ਪੈਰਿਸ 2 ਅਕਤੂਬਰ (ਪੱਤਰ ਪ੍ਰੇਰਕ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਮੁਖੀ ਇਕਬਾਲ ਸਿੰਘ ਭੱਟੀ ਨੇ ਬਹੁਤ ਹੀ ਨਿਮਰਤਾ ਸਾਹਿਤ ਅਤੇ ਅਦਨੇ ਸਿੱਖ ਦੀ ਤਰਾਂ, ਸੁਆਲ ਕੀਤਾ ਹੈ, ਸਿਰਫ ਉਨ੍ਹਾਂ ਵਿਅਕਤੀਆਂ ਨੂੰ, ਜਿਨ੍ਹਾਂ ਨੇ , ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਦਿੱਤੇ ਆਦੇਸ਼ ਉੱਪਰ ਕਿੰਤੂ ਪ੍ਰੰਤੂ ਕੀਤਾ ਹੈ | ਕੀ?? ਅਸੀਂ ਸਿੰਘ ਸਾਹਿਬ ਜੀ ਨੂੰ ਇਤਨੇ ਕਮਜ਼ੋਰ ਸਮਝਦੇ ਹਾਂ ਕਿ ਉਹ ਕਿਸੇ ਰਾਜਨੀਤਿਕ ਵਿਅਕਤੀ ਦੇ ਆਖੇ ਲੱਗ ਕੇ, ਕਿਸੇ ਦੇ ਵਿਰੁੱਧ ਆਦੇਸ਼ ਜਾਰੀ ਕਰ ਦੇਣਗੇ, ਇਹ ਕਦੇ ਨਹੀਂ ਹੋ ਸੱਕਦਾ | ਵੈਸੇ ਇਹ ਸੋਚ ਸਿਰਫ ਉਨ੍ਹਾਂ ਵਿਅਕਤੀਆਂ ਦੀ ਹੀ ਹੋ ਸਕਦੀ ਹੈ, ਜਿਹੜੇ ਅਕਾਲੀ ਦਲ ਨੂੰ ਖ਼ਤਮ ਕਰਵਾ ਕੇ ਪੰਜਾਬ ਵਿੱਚ ਹੋਰਨਾਂ ਪਾਰਟੀਆਂ ਦਾ ਰਾਜ ਸਥਾਪਿਤ ਕਰਵਾਉਣਾ ਚਾਹੁੰਦੇ ਹਨ |
ਜ਼ੇਕਰ ਅਸੀਂ ਆਪਣੇ ਧਰਮ, ਬਾਣੀ ਅਤੇ ਬਾਣੇ ਤੇ ਨਿੱਛਟਾ ਰੱਖਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸੀਸ ਝੁਕਾਉਂਦੇ ਹਾਂ, ਤਾਂ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਉੱਪਰ ਸ਼ੱਕ ਪ੍ਰਗਟਾਉਣ ਦਾ ਵੀ ਹੱਕ ਨਹੀਂ ਬਣਦਾ | ਹੋਰਨਾਂ ਧਰਮਾਂ ਨੂੰ ਦੇਖੋ, ਉਹ ਕਦੇ ਵੀ ਆਪਣੇ ਇਛਟ ਜਾਂ ਧਰਮ ਦੇ ਮੋਢੀਆਂ ਉੱਪਰ ਸੁਆਲ ਨਹੀਂ ਕਰਦੇ, ਲੇਕਿਨ ਅਸੀਂ ਬਿਨਾਂ ਸੋਚੇ ਸਮਝੇ ਸਿੱਧਾ ਅਕਾਲ ਤਖਤ ਸਾਹਿਬ ਨੂੰ ਹੀ ਨਿਸ਼ਾਨੇ ਤੇ ਲੈ ਲੈਂਦੇ ਹਾਂ, ਇਹ ਨਹੀਂ ਹੋਣਾ ਚਾਹੀਦਾ |
ਬੰਦੀ ਸਿੰਘ ਅਸੀਂ ਨਹੀਂ ਛੁਡਾ ਸਕੇ, ਜਿਹੜੇ ਕਿ ਸਾਡੀ ਖਾਤਿਰ ਕੁਰਬਾਨੀਆਂ ਕਰਕੇ ਜੇਲ੍ਹਾਂ ਵਿੱਚ ਬੈਠੇ ਹਨ | ਦੂਜੇ ਪਾਸੇ, ਏਕਾ ਹੋਣ ਕਰਕੇ, ਰਾਮ ਰਹੀਮ ਹਰ ਤੀਜੇ ਦਿਨ ਪੈਰੋਲ ਤੇ ਬਾਹਰ ਆ ਜਾਂਦਾ ਹੈ | ਘਰ ਦੇ ਨਿਆਣੇ ਬੇਸ਼ੱਕ ਸਾਡੇ ਆਖੇ ਨਾਂ ਲੱਗਦੇ ਹੋਣ , ਜਾਂ ਫਿਰ ਉਹ ਸਾਡਾ ਕਹਿਣਾ ਨਾਂ ਮੰਨਦੇ ਹੋਣ, ਲੇਕਿਨ ਸੁਆਲ ਅਸੀਂ ਸਿੱਧਾ ਜਥੇਦਾਰ ਸਾਹਿਬ ਜੀ ਨੂੰ ਕਰਨਾ ਹੁੰਦਾ ਹੈ | ਹੁਣ ਜ਼ੇਕਰ ਕੋਈ ਆਦੇਸ਼ ਜਾਰੀ ਹੋਇਆ ਹੈ ਤਾਂ ਉਸਦਾ ਜੁਆਬ ਸਬੰਧਿਤ ਵਿਅਕਤੀ ਆਪੇ ਦੇ ਦੇਣਗੇ | ਥੋੜਾ ਇੰਤਜਾਰ ਤਾਂ ਕਰੀਏ | ਹੌਸਲਾ ਰੱਖੇ, vਜਥੇਦਾਰ ਸਾਹਿਬ ਬਿਨਾਂ ਕਸੂਰ ਤੋਂ ਕਿਸੇ ਨੂੰ ਧਾਰਮਿਕ ਸਜ਼ਾ ਨਹੀਂ ਸੁਣਾਉਣ ਲੱਗੇ, ਕਿਉਂਕਿ ਉਹ ਸਾਡੇ ਸਭਨਾਂ ਦੇ ਸਤਿਕਾਰਿਤ ਸਿੰਘ ਸਾਹਿਬ ਜੀ ਹਨ | ਦੂਸਰਾ ਜਿਸ ਪਦਵੀ ਤੇ ਉਹ ਬੈਠੇ ਹਨ, ਉਸ ਪਦਵੀ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਸਾਂਝਾ ਫਰਜ ਬਣਦਾ ਹੈ, ਨਾਂ ਕਿ ਵਕਤ ਤੋਂ ਪਹਿਲਾਂ ਕੋਈ ਸੁਆਲ ਕਰਨਾ |
ਵੈਸੇ ਇਹ ਸਾਰਾ ਕੀਤਾ ਕਰਾਇਆ, ਸਾਡਾ ਆਪਣਾਂ ਹੀ ਹੈ, ਇਕੱਲੇ ਸੁਖਬੀਰ ਬਾਦਲ ਨੂੰ ਨੀਵਾਂ ਦਿਖਾਉਣ ਅਤੇ ਸਿਆਸਤ ਤੋਂ ਲਾਂਭੇ ਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕਰਨ ਵਾਲੇ ਵੀ ਸਾਡੇ ਆਪਣੇ ਹੀ ਵੀਰ ਸਨ, ਤੇ ਜੱਦ ਹੁਣ, ਉਸ ਕੇਸ ਦੀ ਫਰੋਲਾ ਫਰਾਲੀ ਕਰਦੇ ਵਕਤ, ਸਿੰਘ ਸਾਹਿਬ ਨੂੰ, ਕੁੱਝ ਹੋਰ ਰਾਜਨੀਤੀਵਾਨ ਵੀ, ਸ਼ੱਕੀ ਦਿਖਾਈ ਦਿੱਤੇ, ਤਾਂ ਉਨ੍ਹਾਂ ਨੇ ਸੋਲਾਂ ਹੋਰ ਰਾਜਨੀਤਿਕ ਲੀਡਰਾਂ ਨੂੰ ਵੀ, (ਅਕਾਲੀ ਸੁਧਾਰ ਲਹਿਰ ਵਾਲਿਆਂ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਖਰੜੇ ਨੂੰ ਪੜ ਕੇ ) ਥੋੜੇ ਬਹੁਤ ਦੋਸ਼ੀ ਗਰਦਾਨ ਦਿੱਤਾ ਹੈ, ਤਾਂ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਕਿੱਥੋਂ ਆਂ ਗਿਆ | ਇਸ ਗੱਲ ਅਤੇ ਨੁਕਤੇ ਦੀ ਸਾਨੂੰ ਸਮਝ ਹੋਣੀ ਚਾਹੀਦੀ ਹੈ |
ਪਹਿਲਾਂ ਹੀ ਸੁਖਬੀਰ ਬਾਦਲ ਨੂੰ ਫਸਾਉਂਦੇ ਫਸਾਉਂਦੇ ਸੋਲਾਂ ਫਸ ਚੁੱਕੇ ਹਨ ਅਤੇ ਜ਼ੇਕਰ ਕੱਲ ਨੂੰ, ਆਹ, ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦੇ ਆਦੇਸ਼ ਉੱਪਰ ਉਂਗਲਾਂ ਚੁੱਕ ਰਹੇ ਹਨ, ਤਾਂ ਹੋ ਸੱਕਦਾ ਹੈ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਣ ਮਰਿਯਾਦਾ ਕਾਇਮ ਰੱਖਣ ਵਾਸਤੇ ਇਨ੍ਹਾਂ ਵਿੱਚੋਂ ਵੀ ਕਿਸੇ ਨੂੰ ਆਦੇਸ਼ ਜਾਰੀ ਹੋ ਜਾਵੇ ਤਾਂ, ਕੋਈ ਅਤਕਥਨੀ ਨਹੀਂ ਹੋਵੇਗੀ | ਫਿਰ ਇਹ ਕਹਿਣਗੇ ਕਿ ਜਥੇਦਾਰ ਸਾਹਿਬ ਰਾਜਨੀਤਿਕ ਪਾਰਟੀ ਦੀ ਤਰਫਦਾਰੀ ਕਰ ਰਹੇ ਹਨ | ਮੈਂ ਆਪਣੀ ਸੋਚ, ਜਿਹੜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੈ, ਦੇ ਮੁਤਾਬਿਕ ਲਿਖਿਆ ਹੈ, ਕਿਸੇ ਹੋਰ ਦੀ ਸੋਚ ਮੁਤਾਬਿਕ ਨਹੀਂ ਲਿਖਿਆ, ਅਗਰ ਕਿਸੇ ਦੇ ਦਿੱਲ ਨੂੰ ਮੇਰੀ ਇਸ ਲਿਖਾਵਟ ਨਾਲ ਠੇਸ ਪਹੁੰਚੀ ਹੋਵੇ ਤਾਂ ਖਿਮਾਂ ਦਾ ਜਾਚਕ ਹਾਂ |