*ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਤ ਸਮੁੱਚੀ ਲੀਡਰਸ਼ਿੱਪ ਵੀ ਇਸ ਮੌਕੇ ਗੁਰੂ ਘਰ ਨਤਮਸਤਕ ਹੋਣ ਵਾਸਤੇ ਪਹੁੰਚੀ ਹੋਈ ਸੀ —ਭੱਟੀ, ਭੁੰਗਰਨੀ, ਡੋਗਰਾਂਵਾਲ ਅਤੇ ਬੋਦਲ*

ਪੈਰਿਸ/ ਅੰਮ੍ਰਿਤਸਰ 14 ਦਸੰਬਰ (ਭੱਟੀ ਫਰਾਸ ) ਪੰਜਾਬ ਦੀ ਹਰਮਨਪਿਆਰੀ ਅਤੇ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ 103ਵਾਂ ਸਥਾਪਨਾ ਦਿਵਸ ਅੱਜ ਭਾਵ ਚੌਦਾਂ ਦਸੰਬਰ ਨੂੰ ਸ਼੍ਰੀ ਅੰਮ੍ਰਿਤਸਰ ਵਿਖ਼ੇ ਸਥਿਤ ਗੁਰਦੁਆਰਾ ਬਾਬਾ ਗੁਰਬਖ਼ਸ਼ ਸਿੰਘ ਸਹੀਦਾਂ ਵਿਖ਼ੇ ਬਹੁਤ ਹੀ ਸ਼ਰਧਾ ਅਤੇ ਭਾਵਨਾ ਸਾਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਪੂੰਰਨ ਭੋਗ ਪਾ ਕੇ ਮਨਾਇਆ ਜਾ ਰਿਹਾ ਹੈ | ਇਸ ਬਾਰੇ ਬਕਾਇਦਾ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਰਾਜਨੀਤਿਕ ਨੇਤਾ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਮੀਡੀਆ ਪੰਜਾਬ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਅਜਿਹੀ ਰਾਜਨੀਤਿਕ ਪਾਰਟੀ ਹੈ, ਜੋ ਰਾਜਨੀਤਿਕ ਹੋਣ ਦੇ ਨਾਲ ਨਾਲ ਸ਼੍ਰੀ ਗ੍ਰੰਥ ਸਾਹਿਬ ਵਿੱਚ ਦਰਜ ਦਸਾਂ ਗੁਰੂਆਂ ਅਤੇ ਭਗਤਾਂ ਦੀ ਬਾਣੀ ‘ਚ ਅਥਾਹ ਸ਼ਰਧਾ ਰੱਖਦੀ ਹੈ ਅਤੇ ਹਰੇਕ ਕਾਰਜ ਪ੍ਰਮਾਤਮਾਂ ਦਾ ਸ਼ੁਕਰਾਨਾ ਕਰਕੇ ਹੀ ਸ਼ੁਰੂ ਕਰਦੀ ਹੈ | ਦੂਸਰਾ ਇਹ ਪਾਰਟੀ ਅਨੇਕਾਂ ਸ਼ਹੀਦੀਆਂ ਅਤੇ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਆਈ ਸੀ, ਜਿਸਦਾ ਧਾਰਮਿਕ ਤੌਰ ਵੀ ਵੱਢਮੁੱਲਾ ਇਤਿਹਾਸ ਰਿਹਾ ਹੈ | ਭੋਗ ਪੈਣ ਉਪਰੰਤ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਗੁਰੂ ਘਰ ਪਹੁੰਚਣ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਹੁਣ ਤੋੰ ਹੀ ਦੋ ਹਜਾਰ ਚੌਵੀ ਦੀਆਂ ਲੋਕ ਸਭਾ ਚੋਣਾਂ ਵਾਸਤੇ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ |
ਸ਼੍ਰੋਮਣੀ ਅਕਾਲੀ ਦਲ ਯੂਰਪ ਦੇ ਨੇਤਾਵਾਂ ਕ੍ਰਮਵਾਰ ਇਕਬਾਲ ਸਿੰਘ ਭੱਟੀ, ਜਗਵੰਤ ਸਿੰਘ ਲਹਿਰਾ, ਮਸਤਾਨ ਸਿੰਘ ਨੌਰਾ, ਲਾਭ ਸਿੰਘ ਭੰਗੂ, ਜਸਵੰਤ ਸਿੰਘ ਭਦਾਸ, ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਮਾਸ਼ਟਰ ਅਵਤਾਰ ਸਿੰਘ, ਲਖਵਿੰਦਰ ਸਿੰਘ ਡੋਗਰਾਂਵਾਲ, ਜਗਜੀਤ ਸਿੰਘ ਫ਼ਤਿਹਗੜ ਅਤੇ ਹਰਦੀਪ ਸਿੰਘ ਬੋਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੇ 103ਵੇਂ ਸਲਾਨਾ ਦਿਹਾੜੇ ਦੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਤ ਸਮੁੱਚੀ ਲੀਡਰਸ਼ਿਪ ਨੂੰ ਵਧਾਈ ਭੇਜਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਯੂਰਪੀਅਨ ਯੂਨਿਟ ਹਮੇਸ਼ਾਂ ਹੀ ਤਨ ਮਨ ਅਤੇ ਧੰਨ ਨਾਲ ਪਾਰਟੀ ਨਾਲ ਜੁੜਿਆ ਰਿਹਾਂ ਹੈ ਅਤੇ ਭਵਿੱਖ ਵਿੱਚ ਵੀ ਖੜਾ ਰਹੇਗਾ | ਯੂਰਪੀਅਨ ਨੇਤਾਵਾਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਅਜਿਹੀ ਵਾਹਿਦ ਪਾਰਟੀ ਹੈ ਜੋ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੇ ਉਜਵਲੇ ਭਵਿੱਖ ਵਾਸਤੇ ਲੜਦੀ ਰਹੀ ਹੈ ਅਤੇ ਲੜਦੀ ਵੀ ਰਹੇਗੀ |





