*ਬਲਾਕ ਦੀਆਂ ਅੱਠ ਸੁਸਾਈਟੀਆਂ ਦਾ ਕਰਜ਼ ਮੁਆਫ਼ ਨਾ ਹੋਣ ’ਤੇ ਕਰਜ਼ਧਾਰੀਆਂ ‘ਚ ਰੋਸ*

Uncategorized
Spread the love

ਤਲਵਾਡ਼ਾ, 10 ਸਤੰਬਰ (ਦਾ ਮਿਰਰ ਪੰਜਾਬ)-ਪੰਜਾਬ ਸਰਕਾਰ ਵੱਲੋਂ ਸੁਸਾਈਟੀਆਂ ਦੇ ਕਰਜ਼ ਮਾਫ਼ ਕਰਨ ਦੇ ਦਾਅਵੇ ਨੂੰ ਆਮ ਆਦਮੀ ਪਾਰਟੀ ਨੇ ਸਿਆਸੀ ਢਕਵੰਜ ਦੱਸਿਆ ਹੈ। ਇੱਥੇ ਦੌਲਤਪੁਰ ਰੋਡ ’ਤੇ ਸਥਿਤ ਮੁੱਹਲਾ ਦੌਸਡ਼ਕਾ ‘ਚ ਪੈਂਦੇ ‘ਆਪ’ ਦੇ ਦਫ਼ਤਰ ‘ਚ ਮੀਟਿੰਗ ਦੌਰਾਨ ਬਲਾਕ ਪ੍ਰਧਾਨ ਸ਼ੰਭੂ ਦੱਤ ਨੇ ਕਿਹਾ ਕਿ ਬਲਾਕ ਤਲਵਾਡ਼ਾ ਅਧੀਨ ਆਉਂਦੀਆਂ ਅੱਠ ਸੁਸਾਈਟੀਆਂ ਦੇ ਕਰਜ਼ੇ ਮੁਆਫ਼ ਨਾ ਕਰਕੇ ਪੰਜਾਬ ਸਰਕਾਰ ਨੇ ਕੰਢੀ ਇਲਾਕੇ ਦੇ ਗਰੀਬ ਕਿਸਾਨਾਂ ਨਾਲ ਧ੍ਰੋਹ ਕੀਤਾ ਹੈ। ਪਿੰਡ ਰਜਵਾਲ, ਧਰਮਪੁਰ, ਪੱਲੀ, ਭੰਬੋਤਾਡ਼, ਭੌਲ, ਭਟੇਡ਼, ਅਮਰੋਹ, ਕਰਟੋਲੀ ਆਦਿ ਸੁਸਾਟੀਟੀਆਂ ਦੇ ਕਰੀਬ 2043 ਦੇ ਕਰੀਬ ਗਰੀਬ ਕਿਸਾਨਾਂ ਨੂੰ ਸਰਕਾਰ ਦੀ ਕਰਜ਼ਾ ਮੁਆਫ਼ੀ ਦਾ ਲਾਭ ਨਹੀਂ ਮਿਲਿਆ ਹੈ। ਜਿੰਨ੍ਹਾਂ ਦੇ ਸਿਰ ’ਤੇ ਵਿਆਜ਼ ਸਮੇਤ ਸਾਢੇ ਚਾਰ ਕਰੋਡ਼ ਰੁਪਏ ਦੇ ਕਰੀਬ ਸਰਕਾਰੀ ਕਰਜ਼ਾ ਹੈ। ਇਸ ਮੌਕੇ ਮੌਜ਼ੂਦ ਵਿਜੈ ਕੁਮਾਰ, ਲੇਖਰਾਜ, ਸੰਸਾਰ ਚੰਦ, ਜੋਗਿੰਦਰ ਸਿੰਘ, ਕਮਲਦੀਨ, ਕਮਲੇਸ਼ ਕੁਮਾਰੀ, ਜਸਵੀਰ ਕੌਰ, ਸੰਤੋਸ਼ ਕੁਮਾਰੀ, ਸੋਮਾ ਦੇਵੀ ਆਦਿ ਕਰਜ਼ਾਧਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਰਜ਼ਾ ਮੁਆਫ਼ੀ ਲਈ ਫਾਰਮ ਵੀ ਭਰੇ ਸਨ, ਪਰ ਕਰਜ਼ਾ ਰਾਹਤ ਯੋਜਨਾ ‘ਚ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ, ਕਰੋਨਾ ਮਹਾਂਮਾਰੀ ਕਾਰਨ ਕੰਮ ਧੰਦੇ ਪਹਿਲਾਂ ਹੀ ਠੱਪ ਪਏ ਹੋਏ ਹਨ, ਅੱਤ ਦੀ ਮਹਿੰਗਾਈ ਵਿੱਚ ਘਰ ਚਲਾਉਣਾ ਔਖਾ ਪਿਆ ਹੋਇਆ ਹੈ। ਉਨ੍ਹਾਂ ਲਈ ਕਰਜ਼ਾ ਚੁਕਾਉਣਾ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਹੈ। ਕਰਜ਼ ਰਾਹਤ ਲਈ ਉਨ੍ਹਾਂ ਹਲ਼ਕਾ ਵਿਧਾਇਕ ਕੋਲ਼ ਵੀ ਆਪਣੇ ਦੁੱਖਡ਼ੇ ਰੋਏ ਸਨ, ਪਰ ਕੋਈ ਹੱਲ ਨਹੀਂ ਨਿਕਲਿਆ। ਉਧਰ ਆਮ ਆਦਮੀ ਪਾਰਟੀ ਨੇ ਕਰਜ਼ ਪੀਡ਼੍ਹਤ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਹੈ, ‘ਆਪ’ ਦੇ ਬਲਾਕ ਪ੍ਰਧਾਨ ਸ਼ੰਭੂ ਦੱਤ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਕੰਢੀ ਖ਼ੇਤਰ ਦੇ ਗਰੀਬ ਕਿਸਾਨਾਂ ਦਾ ਕਰਜ਼ਾ ਮੁਆਫ਼ ਨਾ ਕਰਨ ’ਤੇ ਸੰਘਰਸ਼ ਨੂੰ ਤੇਜ਼ ਕਰਨ ਦੀ ਚੇਤਾਵਨੀ ਦਿੱਤੀ।
ਏਆਰਓ ਲਲਿਤ ਮੋਹਨ ਸ਼ਰਮਾ ਨੇ ਦੱਸਿਆ ਕਿ ਕਰਜ਼ਾ ਰਾਹਤ ਯੋਜਨਾ ਦਾ ਲਾਭ ਨਾ ਮਿਲਣ ਵਾਲੀਆਂ ਸੁਸਾਈਟੀਆਂ ਦੀ ਗਿਣਤੀ ਅੱਠ ਦੀ ਬਜਾਇ ਨੌ ਹੈ। ਇਹ ਸੁਸਾਈਟੀਆਂ ਲੋਕਾਂ ਵੱਲੋਂ ਨਿੱਜੀ ਤੌਰਤੇ ਬਣਾਈਆਂ ਗਈਆਂ ਹਨ, ਇਨ੍ਹਾਂ ਸੁਸਾਈਟੀਆਂ ਤੋਂ ਲੋਕਾਂ ਨੇ ਕਰਜ਼ਾ ਔਨ ਫੰਡ (ਆਪਣੇ ਫੰਡਾਂ) ’ਤੇ ਹੀ ਲਿਆ ਗਿਆ ਹੈ। ਅਜਿਹੀਆਂ ਸੁਸਾਈਟੀਆਂ ਦੇ ਕਰਜ਼ੇ ਸਰਕਾਰ ਵੱਲੋਂ ਪੂਰੇ ਪੰਜਾਬ ‘ਚ ਹੀ ਮੁਆਫ਼ ਨਹੀਂ ਕੀਤੇ ਗਏ। ਹਾਲਾਂਕਿ ਵਿਭਾਗ ਵੱਲੋਂ ਉਕਤ ਸੁਸਾਈਟੀਆਂ ਦੇ ਕਰਜ਼ੇ ਮੁਆਫ਼ੀ ਲਈ ਸਿਫ਼ਾਰਸ਼ ਕੀਤੀ ਗਈ ਹੈ।

Leave a Reply

Your email address will not be published. Required fields are marked *