰਟੀ ਮੀਟਿੰਗ ‘ਚ ਸ਼ਾਮਿਲ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਕ ਮੰਚ ਤੋਂ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗ਼ੈਰ ਲੋਕਤੰਤਰੀ ਤੇ ਗ਼ੈਰ ਸੰਵਿਧਾਨਿਕ ਨੀਤੀਆਂ ਖ਼ਿਲਾਫ਼ ਇਕਜੁੱਟ ਹੋ ਕੇ ਲੜਾਈ ਲੜਨ ਦਾ ਅਹਿਦ ਕਰਦਿਆਂ ਕਿਹਾ ਕਿ ਉਹ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀਆਂ ਦਮਨਕਾਰੀ ਨੀਤੀਆਂ ਨੂੰ ਬਰਦਾਸ਼ਤ ਨਹੀਂ ਕਰਨਗੇ | ਇਸ ਮੌਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਇਕਸੁਰ ਹੋ ਕੇ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਭਰੋਸਾ ਦਿੱਤਾ ਕਿ ਉਹ ਸਰਕਾਰ ਨਾਲ ਇਸ ਲੜਾਈ ਵਿਚ ਡਟ ਕੇ ਉਨ੍ਹਾਂ ਦੇ ਨਾਲ ਹੀ ਨਹੀਂ ਹਨ, ਬਲਕਿ ਮੋਹਰੇ ਹੋ ਕੇ ਇਹ ਲੜਾਈ ਲੜਨਗੇ | ਉਨ੍ਹਾਂ ਕਿਹਾ ਕਿ ਡਾ. ਹਮਦਰਦ ਵਲੋਂ ਦਿੱਤੇ ਜਾਣ ਵਾਲੇ ਹਰ ਪ੍ਰੋਗਰਾਮ ਨੂੰ ਸਫਲ ਬਣਾਉਣ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਜੇਕਰ ਲੋੜ ਪਈ ਤਾਂ ਡਾ. ਹਮਦਰਦ ਦੇ ਇਕ ਬੁਲਾਵੇ ‘ਤੇ ਲੱਖਾਂ ਲੋਕ ਇਕੱਠੇ ਹੋ ਕੇ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਸੜਕਾਂ ‘ਤੇ ਉਤਰ ਆਉਣਗੇ | ਇਸ ਮੌਕੇ ਬੁਲਾਰਿਆਂ ਨੇ ਭਾਵੁਕ ਹੁੰਦਿਆਂ ਜਿਥੇ ਡਾ. ਹਮਦਰਦ ਖ਼ਿਲਾਫ਼ ਵਿਜੀਲੈਂਸ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ, ਉਥੇ ਉਨ੍ਹਾਂ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਪਾਏ ਗਏ ਵਡਮੁੱਲੇ ਯੋਗਦਾਨ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦਿਆਨਤਦਾਰੀ ਅਤੇ ਪੰਜਾਬ ਪ੍ਰਤੀ ਪ੍ਰਤੀਬੱਧਤਾ ‘ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ | ਉਹ ਦਹਾਕਿਆਂ ਤੋਂ ਜਿਸ ਸਮਰਪਣ ਅਤੇ ਤਿਆਗ ਦੀ ਭਾਵਨਾ ਨਾਲ ਪੱਤਰਕਾਰੀ ਦੇ ਖੇਤਰ ‘ਚ ਕੰਮ ਕਰ ਰਹੇ ਹਨ, ਉਸ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਦੀ ਸਾਫ਼-ਸੁਥਰੀ ਅਤੇ ਨਿਰਪੱਖ ਪੱਤਰਕਾਰੀ ਦੇ ਕਾਰਨ ਹੀ ਅੱਜ ਸਾਰੀਆਂ ਪਾਰਟੀਆਂ ਦੇ ਆਗੂ ਇਕ ਮੰਚ ‘ਤੇ ਇਕੱਠੇ ਹੀ ਨਹੀਂ ਹੋਏ ਸਗੋਂ ਉਨ੍ਹਾਂ ਲਈ ਹਰ ਸੰਘਰਸ਼ ‘ਚ ਮੋਹਰੇ ਹੋ ਕੇ ਲੜਨ ਲਈ ਵੀ ਤਿਆਰ ਹਨ | ਬੁਲਾਰਿਆਂ ਨੇ ਕਿਹਾ ਕਿ ਇਹ ਲੜਾਈ ਕੇਵਲ ਮੀਡੀਆ ਦੀ ਆਜ਼ਾਦੀ ਦੀ ਲੜਾਈ ਹੀ ਨਹੀਂ ਸਗੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਦੀ ਹੈ, ਜਿਸ ਵਿਚ ਸਮੂਹ ਪੰਜਾਬੀ ਡੱਟ ਕੇ ਸਾਥ ਦੇਣਗੇ | ਇਸ ਮੌਕੇ ਮੀਟਿੰਗ ‘ਚ ਸ਼ਾਮਿਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ, ਬਸਪਾ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਖੱਬੇ ਪੱਖੀ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦੀ ਇਕੱਤਰਤਾ ਨੇ ਜਿਥੇ ‘ਆਪ’ ਸਰਕਾਰ ਵਲੋਂ ਮੀਡੀਆ ਦੀ ਆਜ਼ਾਦੀ ਅਤੇ ਖ਼ਾਸ ਕਰਕੇ ‘ਅਜੀਤ’ ਪ੍ਰਕਾਸ਼ਨ ਸਮੂਹ ਅਤੇ ਇਸ ਦੇ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਅਪਣਾਈਆਂ ਗਈਆਂ ਦਮਨਕਾਰੀ ਨੀਤੀਆਂ ਦੀ ਸਖ਼ਤ ਆਲੋਚਨਾ ਦਾ ਮਤਾ ਪਾਸ ਕਰਦਿਆਂ ਪੰਜਾਬ ਸਰਕਾਰ ਨੂੰ ਆਪਣੀਆਂ ਹਰਕਤਾਂ ਤੋਂ ਬਾਜ ਆਉਣ ਲਈ ਚਿਤਾਵਨੀ ਦਿੱਤੀ ਹੈ, ਉਥੇ ਹੀ ਅਦਾਰਾ ‘ਅਜੀਤ’ ਦੇ ਬੰਦ ਕੀਤੇ ਇਸ਼ਤਿਹਾਰਾਂ ਨੂੰ ਸਰਕਾਰ ਦੀ ਬਦਲਾ ਲਊ ਭਾਵਨਾ ਅਤੇ ਲੋਕ ਵਿਰੋਧੀ ਸਰਕਾਰੀ ਨੀਤੀਆਂ ਦਾ ਪੱਖ ਪੂਰਨ ਲਈ ਮਜਬੂਰ ਕਰਨ ਦੀਆਂ ਗੈਰ ਜਮਹੂਰੀ ਨੀਤੀਆਂ ਨੂੰ ਬੰਦ ਕਰਕੇ ਪ੍ਰੈੱਸ ਦੀ ਆਜ਼ਾਦੀ ਨੂੰ ਬਹਾਲ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ |
ਇਕ ਹੋਰ ਮਤੇ ‘ਚ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਕਿ ਜੰਗ-ਏ-ਆਜ਼ਾਦੀ ਅਤੇ ‘ਅਜੀਤ’ ਦੇ ਬਹਾਨੇ ਲੋਕਤੰਤਰ ‘ਤੇ ਹਮਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਸਰਕਾਰ ਨੂੰ ਤਾੜਨਾ ਕੀਤੀ ਕਿ ਜੇਕਰ ਸਰਕਾਰ ਨੇ ਅਦਾਰਾ ‘ਅਜੀਤ’ ਖ਼ਿਲਾਫ਼ ਆਪਣੀਆਂ ਦਮਨਕਾਰੀ ਨੀਤੀਆਂ ਵਾਪਸ ਨਾ ਲਈਆਂ ਤਾਂ ਉਹ ਅਗਲੇ ਸੰਘਰਸ਼ ਦਾ ਵੀ ਜਲਦ ਐਲਾਨ ਕਰਨਗੀਆਂ | ਇਕ ਹੋਰ ਮਤੇ ਰਾਹੀਂ ਡਾ. ਹਮਦਰਦ ਵਲੋਂ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਨੂੰ ਸੰਭਾਲਣ ਲਈ ਜੰਗ-ਏ-ਆਜ਼ਾਦੀ ਯਾਦਗਾਰ ‘ਚ ਪਾਏ ਗਏ ਯੋਗਦਾਨ ਵੀ ਭਰਪੂਰ ਸ਼ਲਾਘਾ ਕੀਤੀ ਗਈ | ਇਸ ਦੌਰਾਨ ਆਗੂਆਂ ਨੇ ਇਹ ਵੀ ਕਿਹਾ ਕਿ ਉਹ ਪ੍ਰੈੱਸ ਦੀ ਆਜ਼ਾਦੀ ਤੇ ਖ਼ਾਸ ਕਰਕੇ ‘ਅਜੀਤ’ ਨਾਲ ਕੀਤੇ ਜਾ ਰਹੇ ਵਿਤਕਰੇ ਦਾ ਮਾਮਲਾ ਰਾਸ਼ਟਰਪਤੀ ਅਤੇ ਰਾਜਪਾਲ ਕੋਲ ਵੀ ਉਠਾਉਣਗੇ |
ਇਸ ਮੌਕੇ ਬੁਲਾਰਿਆਂ ਨੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਅਤੇ ਹੋਰਨਾਂ ਇਨਸਾਫ਼ ਪਸੰਦ ਲੋਕਾਂ ਵਲੋਂ ‘ਆਪ’ ਸਰਕਾਰ ਦੀ ਅਦਾਰਾ ‘ਅਜੀਤ’ ਅਤੇ ਡਾ. ਹਮਦਰਦ ਪ੍ਰਤੀ ਬਦਲਾਖੋਰੀ ਦੀ ਨੀਤੀ ਖ਼ਿਲਾਫ਼ ਆਵਾਜ਼ ਉਠਾਏ ਜਾਣ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੇ ਗੈਰਤਮੰਦ ਲੋਕ ਇਸ ਤਰ੍ਹਾਂ ਦੀ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਪ੍ਰੈੱਸ ਦੀ ਆਜ਼ਾਦੀ ਬਰਕਰਾਰ ਰੱਖਣ ਲਈ ਡਾ. ਹਮਦਰਦ ਹਮੇਸ਼ਾਂ ਦੀਵਾਰ ਬਣ ਕੇ ਖੜ੍ਹੇ ਹੁੰਦੇ ਰਹੇ ਹਨ । ਇਸ ਮੌਕੇ ਬੁਲਾਰਿਆ ਨੇ ਪ੍ਰੈੱਸ ਦੀ ਆਜ਼ਾਦੀ ਬਰਕਰਾਰ ਰੱਖਣ ਲਈ ਡਾ. ਹਮਦਰਦ ਵਲੋਂ ਦਿਖਾਈ ਗਈ ਹਿੰਮਤ ਤੇ ਦਲੇਰੀ ਦੀ ਵੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਰਕਾਰ ਦੇ ਜ਼ਬਰ ਜ਼ੁਲਮ ਅੱਗੇ ਜਿਥੇ ਕਈ ਮੀਡੀਆ ਅਦਾਰੇ ਗੋਡੇ ਟੇਕ ਗਏ, ਉਥੇ ਡਾ. ਹਮਦਰਦ ਸਰਕਾਰ ਦੀ ਧੱਕੇਸ਼ਾਹੀ ਅੱਗੇ ਅੱਜ ਵੀ ਇਕ ਮਜ਼ਬੂਤ ਦੀਵਾਰ ਬਣ ਕੇ ਖੜ੍ਹੇ ਹੋਏ ਹਨ ਤੇ ਉਨ੍ਹਾਂ ਨੂੰ ਕੋਈ ਵੀ ਤਾਕਤ ਡੁਲਾ ਨਹੀਂ ਸਕੀ | ਉਨ੍ਹਾਂ ਕਿਹਾ ਕਿ ਅੱਜ ਸਮੁੱਚੇ ਪੰਜਾਬ ਨੂੰ ਡਾ. ਹਮਦਰਦ ਵਰਗੀ ਸ਼ਖ਼ਸੀਅਤ ‘ਤੇ ਮਾਣ ਹੈ, ਜਿਨ੍ਹਾਂ ਨੇ ਲੋਕਤੰਤਰ ਦੀ ਰਾਖੀ ਅਤੇ ਮੀਡੀਆ ਦੀ ਆਜ਼ਾਦੀ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ |
ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਉਹ ਅਤੇ ਉਨਾਂ ਦੀ ਪਾਰਟੀ ਡਾ. ਹਮਦਰਦ ਨਾਲ ਡਟ ਕੇ ਖੜ੍ਹੀ ਹੈ । ਬਾਜਵਾ ਨੇ ਇਹ ਵੀ ਕਿਹਾ ਕਿ ਡਾ. ਬਰਜਿੰਦਰ ਸਿੰਘ ਹਮਦਰਦ ਕਾਰਨ ਅੱਜ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਇਕ ਮੰਚ ‘ਤੇ ਇਕੱਠੇ ਹੋਏ ਹਨ ਤੇ ਕਾਂਗਰਸ ਸਮੇਤ ਸਾਰੀਆਂ ਹੀ ਪਾਰਟੀਆਂ ਦੇ ਆਗੂ ਉਨ੍ਹਾਂ ਨਾਲ ਡੱਟ ਕੇ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਡਾ. ਬਰਜਿੰਦਰ ਸਿੰਘ ਹਮਦਰਦ ਨੇ ਪੰਜਾਬ, ਪੰਜਾਬੀ ਤੇ ਪੰਜਾਬੀਆਂ ਦੀ ਦਿਲੋਂ ਤੇ ਪੂਰੀ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਤੇ ਉਹ ਹਮੇਸ਼ਾ ਹੀ ਸੱਚ ਲਿਖਦੇ ਆਏ ਹਨ ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਡਾ. ਹਮਦਰਦ ਨੂੰ ਬਾਕੀ ਮੀਡੀਆ ਵਾਂਗ ਦਬਾਅ ਕੇ ਆਪਣੇ ਅਨੁਸਾਰ ਅਖ਼ਬਾਰ ‘ਚ ਖ਼ਬਰਾਂ ਲਗਵਾਉਣਾ ਚਾਹੁੰਦੇ ਹਨ, ਜੋ ਕਿ ਕਿਸੇ ਵੀ ਹਾਲਤ ‘ਚ ਨਹੀਂ ਹੋ ਸਕੇਗਾ | ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ‘ਚ ਮੁੱਖ ਮੰਤਰੀ ਦੇ ਬਣਾਏ ਜਾ ਰਹੇ ਘਰ ‘ਚ ਲੱਗ ਰਹੇ ਕਰੋੜਾਂ ਰੁਪਏ ਦੀ ਵੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ |
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਸੰਬੋਧਨ ‘ਚ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਡਾ. ਹਮਦਰਦ ਨੂੰ ਇੱਕ ਇਮਾਨਦਾਰ ਤੇ ਸੱਚੇ ਇਨਸਾਨ ਹੋਣ ਕਾਰਨ ਇਸ ਕੰਮ ਲਈ ਚੁਣਿਆ ਸੀ । ਸ਼੍ਰੋ. ਅ. ਦਲ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ‘ਅਜੀਤ’ ਭਵਨ ਵਿਖੇ ਹੋਈ ਸਰਬ ਪਾਰਟੀ ਮੀਟਿੰਗ ਦੌਰਾਨ ਬਰਜਿੰਦਰ ਸਿੰਘ ਹਮਦਰਦ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਅੱਜ ਸਮੂਹ ਸਿਆਸੀ ਪਾਰਟੀਆਂ ਦੇ ਆਗੂ ਇਕ ਮੰਚ ‘ਤੇ ਇਕੱਠੇ ਹੋਏ ਹਨ | ਉਨ੍ਹਾਂ ਸਵ. ਪ੍ਰਕਾਸ਼ ਸਿੰਘ ਬਾਦਲ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਦੱਸਿਆ ਕਿ ਸਵ. ਬਾਦਲ ਨੇ ਕਰਤਾਰਪੁਰ (ਜਲੰਧਰ) ‘ਚ ਉਸਾਰੀ ਜਾਣ ਵਾਲੀ ਯਾਦਗਾਰ ਦੀ ਉਸਾਰੀ ਦੀ ਜ਼ਿੰਮੇਵਾਰੀ ਡਾ. ਹਮਦਰਦ ਨੂੰ ਇਸ ਲਈ ਦਿੱਤੀ ਸੀ ਕਿਉਂਕਿ ਡਾ. ਹਮਦਰਦ ਇਕ ਇਮਾਨਦਾਰ ਤੇ ਸੱਚੇ ਇਨਸਾਨ ਹਨ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਨ੍ਹਾਂ ਨੇ ਆਪਣੇ ਅਖ਼ਬਾਰ ਅਤੇ ਹੋਰ ਕੰਮਾਂ ਦੇ ਨਾਲ-ਨਾਲ ਯਾਦਗਾਰ ਨੂੰ ਬਣਾਉਣ ‘ਚ ਵੀ ਪੂਰੀ ਤਰਜੀਹ ਦਿੱਤੀ ਸੀ | ਸੁਖਬੀਰ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਮੀਡੀਆ ਅਦਾਰਿਆਂ ‘ਤੇ ਆਪਣਾ ਪੂਰਾ ਦਬਦਬਾ ਬਣਾਉਣਾ ਚਾਹੁੰਦੀ ਹੈ ਤੇ ਜੇਕਰ ਮੀਡੀਆ ਕਾਬੂ ‘ਚ ਆ ਜਾਂਦਾ ਹੈ ਤਾਂ ਠੀਕ ਨਹੀਂ ਤਾਂ ਉਸ ਨੂੰ ਵਿਜੀਲੈਂਸ ਜਾਂ ਪੁਲਿਸ ਦੀ ਧਮਕੀ ਦੇ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ |
ਬਸਪਾ ਪ੍ਰਧਾਨ ਪੰਜਾਬ ਜਸਬੀਰ ਸਿੰਘ ਗੜੀ ਨੇ ਕਿਹਾ ਕਿ ਭਗਵੰਤ ਮਾਨ ਦੀ ਤਾਨਾਸ਼ਾਹੀ ਨੀਤੀ ਦੇ ਵਿਰੋਧ ਵਿੱਚ ਅਤੇ ਡਾ.ਹਮਦਰਦ ਦੇ ਉਪਰਾਲੇ ਉਪਰੰਤ 47 ਸਾਲ ਬਾਅਦ ਸਾਰੀਆਂ ਸਿਆਸੀ ਪਾਰਟੀਆ ਇਕ ਮੰਚ ‘ਤੇ ਇਕ ਮੁੱਦੇ ਨੂੰ ਲੈ ਕੇ ਇਕੱਠੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਦੇ ਸਮੇਂ ‘ਚ ਵੀ ਉਸ ਸਮੇਂ ਦੇ ਮੀਡੀਆ ‘ਤੇ ਹਮਲਾ ਹੋਇਆ ਸੀ, ਪ੍ਰੰਤੂ ਲੋਕਤੰਤਰੀ ਦੇਸ਼ ‘ਚ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਮੀਡੀਆ ਨਾਲ ਧੱਕਾ ਕਰਨ ‘ਚ ਸਫ਼ਲ ਨਹੀਂ ਹੋ ਸਕੇਗੀ ਤੇ ਡਾ. ਹਮਦਰਦ ਨੂੰ ਵਿਜੀਲੈਂਸ ਦੀ ਆੜ ‘ਚ ਪ੍ਰੇਸ਼ਾਨ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ ਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਤੇ ਵਰਕਰ ਪੂਰੀ ਤਰ੍ਹਾਂ ਅਦਾਰਾ ‘ਅਜੀਤ’ ਤੇ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਡੱਟ ਕੇ ਖੜ੍ਹੇ ਹਨ |
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ ਕਿ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਉਹ ਦਿਲੋਂ ਨਮਸਕਾਰ ਕਰਦੇ ਹਨ, ਕਿਉਂਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਪੂਰੇ 9 ਮਹੀਨੇ ਸਰਕਾਰ ਨਾਲ ਖ਼ੁਦ ਲੜਾਈ ਲੜੀ ਹੈ ਤੇ ਹਾਜ਼ਰ ਸਾਰੇ ਹੀ ਆਗੂ ਵਧਾਈ ਦੇ ਪਾਤਰ ਹਨ, ਜੋ ਸਿਆਸਤ ਤੋਂ ਉੱਪਰ ਉੱਠ ਕੇ ਅਦਾਰਾ ‘ਅਜੀਤ’ ਤੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ ‘ਚ ਡੱਟ ਕੇ ਖੜ੍ਹੇ ਹੋ ਗਏ ਹਨ | ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸਰਕਾਰੀ ਦਫ਼ਤਰਾਂ ‘ਚ ਤਸਵੀਰ ਲਗਵਾਉਣ ਦੀ ਗੱਲ ਕਰਨ ਵਾਲੇ ਨੇ ਕਰਤਾਰਪੁਰ ‘ਚ ਬਣੀ ਹੋਈ ਸ਼ਹੀਦਾਂ ਦੀ ਯਾਦਗਾਰ ‘ਤੇ ਸਵਾਲ ਚੁੱਕ ਕੇ ਪੰਜਾਬੀਅਤ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ |
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਹਾਜਰੀਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਆਪ’ ਦੀ ਸਰਕਾਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਜੜ੍ਹ ਤੋਂ ਖ਼ਤਮ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਜਿਊਾਦਾ ਰੱਖਣ ‘ਚ ਅਦਾਰਾ ‘ਅਜੀਤ’ ਅੱਜ ਵੀ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ ਪ੍ਰੰਤੂ ਇਹ ਸਰਕਾਰ ਪੰਜਾਬ ‘ਚੋਂ ਪੰਜਾਬੀ ਭਾਸ਼ਾ ਦਾ ਖ਼ਾਤਮਾ ਕਰਨ ‘ਚ ਕੋਈ ਕਸਰ ਨਹੀਂ ਛੱਡ ਰਹੀ ਹੈ | ਉਨ੍ਹਾਂ ਕਿਹਾ ਕਿ ਅੱਜ ਅਦਾਰਾ ‘ਅਜੀਤ’ ਅਤੇ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ ‘ਚ ਇਤਿਹਾਸਕ ਇਕੱਠ ਹੋਇਆ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਹੀ ਇਕਜੁੱਟਤਾ ਦਿਖਾਉਂਦੇ ਹੋਏ ਮਾਨ ਸਰਕਾਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਪੰਜਾਬ ਦੇ ਰਾਜਪਾਲ ਅਤੇ ਰਾਸ਼ਟਰਪਤੀ ਨੂੰ ਮਿਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਹ ਪਾਰਟੀ ਝੂਠੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦੋਂ ਕਿ ਇਹ ਸਰਕਾਰ ਪੰਜਾਬ ਦਾ ਪੈਸਾ ਦੂਸਰੇ ਰਾਜਾਂ ‘ਚ ਲਾ ਕੇ ਵਾਹ-ਵਾਹੀ ਲੁੱਟਣ ‘ਚ ਲੱਗੀ ਹੋਈ ਹੈ ||
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੰਮੇ ਹੱਥੀਂ ਲੈਂਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਨੇ ਕੋਝੀਆਂ ਹਰਕਤਾਂ ਕਰਕੇ ਪੰਜਾਬ ਦੀ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ ਹੈ ਤੇ ਐਸੀ ਸਰਕਾਰ ਨੂੰ ਜੜ੍ਹ ਤੋਂ ਹੀ ਪੁੱਟ ਕੇ ਸੁੱਟ ਦੇਣਾ ਚਾਹੀਦਾ ਹੈ । ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਦਹਾਕਿਆਂ ਤੋਂ ਪੱਤਰਕਾਰੀ ਦੇ ਖੇਤਰ ‘ਚ ਪਾਏ ਜਾ ਰਹੇ ਨਿੱਗਰ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਪੰਜਾਬੀ ਪੱਤਰਕਾਰੀ ਦਾ ਬੱਬਰ ਸ਼ੇਰ ਦੱਸਿਆ | ਉਨ੍ਹਾਂ ਡਾ. ਹਮਦਰਦ ਦੀ ਬਹੁਪੱਖੀ ਸ਼ਖ਼ਸੀਅਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਅਜੋਕੀ ਪੀੜ੍ਹੀ ਲਈ ਇਕ ਚਾਨਣ ਮੁਨਾਰਾ ਤੇ ‘ਪਿੱਲਰ ਆਫ਼ ਸਟਰੈਂਥ’ ਹਨ | ਉਨ੍ਹਾਂ ਕਿਹਾ ਕਿ ਡਾ. ਹਮਦਰਦ ਦੀ ਨਿਰਪੱਖ ਤੇ ਸਿਧਾਂਤਕ ਪੱਤਰਕਾਰੀ ਨੂੰ ਸਾਰਾ ਪੰਜਾਬ ਸਿਜਦਾ ਕਰਦਾ ਹੈ | ਅੱਜ ਅਸੀਂ ਸਾਰੇ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋਏ ਹਾਂ ਤੇ ਜੇਕਰ ਅਸੀਂ ਸਫਲ ਨਾ ਹੋ ਸਕੇ ਤਾਂ ਸਾਡੇ ਹਾਲਾਤ ਵੀ ਪਾਕਿਸਤਾਨ ਵਾਲੇ ਬਣ ਜਾਣਗੇ |
ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਵਿਰੋਧੀ ਧਿਰ ਦੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ, ਸੰਸਦ ਮੈਂਬਰ ਡਾ. ਅਮਰ ਸਿੰਘ, ਤਜਿੰਦਰ ਸਿੰਘ ਬਿੱਟੂ, ਬੀਬੀ ਜਗੀਰ ਕੌਰ, ਅਵਿਨਾਸ਼ ਰਾਏ ਖੰਨਾ ਸਾਬਕਾ ਸੰਸਦ ਮੈਂਬਰ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਮਹੇਸ਼ਇੰਦਰ ਸਿੰਘ ਗਰੇਵਾਲ, ਸਿਕੰਦਰ ਸਿੰਘ ਮਲੂਕਾ, ਅਵਤਾਰ ਸਿੰਘ ਕਰੀਮਪੁਰੀ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਗੁਰਜੀਤ ਸਿੰਘ ਰਾਣਾ, ਬਲਵਿੰਦਰ ਸਿੰਘ ਭੁੰਦੜ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਵਿਧਾਇਕ ਲਾਡੀ ਸ਼ੇਰੋਵਾਲੀਆ, ਵਿਧਾਇਕ ਪਰਗਟ ਸਿੰਘ, ਵਿਧਾਇਕ ਬਾਵਾ ਹੈਨਰੀ, ਸੁਖਵਿੰਦਰ ਸਿੰਘ ਕੋਟਲੀ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਨਵਜੋਤ ਸਿੰਘ ਦਾਹੀਆ, ਦਲਜੀਤ ਸਿੰਘ ਸਹੋਤਾ, ਰਾਜੇਸ਼ ਬਾਘਾ, ਵਿਧਾਇਕ ਡਾ. ਸੁਖਵਿੰਦਰ ਸੁੱਖੀ, ਹਰਮਿੰਦਰ ਸਿੰਘ ਗਿੱਲ, ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਪਰਮਿੰਦਰ ਸਿੰਘ ਢੀਂਡਸਾ, ਸਰਵਣ ਸਿੰਘ ਫਿਲੌਰ, ਗੁਰਚਰਨ ਸਿੰਘ ਚੰਨੀ, ਮਲਕੀਤ ਸਿੰਘ ਦਾਖਾ, ਅਮਰਜੀਤ ਸਿੰਘ ਚਾਵਲਾ, ਪਵਨ ਟੀਨੂੰ, ਡਾ. ਹਰਜਿੰਦਰ ਜੱਖੂ, ਮਨੋਰੰਜਨ ਕਾਲੀਆ, ਅਰਵਿੰਦ ਖੰਨਾ, ਕੇ.ਡੀ. ਭੰਡਾਰੀ, ਫਤਿਹਜੰਗ ਸਿੰਘ ਬਾਜਵਾ, ਸੁਭਾਸ਼ ਸ਼ਰਮਾ, ਹਰਚਰਨ ਸਿੰਘ ਬੈਂਸ, ਹਰਜੀਤ ਕੌਰ ਤਲਵੰਡੀ, ਰਜਿੰਦਰ ਬੇਰੀ, ਭਾਜਪਾ ਆਗੂ ਜੀਵਨ ਗੁਪਤਾ, ਕੈਪਟਨ ਸੰਦੀਪ ਸਿੰਘ ਸੰਧੂ, ਸੰਗਤ ਸਿੰਘ ਗਿਲਜੀਆਂ, ਕੁਲਦੀਪ ਸਿੰਘ ਵੈਦ, ਮਦਨ ਲਾਲ ਜਲਾਲਪੁਰ, ਗੁਲਜਾਰ ਸਿੰਘ ਰਾਣੀਕੇ, ਅਮਰਜੀਤ ਸਿੰਘ ਸੰਧੂ, ਅਜੀਤ ਸਿੰਘ ਸੇਠੀ ਪ੍ਰਧਾਨ ਗੁ. ਮਾਡਲ ਟਾਊਨ, ਜਗਜੀਤ ਸਿੰਘ ਗਾਬਾ, ਅਨਿਲ ਸੱਚਰ, ਅਸ਼ੋਕ ਸਰੀਨ, ਗੁਰਕੀਰਤ ਸਿੰਘ ਕੋਟਲੀ, ਬਲਵਿੰਦਰ ਕੁਮਾਰ ਬਸਪਾ ਆਗੂ, ਭਜਨ ਲਾਲ ਚੋਪੜਾ, ਅਸ਼ਵਨ ਭੱਲਾ, ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ਸਰਵਣ ਸਿੰਘ ਕੁਲਾਰ ਸ਼੍ਰੋਮਣੀ ਕਮੇਟੀ ਮੈਂਬਰ, ਮਨਜੀਤ ਸਿੰਘ ਬੱਧੀਆਣਾ ਮੈਂਬਰ ਸ਼੍ਰੋਮਣੀ ਕਮੇਟੀ, ਹੈਪੀ ਸੰਧੂ, ਸਤਿੰਦਰ ਸਿੰਘ ਚੈੜੀਆਂ ਸਾਬਕਾ ਚੇਅਰਮੈਨ, ਚੇਤਨ ਹਾਂਡਾ, ਅਭੀ ਸੱਭਰਵਾਲ, ਵਿਪਨ ਸੱਭਰਵਾਲ, ਕੁਲਵੰਤ ਸਿੰਘ ਮੰਨਣ, ਹਰਮਿੰਦਰ ਸਿੰਘ ਗਿੱਲ, ਸਤਨਾਮ ਸਿੰਘ ਵੜੈਚ, ਰਛਪਾਲ ਸਿੰਘ ਪਾਲ, ਨੇਕੀ ਗਰੇਵਾਲ, ਅਮਰਜੀਤ ਸਿੰਘ ਸੰਧੂ ਤੇ ਹੋਰ ਬਹੁਤ ਸਾਰੇ ਰਾਜਨੀਤਿਕ ਨੇਤਾ ਅਜੀਤ ਭਵਨ ਵਿੱਚ ਮੌਜੂਦ ਸਨ
ਸਰਬ ਸੰਮਤੀ ਨਾਲ ਕੁਝ,ਕ ਪ੍ਰਵਾਨ ਕੀਤੇ ਗਏ ਮੇਨ ਮਤੇ ਇਸ ਪ੍ਰਕਾਰ ਹਨ
1—–ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ, ਬਸਪਾ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ), ਲੋਕ ਇਨਸਾਫ਼ ਪਾਰਟੀ, ਲੋਕ ਭਲਾਈ ਪਾਰਟੀ ਅਤੇ ਖੱਬੀਆਂ ਪਾਰਟੀਆਂ ਦੇ ਆਗੂਆਂ ‘ਤੇ ਆਧਾਰਿਤ ਅੱਜ ਦੀ ਇਹ ਇਕੱਤਰਤਾ ਪੰਜਾਬ ਸਰਕਾਰ ਵਲੋਂ ਪ੍ਰੈੱਸ ਦੀ ਆਜ਼ਾਦੀ ‘ਤੇ ਕੀਤੇ ਜਾ ਰਹੇ ਹਮਲਿਆਂ ਅਤੇ ਖ਼ਾਸ ਕਰਕੇ ‘ਅਜੀਤ’ ਪ੍ਰਕਾਸ਼ਨ ਸਮੂਹ ਅਤੇ ਇਸ ਦੇ ਮੁੱਖ ਸੰਪਾਦਕ ਡਾ. ਹਮਦਰਦ ਖ਼ਿਲਾਫ਼ ਪਿਛਲੇ ਲੰਮੇ ਸਮੇਂ ਤੋਂ ਅਪਣਾਈਆਂ ਗਈਆਂ ਦਮਨਕਾਰੀ ਨੀਤੀਆਂ ਦੀ ਸਖ਼ਤ ਆਲੋਚਨਾ ਕਰਦੀ ਹੈ |
