*ਸਿੱਖ ਸੇਵਕ ਸੋਸਾਇਟੀ ਵੱਲੋਂ ਹੜ੍ਹ ਪੀੜਤ ਸਿੱਖ ਪਰਿਵਾਰ ਨੂੰ ਨਵਾਂ ਘਰ ਬਣਾ ਕੇ ਦਿੱਤਾ ਗਿਆ – ਮਾਨਵਤਾ ਦੀ ਮਿਸਾਲ ਕਾਇਮ*

Uncategorized
Spread the love

ਜਲੰਧਰ (ਜਸਪਾਲ ਕੈਂਥ)-ਸਿੱਖੀ ਦੇ ਮੁੱਢਲੇ ਸਿਧਾਂਤਾਂ ਵਿੱਚੋਂ ਇੱਕ ਹੈ ਵੰਡ ਛਕਣਾ ਤੇ ਨਿਆਂ ਲਈ ਖੜ੍ਹਨਾ। ਇਸੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨੇ ਇੱਕ ਵਾਰ ਫਿਰ ਆਪਣੀ ਸੇਵਾ ਨਾਲ ਸਾਰੀ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਹੈ। ਬੀਤੇ ਦਿਨਾਂ ਵਿੱਚ ਸੋਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਜੀ ਅਤੇ ਉਨ੍ਹਾਂ ਦੇ ਸਾਥੀ ਮੈਂਬਰਾਂ ਨੇ ਜਲੰਧਰ ਦੀ ਮਿੱਠੂ ਬਸਤੀ ਵਿੱਚ ਰਹਿ ਰਹੇ ਇੱਕ ਗਰੀਬ ਕਿਰਤੀ ਸਿੱਖ ਪਰਿਵਾਰ ਦੀ ਵੱਡੀ ਮਦਦ ਕੀਤੀ ਹੈ। ਇਸ ਪਰਿਵਾਰ ਨੂੰ ਪਿਛਲੇ ਹੜ੍ਹਾਂ ਵਿੱਚ ਆਪਣੇ ਘਰ ਦੀ ਛੱਤ ਡਿੱਗਣ ਕਾਰਨ ਬੇਘਰ ਹੋਣ ਦੀ ਤ੍ਰਾਸਦੀ ਝੱਲਣੀ ਪੈ ਰਹੀ ਸੀ, ਪਰ ਸੋਸਾਇਟੀ ਦੇ ਉਦਮ ਨਾਲ ਹੁਣ ਉਨ੍ਹਾਂ ਦੇ ਸਿਰ ਉੱਤੇ ਮਜ਼ਬੂਤ ਛੱਤ ਆ ਗਈ ਹੈ।ਮਤਲਬ ਰਹਿਣ ਲਈ ਘਰ ਮਿਲ ਰਿਹਾ ਹੈ।

ਇਹ ਪਰਿਵਾਰ ਹੈ 45 ਸਾਲਾ ਭਾਈ ਸਤਿੰਦਰ ਪਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਬੀਬੀ ਰੁਪਿੰਦਰ ਕੌਰ ਦਾ। ਇਹ ਕਿਰਤੀ ਜੋੜਾ ਆਪਣੇ ਬੱਚਿਆਂ ਨਾਲ ਮਿੱਠੂ ਬਸਤੀ ਵਿੱਚ ਇੱਕ ਪੁਰਾਣੇ ਖਸਤਾ ਹਾਲਤ ਵਾਲੇ ਕਮਰੇ ਵਿੱਚ ਰਹਿੰਦਾ ਸੀ। ਪਿਛਲੇ ਸਾਲਾਂ ਵਿੱਚ ਆਏ ਭਿਆਨਕ ਹੜ੍ਹਾਂ ਨੇ ਪੰਜਾਬ ਦੇ ਕਈ ਇਲਾਕਿਆਂ ਨੂੰ ਤਬਾਹ ਕਰ ਦਿੱਤਾ ਸੀ। ਜਲੰਧਰ ਵਿੱਚ ਵੀ ਮੀਂਹ ਦਾ ਕਹਿਰ ਇੰਨਾ ਭਾਰੀ ਪਿਆ ਕਿ ਕਈ ਗਰੀਬ ਬਸਤੀਆਂ ਦੇ ਘਰ ਢਹਿ ਗਏ। ਭਾਈ ਸਤਿੰਦਰ ਪਾਲ ਸਿੰਘ ਦੇ ਕਮਰੇ ਦੀ ਛੱਤ ਵੀ ਲਗਾਤਾਰ ਮੀਂਹ ਕਾਰਨ ਡਿੱਗ ਗਈ। ਕਮਰਾ ਪਹਿਲਾਂ ਹੀ ਬਹੁਤ ਪੁਰਾਣਾ ਅਤੇ ਕਮਜ਼ੋਰ ਸੀ, ਜਿਸ ਕਾਰਨ ਪੂਰੀ ਛੱਤ ਢਹਿ ਕੇ ਪਰਿਵਾਰ ਨੂੰ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਕਰ ਦਿੱਤਾ। ਆਰਥਿਕ ਤੰਗੀ ਕਾਰਨ ਇਹ ਪਰਿਵਾਰ ਆਪਣੇ ਘਰ ਦੀ ਮੁੜ ਉਸਾਰੀ ਨਹੀਂ ਕਰਵਾ ਸਕਦਾ ਸੀ। ਰੋਜ਼ੀ-ਰੋਟੀ ਲਈ ਮਿਹਨਤ ਮਜ਼ਦੂਰੀ ਕਰਨ ਵਾਲੇ ਇਸ ਜੋੜੇ ਨੇ ਜਦੋਂ ਸਾਰੇ ਰਸਤੇ ਬੰਦ ਹੁੰਦੇ ਵੇਖੇ ਤਾਂ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਨਾਲ ਸੰਪਰਕ ਕੀਤਾ।

ਸੋਸਾਇਟੀ ਦੇ ਮੁੱਖ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਜੀ ਨੇ ਤੁਰੰਤ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਪਰਿਵਾਰ ਨੂੰ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਆਖਿਆ ਕਿ ਸਿੱਖੀ ਵਿੱਚ ਸੇਵਾ ਸਭ ਤੋਂ ਵੱਡਾ ਧਰਮ ਹੈ ਅਤੇ ਕੋਈ ਵੀ ਸਿੱਖ ਪਰਿਵਾਰ ਬੇਘਰ ਨਹੀਂ ਰਹਿਣਾ ਚਾਹੀਦਾ। ਸੋਸਾਇਟੀ ਦੇ ਵਲੰਟੀਅਰਾਂ ਨੇ ਮੌਕੇ ਤੇ ਪਹੁੰਚ ਕੇ ਪੂਰੇ ਮਾਮਲੇ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਫੈਸਲਾ ਕੀਤਾ ਕਿ ਸਤਿੰਦਰ ਪਾਲ ਸਿੰਘ ਲਈ ਨਾ ਸਿਰਫ ਇੱਕ ਨਵਾਂ ਕਮਰਾ ਬਲਕਿ ਬਾਥਰੂਮ ਵੀ ਬਣਾਇਆ ਜਾਵੇਗਾ, ਤਾਂ ਜੋ ਇਸ ਕਿਰਤੀ ਪਰਿਵਾਰ ਨੂੰ ਪੂਰੀ ਸਹੂਲਤ ਮਿਲ ਸਕੇ ਅਤੇ ਉਨ੍ਹਾਂ ਦੇ ਸਿਰ ਉੱਤੇ ਮਜ਼ਬੂਤ ਛੱਤ ਹੋ ਸਕੇ।

ਇਸ ਸੇਵਾ ਨੂੰ ਅੰਜਾਮ ਦੇਣ ਲਈ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਜੀ ਖੁਦ ਸਮੂਹ ਮੈਂਬਰਾਂ ਨਾਲ ਮੌਕੇ ਤੇ ਪਹੁੰਚੇ। ਉੱਥੇ ਪਹੁੰਚ ਕੇ ਸਾਰੀ ਸੰਗਤ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਕਾਲਪੁਰਖ ਵਾਹਿਗੁਰੂ ਜੀ ਪਾਸ ਬੇਨਤੀ ਅਰਦਾਸ ਕੀਤੀ। ਅਰਦਾਸ ਕਰਕੇ ਮਕਾਨ ਉਸਾਰੀ ਦਾ ਕੰਮ ਸ਼ੁਰੂ ਕਰਨ ਦਾ ਆਦੇਸ਼ ਕਾਰੀਗਰਾਂ ਨੂੰ ਦਿੱਤਾ ਗਿਆ। ਇਹ ਦ੍ਰਿਸ਼ ਵੇਖ ਕੇ ਭਾਈ ਸਤਿੰਦਰ ਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਨ੍ਹਾਂ ਨੇ ਸੋਸਾਇਟੀ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ । ਬੀਬੀ ਰੁਪਿੰਦਰ ਕੌਰ ਨੇ ਕਿਹਾ ਕਿ ਅਸੀਂ ਤਾਂ ਉਮੀਦ ਹੀ ਛੱਡ ਦਿੱਤੀ ਸੀ, ਪਰ ਸਿੱਖ ਸੇਵਕ ਸੋਸਾਇਟੀ ਨੇ ਸਾਨੂੰ ਘਰ ਦਿਤਾ ਹੈ।

