ਸੀਚੇਵਾਲ, 22 ਮਈ ( ਰਜੀਵ ਕੁਮਾਰ ਬੱਬੂ )- ਨਿਰਮਲ ਕੁਟੀਆ ਸੀਚੇਵਾਲ ਵਿਖੇ ਸੰਤ ਅਵਤਾਰ ਸਿੰਘ ਜੀ ਦੀ 38ਵੀਂ ਸਲਾਨਾ ਬਰਸੀ 28 ਮਈ ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੱਕ ਓਅੰਕਾਰ ਚੈਰੀਟੇਬਲ ਟਰਸਟ ਨਿਰਮਲ ਕੁਟੀਆ ਸੀਚੇਵਾਲ ਦੇ ਵਿੱਤ ਸਕੱਤਰ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਨੇ ਦੱਸਿਆ ਕਿ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਰਹਿਨੁਮਾਈ ਹੇਠ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 38ਵੀਂ ਸਲਾਨਾ ਬਰਸੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧ ਵਿੱਚ ਨਿਰਮਲ ਕੁਟਿਆ ਸੀਚੇਵਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਆਰੰਭ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ 26 ਮਈ ਦਿਨ ਮੰਗਲਵਾਰ ਨੂੰ ਸਵੇਰੇ 9 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 27 ਮਈ ਬੁਧਵਾਰ ਨੂੰ ਸਵੇਰੇ 9 ਤੋਂ 12 ਵਜੇ ਤੱਕ ਢਾਡੀ ਦਰਬਾਰ ਅਤੇ 12 ਤੋਂ 2 ਵਜੇ ਤੱਕ ਕਵੀ ਦਰਬਾਰ ਕਰਵਾਇਆ ਜਾਵੇਗਾ। 28 ਮਈ ਦਿਨ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਢਾਡੀ ਰਾਗੀ ਕੀਰਤਨੀ ਅਤੇ ਕਵੀਸ਼ਰੀ ਜਥਿਆਂ ਤੋਂ ਇਲਾਵਾ ਸੰਤ ਮਹਾਂਪੁਰਸ਼ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸਮਾਗਮ ਦੇ ਸਾਰੇ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਉਨਾਂ ਦੱਸਿਆ ਕਿ ਮੁੱਖ ਸਮਾਗਮ ਉਪਰੰਤ ਮਹਾਂਪੁਰਸ਼ਾਂ ਦੀ ਯਾਦ ਵਿੱਚ ਇੱਕ ਵਿਸ਼ਾਲ ਖੇਡ ਮੇਲਾ ਕਰਵਾਇਆ ਜਾਵੇਗਾ, ਜਿਸ ਵਿੱਚ 30 ਤੇ 31 ਮਈ ਨੂੰ ਹਾਕੀ ਦੇ ਸੀਨੀਅਰ ਤੇ ਜੂਨੀਅਰ ਮੁਕਾਬਲੇ ਕਰਵਾਏ ਜਾਣਗੇ ਅਤੇ ਸ਼ਾਮ ਨੂੰ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ। 1 ਜੂਨ ਨੂੰ ਸੰਤ ਅਵਤਾਰ ਸਿੰਘ ਯਾਦਗਾਰੀ ਸਟੇਡੀਅਮ ਵਿੱਚ ਕੁਸ਼ਤੀ ਦੇ ਮੁਕਾਬਲੇ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਇਸੇ ਤਰ੍ਹਾਂ ਹੀ 2 ਤੇ 3 ਜੂਨ ਨੂੰ ਕਬੱਡੀ, ਵਾਲੀਬਾਲ ਅਤੇ ਅਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਣਗੇ। ਅੰਤ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪ੍ਰਬੰਧਕ ਕਮੇਟੀ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ।





