ਜਲੰਧਰ : 12 ਦਸੰਬਰ (ਦਾ ਮਿਰਰ ਪੰਜਾਬ)-ਪਿਛਲੇ ਦਿਨੀਂ ਸੰਤ ਜਵਾਲਾ ਗੁਰਮਤਿ ਸੰਗੀਤ ਅਕੈਡਮੀ ਗੁਰਦੁਆਰਾ ਡੇਰਾ ਸੰਤਗੜ੍ਹ ਵਿਖੇ ਕਰਵਾਏ ਗਏ ਕੀਰਤਨ ਸਮਾਗਮ ਵਿੱਚ ਸਿੱਖ ਸੇਵਕ ਇੰਟਰਨੈਸ਼ਨਲ ਸੁਸਾਇਟੀ ਦੇ ਚੇਅਰਮੈਨ ਭਾਈ ਰਜਿੰਦਰ ਸਿੰਘ ਪੁਰੇਵਾਲ, ਐਡੀਟਰ ਪੰਜਾਬ ਟਾਈਮਜ਼ ਯੂ.ਕੇ., ਸੂਬਾ ਪ੍ਰਧਾਨ ਸ. ਪਰਮਿੰਦਰ ਪਾਲ ਸਿੰਘ ਖਾਲਸਾ ਤੇ ਉਨ੍ਹਾਂ ਦੇ ਸਾਥੀਆਂ ਨੇ ਹਾਜ਼ਰੀਆਂ ਭਰਕੇ ਅਕੈਡਮੀ ਦੇ ਵਿਦਿਆਰਥੀਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕੀਤਾ। ਇਸ ਮੌਕ ਉਨ੍ਹਾਂ ਦੇ ਨਾਲ ਜਲੰਧਰ ਕਾਰ ਐਸੋਸੀਏਸ਼ਨ ਦੇ ਚੇਅਰਮੈਨ ਸ. ਜਸਬੀਰ ਸਿੰਘ ਬਿੱਟੂ ਤੋਂ ਇਲਾਵਾ ਹਰਦੇਵ ਸਿੰਘ ਗਰਚਾ, ਸਾਹਿਬ ਸਿੰਘ ਆਰਟਿਸਟ, ਸੰਤੀਪ ਚਾਵਲਾ, ਸੰਤੋਖ ਸਿੰਘ ਦਿੱਲੀ ਪੇਂਟਸ ਸ਼ਾਮਲ ਹੋਏ।
ਸਮਾਗਮ ਉਪਰੰਤ ਗੁਰਦੁਆਰਾ ਡੇਰਾ ਸੰਤਗੜ੍ਹ ਦੇ ਮੁਖੀ ਸੰਤ ਭਗਵਾਨ ਸਿੰਘ ਜੀ ਨੇ ਸ. ਰਜਿੰਦਰ ਸਿੰਘ ਪੁਰੇਵਾਲ, ਸ. ਪਰਮਿੰਦਰ ਪਾਲ ਸਿੰਘ ਖਾਲਸਾ ਤੇ ਸ. ਜਸਬੀਰ ਸਿੰਘ ਬਿੱਟੂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਤ ਭਗਵਾਨ ਸਿੰਘ, ਸਮੂਹ ਮੈਂਬਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸੰਗਤਾਂ ਦੇ ਸੇਵਾਦਾਰ ਤੇ ਸੇਵਾ ਕਰਨਾ ਸਾਡਾ ਪਹਿਲਾ ਫਰਜ ਹੈ। ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਉਨ੍ਹਾਂ ਕਿਹਾ ਕਿ ਇਸ ਕੰਮ ਵੱਲ ਸਾਨੂੰ ਵੱਡੇ ਪੱਧਰ ਤੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਸਿੱਖ ਸੇਵਕ ਸੁਸਾਇਟੀ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਰਾਜਿੰਦਰ ਸਿੰਘ ਪੁਰੇਵਾਲ ਤੇ ਸ. ਪਰਮਿੰਦਰ ਪਾਲ ਸਿੰਘ ਖਾਲਸਾ ਨੇ ਅਕੈਡਮੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਬਾਣੀ ਤੇ ਬਾਣੇ ਨਾਲ ਜੁੜੇ ਰਹਿਣ ਤੇ ਰਹਿਤ ਮਰਿਆਦਾ ਤੇ ਪਹਿਰਾ ਦਿੰਦੇ ਹੋਏ ਉੱਚ ਵਿੱਦਿਆ ਹਾਸਲ ਕਰਕੇ ਉੱਚ ਅਹੁਦੇ ਤੱਕ ਪਹੁੰਚਣ ਦਾ ਯਤਨ ਕਰਨ। ਉਨ੍ਹਾਂ ਕਿਹਾ ਕਿ ਸਾਡੇ ਵੱਡੇ ਭਾਗ ਹਨ ਕਿ ਸਾਨੂੰ ਸਿੱਖੀ ਜੀਵਨ ਮਿਲਿਆ ਤੇ ਅਸੀਂ ਗੁਰੂ ਦੇ ਹੁਕਮਾਂ ਤੇ ਚੱਲ ਕੇ ਜੀਵਨ ਸਫਲਾ ਕਰ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਸਿੱਖ ਸੇਵਕ ਸੁਸਾਇਟੀ ਵੱਲੋਂ ਬੱਚਿਆਂਦੀ ਵਿੱਦਿਆ, ਮੈਡੀਕਲ ਸੇਵਾਵਾਂ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾ ਰਿਹਾ ਹੈ ਤੇ ਜਿੰਨੀ ਵੀ ਸੇਵਾ ਹੋ ਸਕਦੀ ਹੈ ਅਸੀਂ ਪੁਰਾ ਯਤਨ ਕਰ ਰਹੇ ਹਾਂ। ਸ. ਪਰਮਿੰਦਰ ਪਾਲ ਸਿੰਘ ਖਾਲਸਾ ਨੇ ਅਕੈਡਮੀ ਦੇ ਮੁੱਖ ਪ੍ਰਬੰਧਕ ਸੁਰਜੀਤ ਸਿੰਘ ਸੇਵਕ ਤੇ ਤੰਤੀ ਸਾਜਾਂ ਦੇ ਉਸਤਾਦ ਕਮਲਪ੍ਰੀਤ ਸਿੰਘ ਜੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਰਜੀਤ ਸਿੰਘ ਸੇਵਕ ਗੁਰੂ ਕ੍ਰਿਪਾ ਸਦਕਾ ਪਿਛਲੇ 25 ਸਾਲਾਂ ਤੋਂ ਬੱਚਿਆਂ ਨੂੰ ਗੁਰਬਾਣੀ ਕੀਰਤਨ ਦੀ ਸਿਖਲਾਈ ਬਿਨਾਂ ਫੀਸ ਕਰਵਾ ਰਹੇ ਹਨ ਤੇ ਹੁਣ ਉਹ ਸੰਤ ਜਵਾਲਾ ਸਿੰਘ ਸੰਗੀਤ ਅਕੈਡਮੀ ਵਿੱਚ ਨਿਸ਼ਕਾਮ ਸੇਵਾ ਕਰ ਰਹੇ ਹਨ ਤੇ ਬੱਚਿਆਂ ਨੂੰ ਇਸ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਸ. ਰਾਜਿੰਦਰ ਸਿੰਘ ਪੁਰੇਵਾਲ ਨੇ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਅਕੈਡਮੀ ਦੇ ਮੁੱਖ ਪ੍ਰਬੰਧਕ ਸ. ਸੁਰਜੀਤ ਸਿੰਘ ਸੇਵਕ ਨੇ ਸੰਤ ਭਗਵਾਨ ਸਿੰਘ ਜੀ, ਸ. ਰਜਿੰਦਰ ਸਿੰਘ ਪੁਰੇਵਾਲ, ਸ. ਪਰਮਿੰਦਰ ਪਾਲ ਸਿੰਘ ਖਾਲਸਾ ਤੇ ਸ. ਜਸਬੀਰ ਸਿੰਘ ਬਿੱਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਗੁਰਮੀਤ ਨਾਲ ਜੋੜਨ ਲਈ ਸਮੂਹ ਸਿੱਖ ਸੰਸਥਾਵਾਂ ਤੇ ਸੁਸਾਇਟੀਆਂ ਤੇ ਸਿੰਘ ਸਭਾਵਾਂ ਨੂੰ ਵੱਧ ਤੋਂ ਵੱਧ ਯਤਨ ਕਰਨੇ ਚਾਹੀਦਾ ਹਨ।





