ਪੈਰਿਸ 6 ਅਕਤੂਬਰ (ਭੱਟੀ ਫਰਾਂਸ ) ਸ਼੍ਰੋਮਣੀ ਅਕਾਲੀ ਦਲ ਇਟਲੀ ਯੂਨਿਟ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ, ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ, ਜਨਰਲ ਸਕੱਤਰ ਜਗਜੀਤ ਸਿੰਘ ਫ਼ਤਿਹਗੜ੍ਹ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਬੋਦਲ ਆਦਿ ਨੇ ਪੰਜਾਬ ਭਰ ‘ਚ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜਰ ਬੇਨਤੀ ਕਰਦੇ ਹੋਏ ਸਾਂਝੇ ਤੌਰ ਤੇ ਕਿਹਾ ਕਿ, ਜਿਹੋ ਜਿਹੇ ਰਾਜਨੀਤਿਕ ਹਾਲਾਤ ਇਸ ਵੇਲੇ ਪਿੰਡਾਂ ਵਿੱਚ ਧੜੇਬੰਦੀਆਂ ਨੂੰ ਲੈ ਕੇ ਚੱਲ ਰਹੇ ਹਨ, ਤੇ ਅਸੀਂ ਚਿੰਤਾ ਪ੍ਰਗਟ ਕਰਦੇ ਹਾਂ | ਉਨ੍ਹਾਂ ਨੇ ਕਿਹਾ ਕਿ ਵੈਸੇ ਤਾਂ ਅਸੀਂ ਸਾਰਿਆਂ ਨੇ ਆਪਣੇ ਲੇਵਲ ਤੇ ਆਪੋ ਆਪਣੇ ਪਿੰਡਾਂ ਨੂੰ ਸੁਨੇਹੇ ਵੀ ਭੇਜੇ ਹਨ ਕਿ ਵੋਟਾਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਾਉ ਅਤੇ ਨੇਕਨੀਅਤੀ ਵਾਲੇ ਪੰਚ ਅਤੇ ਸਰਪੰਚ ਚੁਣੋ | ਅੱਜ ਵੀ ਇਸ ਖ਼ਬਰ ਰਾਹੀਂ ਸਪਸ਼ਟ ਕਰਦੇ ਹਾਂ ਕਿਉਂਕਿ ਇਹ ਮਸਲਾ ਹਰੇਕ ਪਿੰਡ ਦਾ ਹੈ ਅਤੇ ਸਾਡੀ ਬੇਨਤੀ ਵੀ ਪੰਜਾਬ ਦੇ ਹਰੇਕ ਪਿੰਡ ਦੇ ਭਾਈ ਭੈਣ ਨੂੰ ਹੈ | ਸਾਡੇ ਪਿੰਡਾਂ ਦੇ ਸੂਝਵਾਨ ਬਜ਼ੁਰਗੋ, ਮਾਤਾਵੋ, ਭੈਣੋ, ਭਰਾਵੋ, ਦੋਸਤੋ ਅਤੇ ਨੌਜਵਾਨੋ, ਆਪ ਸਭ ਨੂੰ ਸਾਡੇ ਸਾਰਿਆਂ ਵੱਲੋਂ ) ਦੋਵੇ ਹੱਥ ਜੋੜ ਕੇ ਬੇਨਤੀ ਹੈ, ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਅਖਾੜਾ ਭੱਖਣ ਲੱਗ ਪਿਆ ਹੈ। ਸਰਪੰਚੀ ਅਤੇ ਪੰਚਾਂ ਦੀਆਂ ਚੋਣਾਂ ਜੀ ਸਦਕੇ ਲੜੋ – ਅਤੇ ਨਾਲ ਹੀ ਇੱਕ ਗੱਲ ਕਦੇ ਵੀ ਨਾ ਭੁੱਲਿਓ ਕਿ ਸਰਪੰਚੀ ਦੀਆਂ ਵੋਟਾਂ ਤਾਂ ਹਰ 5 ਸਾਲਾਂ ਬਾਅਦ ਆਉਂਦੀਆਂ ਹੀ ਰਹਿਣਗੀਆਂ। ਪਰ ਜੇ ਕਰ ਤੁਸੀ ਆਪਸੀ ਭਾਈਚਾਰਕ ਸੰਬੰਧ ਖਰਾਬ ਕਰ ਲਏ ਅਤੇ ਸਾਂਝਾਂ ਵਿੱਚ ਕੁੜੱਤਣ ਭਰ ਲਈ ਜਾ ਆਪਸ ਵਿੱਚ ਦੁਸ਼ਮਣੀਆਂ ਪਾ ਲਈਆਂ ਤਾਂ ਉਹਨਾ ਨੂੰ ਮੁੜ ਠੀਕ ਕਰਨ ਲਈ ਅਤੇ ਸੁਧਾਰਨ ਲਈ ਕਈ ਬਾਰ ਕਈ- ਕਈ ਪੁਸ਼ਤਾਂ ਲਗ ਜਾਂਦੀਆਂ ਹਨ। ਇਸ ਲਈ ਪਿੰਡ ਦੀ ਪਰਿਵਾਰਕ ਅਤੇ ਭਾਈਚਾਰਕ ਸਾਂਝ ਕਿਸੇ ਵੀ ਕੀਮਤ ਉੱਪਰ ਟੁੱਟਣ ਨਾ ਦਿਉ, ਇਸ ਨੂੰ ਬਣਾਈ ਰੱਖਿਓ । ਕਿਉ ਕਿ ਰਾਤ-ਵਰਾਤੇ ,ਦੁੱਖ – ਤਕਲੀਫ ਵੇਲੇ ਤੁਸੀ ਪਿੰਡ ਵਾਲਿਆਂ ਨੇ ਹੀ ਇਕ ਦੁਜੇ ਦੇ ਕੰਮ ਆਉਣਾ ਹੈ। ਉਸ ਵੇਲੇ ਨਾ ਕਿਸੇ ਸਰਕਾਰ ਨੇ ਅਤੇ ਨਾ ਹੀ ਕਿਸੇ ਬਾਹਰਲੇ ਨੇ ਤੁਹਾਡੇ ਇੱਕ- ਦੁਜੇ ਦੇ ਦੁੱਖ ਵਿਚ ਸਹਾਈ ਹੋਣਾ ਹੈ। ਇਸ ਲਈ ਆਪ ਸਭ ਨੂੰ ਸਾਡੀ ਬੇਨਤੀ ਹੈ ਕਿ ਤੁਸੀਂ ਆਪੋ ਆਪਣੀ ਵੋਟਾਂ ਇਨਸਾਨੀਅਤ ਦੇ ਭਲੇ ਅਤੇ ਪਿੰਡਾਂ ਦੇ ਵਿਕਾਸ ਵਾਸਤੇ ਪਾਉਗੇ ਅਤੇ ਰਾਜਨੀਤੀ ਦੇ ਸ਼ਿਕਾਰ ਨਹੀਂ ਬਣੋਗੇ | ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰਕੇ ਇਸ ਤੇ ਜਰੂਰ ਅਮਲ ਕਰੋਗੇ | ਤੁਹਾਡੇ ਸਾਰਿਆਂ ਦੇ ਸ਼ੁਭਚਿੰਤਕ ਐੱਨ. ਆਰ. ਵੀਰ ਸ਼੍ਰੋਮਣੀ ਅਕਾਲੀ ਦਲ ਇਟਲੀ |





