ਜਲੰਧਰ (ਦਾ ਮਿਰਰ ਪੰਜਾਬ):- ਮਹਾਨ ਰਹਿਬਰ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦਾ 105ਵਾਂ ਜਨਮ ਦਿਹਾੜਾ ਪਿੰਡ ਜੈਤੇਵਾਲੀ ‘ਚ ਸਥਿਤ ਆਪ ਸਰਕਾਰ ਜੀ ਦੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਵਿਖੇ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੇ ਦੱਸਿਆ ਕਿ ਸਵੇਰੇ 10:30 ਵਜੇ ਸਮੂਹ ਸੰਗਤਾਂ ਪਿੰਡ ਦੇ ਗੇਟ ‘ਤੋਂ ਭੱਤਾ ( ਪਰੌਂਠੇ ) ਲੈ ਕੇ ਦਰਬਾਰ ਵਿਖੇ ਇਕੱਤਰ ਹੋਣ ਉਪਰੰਤ ਦਰਬਾਰ ਵਿਖੇ ਪਹੁੰਚੀਆਂ । ਇਸ ਦੌਰਾਨ ਸੰਗਤਾ ਵਲੋਂ ਮਹਾਂਪੁਰਖਾਂ ਦੀ ਵਡਿਆਈ ਦੇ ਗੀਤ ਗਾਉਂਦਿਆਂ ਸ਼ਬਦ ਕੀਰਤਨ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਉਪਰੰਤ ਆਪ ਸਰਕਾਰ ਜੀ ਦੇ ਜਨਮ ਦਿਵਸ ਦੇ ਸੰਬੰਧ ‘ਚ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ ਅਤੇ ਗੁਰੂ ਮਹਾਰਾਜ ਜੀ ਦੇ ਚਰਨਾਂ ‘ਚ ਸਮੂਹ ਸੰਗਤਾਂ ਦੀ ਤੰਦਰੁਸਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ।

ਗੱਲਬਾਤ ਕਰਦਿਆ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੇ ਦੱਸਿਆ ਕਿ ਮਹਾਂਪੁਰਖਾਂ ਦੇ ਜਨਮਦਿਨ ਦੀ ਖੁਸ਼ੀ ‘ਚ ਇਸ ਵਾਰ ” ਖੂਨਦਾਨ-ਮਹਾਂਦਾਨ ” ਦੇ ਸਮਾਜ ਲਈ ਮਹੱਤਵ ਨੂੰ ਵੇਖਦਿਆਂ ਹੋਇਆਂ ਦਰਬਾਰ ਪ੍ਰਬੰਧਨ ਵਲੋਂ ਪੈਰਾਮੈਡੀਕਲ ਸਟਾਫ ਵੈਲਫੇਅਰ ਐਸੋਸੀਏਸ਼ਨ ਜਲੰਧਰ ਦੇ ਜਨਰਲ ਸਕੱਤਰ ਸਾਈਮਨ ਵਿਲਸਨ, ਡਾ. ਕੇ.ਐਸ.ਜੀ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਅਤੇ ਸਿਵਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਦੂਜਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਨੌਜਵਾਨ ਸੇਵਾਦਾਰਾਂ ਵਲੋਂ ਉਤਸ਼ਾਹ ਨਾਲ ਹਿੱਸਾ ਲੈਂਦਿਆ 50 ਯੁਨਿਟ ਖੂਨ ਦਾਨ ਕੀਤਾ ਗਿਆ । ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਨੇ ਆਦਮਪੁਰ ਹਲਕਾ ਇੰਚਾਰਜ ਜੀਤ ਲਾਲ ਭੱਟੀ ਅਤੇ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ । ਇਸ ਦੌਰਾਨ ਗੱਲਬਾਤ ਕਰਦਿਆ ਉਨ੍ਹਾਂ ਮਹਾਂਪੁਰਖਾਂ ਦੇ ਜਨਮ ਦਿਹਾੜੇ ‘ਤੇ ਗੱਦੀਨਸ਼ੀਨ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਅਤੇ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਮਹਾਂਪੁਰਖਾਂ ਦੇ ਜਨਮਦਿਨ ਦੀ ਖੁਸ਼ੀ ‘ਚ ਦਰਬਾਰ ਪ੍ਰਬੰਧਨ ਵਲੋਂ ਖੂਨਦਾਨ ਕੈਂਪ ਦੇ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਖੂਨਦਾਨ ਜਿਹੇ ਮਹਾਦਾਨ ‘ਚ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ।
ਇਸ ਮੌਕੇ ਤੇ ਪਰਮਜੀਤ ਪਵਾਰ, ਹੀਰਾ ਸਿੰਘ, ਵਜੀਰਾ ਸਿੰਘ, ਗਿਆਨੀ ਗੁਰਵਿੰਦਰ ਸਿੰਘ , ਸਤਪਾਲ ਸਿੰਘ ਔਜਲਾ, ਹਰਜੀਤ ਸਿੰਘ ਢਿੱਲੋਂ, ਹੰਸ ਰਾਜ ਰਾਣਾ, ਅਮਰਜੀਤ ਕੁਮਾਰ ਜੀਤਾ, ਅਸ਼ੋਕ ਸ਼ਰਮਾ, ਹੰਸਰਾਜ ਰੰਧਾਵਾ, ਰਾਮ ਸਰੂਪ ਪਵਾਰ, ਜਤਿੰਦਰਪਾਲ ਪਵਾਰ, ਸਰਪੰਚ ਰਛਪਾਲ ਸਿੰਘ ਫੌਜੀ ਸਮੇਤ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦਿਆਂ ਮਹਾਂਪੁਰਖਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ।