2—–ਸਰਬ ਪਾਰਟੀਆਂ ਦੀ ਇਕੱਤਰਤਾ ਦੀ ਇਹ ਸਪੱਸ਼ਟ ਰਾਇ ਹੈ ਕਿ ਰੋਜ਼ਾਨਾ ‘ਅਜੀਤ’ ਪੰਜਾਬ ਦਾ ਪ੍ਰਮੁੱਖ ਅਖ਼ਬਾਰ ਹੈ ਅਤੇ ਇਸ ਨੂੰ ਪੰਜਾਬ ਦੀ ਆਵਾਜ਼ ਵਜੋਂ ਵੀ ਜਾਣਿਆ ਜਾਂਦਾ ਹੈ | ਇਸ ਅਖ਼ਬਾਰ ਨੇ ਅਤੇ ਇਸ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸਿਧਾਂਤਾਂ ‘ਤੇ ਚਲਦਿਆਂ ਪੰਜਾਬ ਦੇ ਹੱਕਾਂ, ਹਿਤਾਂ ਦੀ ਰੱਖਿਆ ਲਈ ਪ੍ਰਭਾਵਸ਼ਾਲੀ ਭੂਮਿਕਾ ਅਦਾ ਕੀਤੀ ਹੈ | ਪੰਜਾਬੀਆਂ ਵਲੋਂ ਦੇਸ਼ ਦੀ ਆਜ਼ਾਦੀ ਵਿਚ ਪਾਏ ਗਏ ਬੇਮਿਸਾਲ ਯੋਗਦਾਨ ਦੀ ਯਾਦ ਵਿਚ ਬਣੀ ਜੰਗ-ਏ-ਆਜ਼ਾਦੀ ਯਾਦਗਾਰ, ਕਰਤਾਰਪੁਰ ਦੀ ਉਸਾਰੀ ਲਈ ਵੀ ਡਾ. ਬਰਜਿੰਦਰ ਸਿੰਘ ਹਮਦਰਦ ਨੇ ਬੇਮਿਸਾਲ ਸੇਵਾ ਕੀਤੀ ਹੈ | ਅਜਿਹੇ ਸ਼ਾਨਦਾਰ ਕਾਰਜ ਦੀ ਅਕਾਲੀ-ਭਾਜਪਾ ਤੇ ਕਾਂਗਰਸ ਪਾਰਟੀ ਦੀ ਅਗਵਾਈ ਵਿਚ ਬਣੀਆਂ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਭਰਪੂਰ ਪ੍ਰਸੰਸਾ ਕੀਤੀ ਹੈ ਪਰ ਇਹ ਬੇਹੱਦ ਘਟੀਆ ਗੱਲ ਹੈ ਕਿ ਮੌਜੂਦਾ ਪੰਜਾਬ ਸਰਕਾਰ ਇਸ ਯਾਦਗਾਰ ਸੰਬੰਧੀ ਵਿਜੀਲੈਂਸ ਤੋਂ ਜਾਂਚ ਕਰਾਉਣ ਦੇ ਨਾਂਅ ‘ਤੇ ਪਿਛਲੇ ਕਈ ਮਹੀਨਿਆਂ ਤੋਂ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਦੀ ਸਾਖ਼ ਖ਼ਰਾਬ ਕਰਨ ਲਈ ਬੇਹੱਦ ਘਟੀਆ ਢੰਗ ਤਰੀਕੇ ਅਪਣਾ ਰਹੀ ਹੈ | ਇਸ ਲਈ ਸਰਬ ਪਾਰਟੀਆਂ ਦੀ ਇਹ ਇਕੱਤਰਤਾ ਪੰਜਾਬ ਸਰਕਾਰ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੰਦੀ ਹੈ |
3—–ਸਰਬ ਪਾਰਟੀਆਂ ਦੀ ਇਹ ਇਕੱਤਰਤਾ ਇਹ ਵੀ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸੱਤ ਮਹੀਨਿਆਂ ਤੋਂ ਬਦਲਾ ਲਊ ਕਾਰਵਾਈ ਅਧੀਨ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਇਸ਼ਤਿਹਾਰ ਬੰਦ ਕਰਕੇ ਇਸ ਨੂੰ ਲੋਕ ਵਿਰੋਧੀ ਸਰਕਾਰੀ ਨੀਤੀਆਂ ਦਾ ਪੱਖ ਪੂਰਨ ਲਈ ਮਜਬੂਰ ਕਰਨ ਲਈ ਦਬਾਅ ਪਾਉਣ ਦਾ ਯਤਨ ਕਰਨਾ ਨਾ ਸਿਰਫ਼ ਪੱਤਰਕਾਰੀ ਦੇ ਅਸੂਲਾਂ ਦੇ ਵਿਰੁੱਧ ਹੈ, ਸਗੋਂ ਪੰਜਾਬ ਦੇ ਭਵਿੱਖ ਲਈ ਵੀ ਘਾਤਕ ਹੈ |
4—–ਸਰਬ ਪਾਰਟੀਆਂ ਦੀ ਇਕੱਤਰਤਾ ਇਹ ਮੰਗ ਕਰਦੀ ਹੈ ਕਿ ਇਸ ਦਮਨਕਾਰੀ ਨੀਤੀ ਨੂੰ ਸਰਕਾਰ ਸਮਾਪਤ ਕਰੇ ਅਤੇ ਜਮਹੂਰੀ ਕਦਰਾਂ-ਕੀਮਤਾਂ ਦਾ ਸਤਿਕਾਰ ਕਰਦਿਆਂ ਪ੍ਰੈੱਸ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦਾ ਲੋਕਾਂ ਨੂੰ ਮੁੜ ਤੋਂ ਭਰੋਸਾ ਦੇਵੇ |
5—–ਸਰਬ ਪਾਰਟੀਆਂ ਦੀ ਇਹ ਇਕੱਤਰਤਾ ਜੰਗ-ਏ-ਆਜ਼ਾਦੀ ਅਤੇ ‘ਅਜੀਤ’ ਦੇ ਬਹਾਨੇ ਲੋਕਤੰਤਰ ‘ਤੇ ਹਮਲਾ ਕਰ ਰਹੀ ਸਰਕਾਰ ਨੂੰ ਚਿਤਾਵਨੀ ਦਿੰਦੀ ਹੈ ਕਿ ਪੰਜਾਬ ਦੇ ਅਣਖੀ ਲੋਕ ਇਸ ਨੂੰ ਕਦਾਚਿਤ ਬਰਦਾਸ਼ਤ ਨਹੀਂ ਕਰਨਗੇ |
ਇਸ ਸਰਬ ਪਾਰਟੀ ਮੀਟਿੰਗ ਵਿੱਚ ਸਿੱਧੂ ਤੇ ਮਜੀਠੀਆ ਦੀ ਪਈ ਗਲਵੱਕੜੀ ਦਾ ਸਿਹਰਾ ਅਜੀਤ ਦੇ ਕਰਤਾ ਧਰਤਾ ਡਾ.ਹਮਦਰਦ ਨੂੰ ਹੀ ਜਾਂਦਾ ਹੈ , ਜਿਨ੍ਹਾਂਣੇ ਇਸ ਮੀਟਿੰਗ ਸਦਕਾ ਦੋਹ ਸਿਆਸੀ ਵਿਰੋਧੀਆਂ ਨੂੰ ਇਕੱਠੇ ਕੀਤਾ। ਦੋਵਾਂ ਆਗੂਆਂ ਨੇ ਇਕ ਦੂਸਰੇ ਨੂੰ ਗਲਵਕੜੀ ‘ਚ ਲੈਂਦੇ ਹੋਏ ਪੰਜਾਬ ਦੀ ਸਿਆਸਤ ਨੂੰ ਪਿਆਰ ਤੇ ਮੁਹੱਬਤ ਦਾ ਨਵਾਂ ਪੈਗਾਮ ਦਿੱਤਾ | ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਬਿਕਰਮ ਸਿੰਘ ਮਜੀਠੀਆ ਨੂੰ ਜਦੋਂ ਹੱਥ ਮਿਲਾਉਣ ਦਾ ਸੱਦਾ ਦਿੱਤਾ ਤਾਂ ਮਜੀਠੀਆ ਨੇ ਵੀ ਦੋ ਕਦਮ ਅੱਗੇ ਵਧਦੇ ਹੋਏ ਹੱਥ ਹੀ ਨਹੀਂ ਮਿਲਾਇਆ ਸਗੋਂ ਸਿੱਧੂ ਨੂੰ ਘੁੱਟ ਕੇ ਜੱਫੀ ਵੀ ਪਾ ਲਈ |