ਜਿਕਰਯੋਗ ਹੈ ਕਿ ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਪਹਿਲਾਂ ਤੋਂ ਹੀ ਪੰਜਾਬ ਵਿੱਚ ਹੜ੍ਹ ਪੀੜਤਾਂ ਲਈ ਸੇਵਾਵਾਂ ਨਿਭਾਉਂਦੀ ਆ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਇਹ ਸੰਸਥਾ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕੰਮਾਂ ਵਿੱਚ ਜੁਟੀ ਹੋਈ ਹੈ। ਭਾਵੇਂ ਗੱਲ ਮੈਡੀਕਲ ਕੈਂਪਾਂ ਦੀ ਹੋਵੇ, ਰਾਸ਼ਨ ਵੰਡਣ ਦੀ ਹੋਵੇ, ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਦੀ ਹੋਵੇ ਜਾਂ ਹੁਣ ਘਰਾਂ ਦੀ ਮੁੜ ਉਸਾਰੀ ਦੀ – ਸੋਸਾਇਟੀ ਹਰ ਖੇਤਰ ਵਿੱਚ ਅੱਗੇ ਰਹਿੰਦੀ ਹੈ। ਹੜ੍ਹਾਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਤਬਾਹ ਕੀਤਾ ਹੈ, ਲੱਖਾਂ ਏਕੜ ਫਸਲਾਂ ਬਰਬਾਦ ਹੋਈਆਂ ਹਨ ਅਤੇ ਹਜ਼ਾਰਾਂ ਪਰਿਵਾਰ ਬੇਘਰ ਹੋਏ ਹਨ। ਅਜਿਹੇ ਸਮੇਂ ਵਿੱਚ ਸਿੱਖ ਸੇਵਕ ਸੋਸਾਇਟੀ ਵਰਗੀਆਂ ਸੰਸਥਾਵਾਂ ਦੀ ਸੇਵਾ ਮਾਨਵਤਾ ਲਈ ਮਿਸਾਲ ਬਣ ਜਾਂਦੀ ਹੈ। ਇਹ ਸੰਸਥਾ ਨਾ ਸਿਰਫ ਰਾਹਤ ਸਾਮਾਨ ਵੰਡਦੀ ਹੈ ਬਲਕਿ ਲੋੜਵੰਦਾਂ ਦੇ ਘਰ ਵੀ ਬਣਾ ਰਹੀ ਹੈ, ਤਾਂ ਜੋ ਪੀੜਤਾਂ ਨੂੰ ਸਥਾਈ ਰਾਹਤ ਮਿਲ ਸਕੇ।

ਇਸ ਮੌਕੇ ਤੇ ਸੋਸਾਇਟੀ ਦੇ ਸੀਨੀਅਰ ਮੈਂਬਰ ਅਤੇ ਜਨਰਲ ਸਕੱਤਰ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ, ਆਰਟਿਸਟ ਸਾਹਿਬ ਸਿੰਘ, ਸ. ਸੰਦੀਪ ਸਿੰਘ ਚਾਵਲਾ, ਗੁਰਪ੍ਰੀਤ ਸਿੰਘ ਰਾਜੂ (ਡਿਲੈਕਸ ਸੈਂਟਰੀ), ਸ. ਹਰਦੇਵ ਸਿੰਘ ਗਰਚਾ, ਸ. ਤਜਿੰਦਰ ਸਿੰਘ, ਸ. ਕਮਲਜੀਤ ਸਿੰਘ ਸੇਵਕ ਅਤੇ ਹੋਰ ਕਈ ਵਲੰਟੀਅਰ ਹਾਜ਼ਰ ਸਨ। ਸਾਰੇ ਮੈਂਬਰਾਂ ਨੇ ਇੱਕ ਸੁਰ ਵਿੱਚ ਆਖਿਆ ਕਿ ਇਹ ਸੇਵਾ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਰਾਹ ਤੇ ਚੱਲਣ ਦੀ ਮਿਸਾਲ ਹੈ।

Leave a Reply

Your email address will not be published. Required fields are marked *