*ਪੁਲੀਸ ਨੇ ਕੁੱਟਮਾਰ ਦੇ ਦੋਸ਼ ’ਚ ਮਾਮਲਾ ਕੀਤਾ ਦਰਜ , ਤਿੰਨ ਗ੍ਰਿਫ਼ਤਾਰ*

Uncategorized
Spread the love

ਦੀਪਕ ਠਾਕੁਰ

ਤਲਵਾਡ਼ਾ,24 ਜੁਲਾਈ-ਸਥਾਨਕ ਪੁਲੀਸ ਨੇ ਲੰਘੇ ਵੀਰਵਾਰ ਪੀਰ ਬਾਬੇ ਦੀ ਦਰਗਾਹ ’ਤੇ ਮੱਥਾ ਟੇਕਣ ਗਏ ਨੌਜਵਾਨਾਂ ’ਤੇ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਥਾਣਾ ਮੁਖੀ ਹਰਗੁਰਦੇਵ ਸਿੰਘ ਨੇ ਦਸਿਆ ਕਿ ਘਟਨਾਂ ਲੰਘੀ 20 ਤਾਰੀਕ ਦੀ ਹੈ। ਹਮਲੇ ’ਚ ਜ਼ਖ਼ਮੀ ਅਭਿਸ਼ੇਕ ਸੋਨੀ ਵਾਸੀ ਸੁਭਾਸ਼ ਨਗਰ ਆਪਣੇ ਦੋਸਤਾਂ ਵਿਪੁਲ ਭਾਟੀਆ ਅਤੇ ਸਾਜਨ ਉਰਫ਼ ਗੁਰਪ੍ਰੀਤ ਨਾਲ ਵੀਰਵਾਰ ਨੂੰ ਵਕਤ ਕਰੀਬ 9:30 ਵਜੇ ਬੀਬੀਐਮਬੀ ਕਲੌਨੀ ਸੈਕਟਰ -3 ਸਥਿਤ ਪੀਰ ਬਾਬੇ ਦੀ ਦਰਗਾਹ ’ਤੇ ਮੱਥਾ ਟੇਕਣ ਗਿਆ ਸੀ। ਦਰਗਾਹ ਅੰਦਰ ਵਡ਼ਦਿਆਂ ਹੀ ਮੁਨੀਸ਼ ਕੁਮਾਰ ਉਰਫ਼ ਮੋਨੂੰ ਪੁੱਤਰ ਸੁਰਿੰਦਰ ਕੁਮਾਰ ਥਾਣਾ ਤਲਵਾਡ਼ਾ ਨੇ ਆਪਣੇ ਬਾਹਰੋਂ ਲਿਆਂਦੇ ਚਾਰ ਸਾਥੀਆਂ ਪ੍ਰਦੀਪ ਉਰਫ਼ ਦੀਪੂ, ਯੁਵਰਾਜ ਉਰਫ਼ ਬਾਡੀ ਪੁੱਤਰ ਸਤਪਾਲ, ਰੀਤਿਸ਼ ਪੁੱਤਰ ਮੇਜ਼ਰ ਅਤੇ ਸੁਖਵਿੰਦਰ ਉਰਫ਼ ਸੁੱਖਾ ਵਾਸੀਆਨ ਖੁਣ ਖੁਣ ਕਲਾਂ ਥਾਣਾ ਟਾਂਡਾ ਨੇ ਪਿੱਛਿਓਂ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਲਹੂ ਲੁਹਾਨ ਅਤੇ ਅਧਮਰਾ ਛੱਡ ਕੇ ਲਲਕਾਰੇ ਮਾਰਦੇ ਹੋਏ ਫਰਾਰ ਹੋ ਗਏ ਸਨ। ਪੁਲੀਸ ਨੇ ਪੀਡ਼੍ਹਤਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅੱਜ ਮੁਕੇਰੀਆਂ ਅਦਾਲਤ ’ਚ ਪੇਸ਼ ਕੀਤਾ, ਅਤੇ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ। ਝਗਡ਼ੇ ਦੀ ਵਜ੍ਹਾ ਇਸੇ ਮਹੀਨੇ ਦੀ ਸਤ ਤਾਰੀਕ ਨੂੰ ਮੁਨੀਸ਼ ਕੁਮਾਰ ਉਰਫ਼ ਮੋਨੂੰ ਵੱਲੋਂ ਸ਼ਰਾਬ ਦੇ ਨਸ਼ੇ ’ਚ ਅਭਿਸ਼ੇਕ ਸੋਨੀ ਹੁਰਾਂ ਦੇ ਇੱਕ ਹੋਰ ਦੋਸਤ ਸ਼ੁਭਮ ਪਰਮਾਰ ਪੁੱਤਰ ਅਜੇ ਪਰਮਾਰ, ਤਲਵਾਡ਼ਾ ਨੂੰ ਮੋਟਰਸਾਈਕਲ ਮਾਰਨ ਉਪਰੰਤ ਹੋਏ ਝਗਡ਼ੇ ਨੂੰ ਦਸਿਆ ਜਾ ਰਿਹਾ ਹੈ। ਹਮਲੇ ’ਚ ਅਭਿਸ਼ੇਕ ਸੋਨੀ ਅਤੇ ਵਿਪੁਲ ਭਾਟੀਆਂ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ। ਜਦਕਿ ਸਾਜਨ ਉਰਫ਼ ਗੁਰਪ੍ਰੀਤ ਦੇ ਹੱਥ ‘ਤੇ ਸੱਟ ਲੱਗੀ ਹੈ। ਮੁਲਜ਼ਮ ਪ੍ਰਦੀਪ ਉਰਫ਼ ਦੀਪੂ ਅਤੇ ਸੁਖਵਿੰਦਰ ਉਰਫ਼ ਸੁੱਖਾ ਦੀ ਗ੍ਰਿਫ਼ਤਾਰੀ ਲਈ ਪੁਲੀਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ

Leave a Reply

Your email address will not be published. Required fields are marked *