ਇਸ ਪ੍ਰੋਗਰਾਮ ਦੇ ਸੰਚਾਲਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਦਾ ‘ਅਜੀਤ’ ਭਵਨ ‘ਚ ਆਉਣ ‘ਤੇ ਸਵਾਗਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਕਾਰਨ ਅੱਜ ਰਾਜ ਦੀਆਂ ਸਮੂਹ ਪਾਰਟੀਆਂ ਨੂੰ ਇਕ ਮੰਚ ‘ਤੇ ਇਕੱਠੇ ਹੋਣ ਦਾ ਮੌਕਾ ਮਿਲਿਆ ਹੈ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਬਦਲਾਅ ਦੇ ਨਾਂਅ ‘ਤੇ ਚੁਣੀ ਗਈ ਸਰਕਾਰ ਲੋਕ ਭਾਵਨਾਵਾਂ ਦੇ ਉਲਟ ਕੰਮ ਕਰ ਰਹੀ ਹੈ ਤੇ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਅੱਜ ਪੰਜਾਬ ਹਰ ਖੇਤਰ ‘ਚ ਪੱਛੜ ਗਿਆ ਹੈ | ਅੱਜ ਪੰਜਾਬ ਸਿਰ ਜਿਥੇ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ, ਉਥੇ ਪੰਜਾਬ ਦੀ ਜਵਾਨੀ ਵੀ ਨਸ਼ਿਆਂ ‘ਚ ਗਲਤਾਨ ਹੁੰਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਕੋਲ ਇਕੋ-ਇਕ ਕੁਦਰਤੀ ਸੋਮਾ ਸੀ ਪਾਣੀ ਪਰ ਉਹ ਵੀ ਖ਼ਤਮ ਹੋਣ ਕੰਢੇ ਪਹੁੰਚ ਗਿਆ ਹੈ ਤੇ ਜੰਗਲ ਵੀ ਖ਼ਤਮ ਹੋ ਰਹੇ ਹਨ | ਬੇਰੁਜ਼ਗਾਰੀ ਕਾਰਨ ਨੌਜਵਾਨੀ ਪ੍ਰਵਾਸ ਕਰਨ ਲਈ ਮਜਬੂਰ ਹੋ ਰਹੀ ਹੈ ਤੇ ਸਨਅਤਾਂ ਦਾ ਪਹੀਆ ਵੀ ਪੂਰੀ ਤਰ੍ਹਾਂ ਨਾਲ ਜਾਮ ਹੋ ਚੁੱਕਾ ਹੈ, ਜਿਸ ਕਾਰਨ ਪੰਜਾਬ ਦੀ ਆਰਥਿਕਤਾ ਦਿਨ ਪ੍ਰਤੀ ਦਿਨ ਕਮਜ਼ੋਰ ਹੋ ਰਹੀ ਹੈ | ਅਮਨ ਕਾਨੂੰਨ ਦੀ ਸਥਿਤੀ ਇਸ ਕਦਰ ਬਦਤਰ ਹੋ ਚੁੱਕੀ ਹੈ ਕਿ ਔਰਤਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਕਿਸੇ ਵੀ ਤਰ੍ਹਾਂ ਸੁਰੱਖਿਅਤ ਨਹੀਂ ਰਿਹਾ |
ਡਾ ਹਮਦਰਦ ਨੇ ਹੋਰ ਕਿਹਾ ਕਿ ਭਗਵੰਤ ਸਰਕਾਰ ‘ਚ ਆਪਣੀ ਰਚਨਾਤਮਕ ਆਲੋਚਨਾ ਸੁਣਨ ਦਾ ਮਾਦਾ ਨਹੀਂ ਰੱਖਦੀ। ਅਦਾਰਾ ‘ਅਜੀਤ’ ਨਾਲ ਸਰਕਾਰ ਦਾ ਟਕਰਾਅ ਤਾਂ ਸਮਝ ‘ਚ ਆਉਂਦਾ ਹੈ ਪਰ ਜਿਸ ਤਰ੍ਹਾਂ ਸਰਕਾਰ ਨੇ ਕਰਤਾਰਪੁਰ ਵਿਖੇ ਬਣਾਈ ਗਈ ਜੰਗ-ਏ-ਆਜ਼ਾਦੀ ਯਾਦਗਾਰ ਨੂੰ ਨਿਸ਼ਾਨਾ ਬਣਾ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ, ਉਸ ਨੇ ਸਮੂਹ ਪੰਜਾਬੀਆਂ ਨੂੰ ਸ਼ਰਮਸਾਰ ਕੀਤਾ ਹੈ | ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਅਪਮਾਨ ਕਰਨ ਵਾਲੇ ਮੁੱਖ ਮੰਤਰੀ ਨੂੰ ਆਪਣੇ ਦਫ਼ਤਰਾਂ ‘ਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਲਗਾਉਣ ਦਾ ਕੋਈ ਹੱਕ ਨਹੀਂ ਹੈ | ਉਨ੍ਹਾਂ ਕਿਹਾ ਕਿ ਇਹ ਯਾਦਗਾਰ ਸਵਰਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ‘ਡ੍ਰੀਮ ਪ੍ਰਾਜੈਕਟ’ ਸੀ ਤੇ ਇਸ ਵਿਚ ਬਲਰਾਮ ਜੀ ਦਾਸ ਟੰਡਨ, ਕਮਲ ਸ਼ਰਮਾ, ਸੋਮ ਪ੍ਰਕਾਸ਼ ਤੇ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਅਹਿਮ ਯੋਗਦਾਨ ਪਾਇਆ ਗਿਆ |





